Latest News
ਪਨਾਹ ਦੇ ਨਾਂਅ 'ਤੇ ਗੁਨਾਹ

Published on 29 Oct, 2019 11:13 AM.


ਕੁਝ ਸਮਾਂ ਪਹਿਲਾਂ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (ਟਿਸ) ਰਾਹੀਂ ਕੀਤੀ ਗਈ ਇੱਕ ਸਮਾਜਿਕ ਪੜਤਾਲ ਤੋਂ ਬਾਅਦ ਬਿਹਾਰ ਦੇ ਮੁਜ਼ੱਫਰਪੁਰ ਦੇ ਇੱਕ ਬਾਲਿਕਾ ਗ੍ਰਹਿ ਵਿੱਚ ਸਾਲਾਂ ਤੋਂ ਚਲੇ ਆਉਂਦੇ ਬੱਚੀਆਂ ਦੇ ਸ਼ੋਸ਼ਣ ਦੇ ਕੁਕਰਮਾਂ ਦਾ ਖੁਲਾਸਾ ਹੋਇਆ ਸੀ। ਉਸ ਸਮੇਂ ਸਾਹਮਣੇ ਆਇਆ ਸੀ ਕਿ 42 ਬੱਚੀਆਂ ਵਿੱਚੋਂ 34 ਨਾਲ ਬਲਾਤਕਾਰ ਕੀਤਾ ਗਿਆ। ਬਲਾਤਕਾਰ ਦੀਆਂ ਸ਼ਿਕਾਰ ਬੱਚੀਆਂ ਦੀ ਉਮਰ 7 ਤੋਂ 13 ਸਾਲ ਦੇ ਦਰਮਿਆਨ ਸੀ। ਇਹ ਵੀ ਖੁਲਾਸਾ ਹੋਇਆ ਸੀ ਕਿ ਕੁਝ ਬੱਚੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਚੋਰੀ-ਛਿਪੇ ਦਫ਼ਨਾ ਦਿੱਤਾ ਗਿਆ ਸੀ। ਬਾਲਿਕਾ ਗ੍ਰਹਿ ਦੇ ਸੰਚਾਲਕ ਇਸ ਸਮੇਂ ਜੇਲ੍ਹ ਵਿੱਚ ਹਨ।
ਹੁਣ ਅਜਿਹਾ ਹੀ ਮਾਮਲਾ ਦਿੱਲੀ ਵਿੱਚ ਚੱਲਣ ਵਾਲੇ ਬਾਲਿਕਾ ਆਸ਼ਰਮਾਂ ਦਾ ਸਾਹਮਣੇ ਆਇਆ ਹੈ। ਇੱਕ ਅਖ਼ਬਾਰੀ ਖ਼ਬਰ ਮੁਤਾਬਕ ਦਿੱਲੀ ਸਰਕਾਰ ਤੇ ਦਿੱਲੀ ਮਹਿਲਾ ਕਮਿਸ਼ਨ ਦੇ ਕਹਿਣ ਉੱਤੇ 'ਟਿਸ' ਦੀ ਇੱਕ ਟੀਮ ਵੱਲੋਂ ਦਿੱਲੀ ਦੇ 14 ਆਸ਼ਰਮਾਂ ਦੀ ਪੜਤਾਲ ਕੀਤੀ ਗਈ ਹੈ। ਟੀਮ ਵੱਲੋਂ ਤਿਆਰ ਕੀਤੀ 143 ਸਫੇ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਸ਼ੈਲਟਰ ਹੋਮਜ਼ ਦੇ ਓਹਲੇ ਵਿੱਚ ਬੱਚੀਆਂ ਦੀ ਜਿਨਸੀ ਲੁੱਟ ਕੀਤੀ ਜਾਂਦੀ ਹੈ।
ਰਿਪੋਰਟ ਮੁਤਾਬਕ ਆਸ਼ਰਮਾਂ ਵਿੱਚ ਰਹਿਣ ਵਾਲੀਆਂ ਲੜਕੀਆਂ ਦੇ ਅੰਦਰੂਨੀ ਅੰਗਾਂ ਵਿੱਚ ਮਿਰਚਾਂ ਪਾਉਣ, ਸਰੀਰ ਉੱਤੇ ਉਬਲਦਾ ਪਾਣੀ ਪਾਉਣ ਤੇ ਭੁੱਖੀਆਂ ਰੱਖਣ ਦੇ ਗੰਭੀਰ ਮਾਮਲੇ ਸਾਹਮਣੇ ਆਏ ਹਨ। ਦੱਖਣ-ਪੱਛਮੀ ਦਿੱਲੀ ਵਿੱਚ ਸਥਿਤ ਇੱਕ ਸ਼ੈਲਟਰ ਹੋਮ, ਜਿਥੇ ਬੇਸਹਾਰਾ ਤੇ ਮਾਨਵ ਤਸਕਰੀ ਦੀਆਂ ਸ਼ਿਕਾਰ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਰੱਖਿਆ ਜਾਂਦਾ ਹੈ, ਵਿੱਚ ਰਹਿ ਰਹੀ ਇੱਕ ਪੀੜਤਾ ਨੇ ਦੱਸਿਆ ਕਿ ਕਈ ਵਾਰ ਕੱਪੜੇ ਲੁਹਾ ਕੇ ਉਸ ਦੇ ਅੰਦਰੂਨੀ ਅੰਗ ਵਿੱਚ ਮਿਰਚਾਂ ਪਾਈਆਂ ਗਈਆਂ। ਇੱਕ ਹੋਰ ਪੀੜਤਾ ਨੇ ਦੱਸਿਆ ਕਿ ਉਸ ਦੇ ਸਰੀਰ ਉੱਤੇ ਉਬਲਦਾ ਪਾਣੀ ਪਾਇਆ ਗਿਆ। ਇਹ ਸਾਰਾ ਕੁਝ ਡਾਇਨਿੰਗ ਹਾਲ ਵਿੱਚ ਸਭ ਲੜਕੀਆਂ ਦੇ ਸਾਹਮਣੇ ਕੀਤਾ ਗਿਆ, ਤਾਂ ਜੋ ਦੂਜੀਆਂ ਲੜਕੀਆਂ ਡਰ ਕਾਰਨ ਕਿਸੇ ਹੋਰ ਕੋਲ ਗੱਲ ਨਾ ਕਰਨ। ਇੱਕ ਹੋਰ ਸ਼ੈਲਟਰ ਹੋਮ ਵਿੱਚ ਰਹਿ ਰਹੀ ਲੜਕੀ ਨੇ ਦੱਸਿਆ ਕਿ ਬੈੱਡ ਉੱਤੇ ਪਿਸ਼ਾਬ ਨਿਕਲ ਜਾਣ ਕਾਰਣ ਉਸ ਨੂੰ ਵੀ ਅਜਿਹੀ ਹੀ ਸਜ਼ਾ ਦਿੱਤੀ ਗਈ। ਉਤਰ-ਪੂਰਬੀ ਦਿੱਲੀ ਦੇ ਇੱਕ ਸ਼ੈਲਟਰ ਹੋਮ ਵਿੱਚ 60 ਲੜਕੀਆਂ ਦੇ ਨਹਾਉਣ ਲਈ ਸਿਰਫ਼ ਦੋ ਬਾਲਟੀਆਂ ਹਨ, ਜਿਸ ਕਾਰਨ ਲੜਕੀਆਂ ਨੂੰ ਖੁੱਲ੍ਹੇ ਵਿੱਚ ਨਹਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉੱਤਰ-ਪੱਛਮੀ ਦਿੱਲੀ ਵਿੱਚ ਮਾਨਸਿਕ ਤੌਰ ਉੱਤੇ ਕਮਜ਼ੋਰ ਔਰਤਾਂ ਲਈ ਚਲਾਏ ਜਾਂਦੇ ਇੱਕ ਸ਼ੈਲਟਰ ਹੋਮ ਵਿੱਚ ਗੱਲ ਨਾ ਮੰਨਣ ਦੀ ਸਜ਼ਾ ਵਜੋਂ ਉਨ੍ਹਾਂ ਨਾਲ ਕੁੱਟਮਾਰ ਤੇ ਭੁੱਖੇ ਰੱਖਣ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਿਨਸੀ ਜ਼ਿਆਦਤੀਆਂ ਤੇ ਜਿਸਮਾਨੀ ਤਸੀਹੇ ਦੇਣ ਦੇ ਸਭ ਤੋਂ ਵੱਧ ਮਾਮਲੇ ਉਨ੍ਹਾਂ ਸ਼ੈਲਟਰ ਹੋਮਾਂ ਦੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਕੋਈ ਵਿਅਕਤੀ ਜਾਂ ਗੈਰ-ਸਰਕਾਰੀ ਸੰਸਥਾਵਾਂ ਚਲਾਉਂਦੀਆਂ ਹਨ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਿਸਜ਼ ਦੀ ਟੀਮ ਵੱਲੋਂ ਤਿਆਰ ਰਿਪੋਰਟ ਦਿੱਲੀ ਸਰਕਾਰ ਤੇ ਦਿੱਲੀ ਮਹਿਲਾ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਹੈ। ਦਿੱਲੀ ਸਰਕਾਰ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਇਸ ਰਿਪੋਰਟ 'ਤੇ ਚਰਚਾ ਕੀਤੀ ਗਈ ਤੇ ਇਸ ਮਾਮਲੇ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਇੱਕ ਅਧਿਕਾਰੀ ਮੁਤਾਬਕ ਸਾਹਮਣੇ ਆਈਆਂ ਸ਼ਿਕਾਇਤਾਂ ਸੰਬੰਧੀ ਪੁਲਸ ਕੋਲ ਮਾਮਲੇ ਦਰਜ ਕਰਾ ਕੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ ਅਤੇ ਗੰਭੀਰ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਮੁਜ਼ੱਫ਼ਰਪੁਰ ਤੋਂ ਬਾਅਦ ਦਿੱਲੀ ਦੇ ਸ਼ੈਲਟਰ ਹੋਮਾਂ ਦੀ ਅਸਲੀਅਤ ਦੇ ਸਾਹਮਣੇ ਆਉਣ ਨਾਲ ਸਾਡੀ ਇਹ ਧਾਰਨਾ ਪੱਕੀ ਹੋ ਗਈ ਹੈ ਕਿ ਸਮਾਜ ਸੇਵਾ ਦੇ ਨਾਂਅ 'ਤੇ ਗੈਰ-ਸਰਕਾਰੀ ਸੰਸਥਾਵਾਂ ਬਣਾ ਕੇ ਖੋਲ੍ਹੇ ਜਾਂਦੇ ਅਜਿਹੇ ਸ਼ੈਲਟਰ ਹੋਮ ਅਸਲ ਵਿੱਚ ਦੁਕਾਨਾਂ ਹਨ। ਅਜਿਹੀਆਂ ਸੰਸਥਾਵਾਂ ਦੇ ਬਹੁਤੇ ਸੰਚਾਲਕ ਸਿਆਸੀ ਧਿਰਾਂ ਦੀ ਸਰਪ੍ਰਸਤੀ ਹੇਠ ਇਹ ਦੁਕਾਨਾਂ ਚਲਾ ਰਹੇ ਹਨ। ਉਹ ਸਿਰਫ਼ ਔਰਤਾਂ ਦਾ ਜਿਨਸੀ ਸ਼ੋਸ਼ਣ ਹੀ ਨਹੀਂ ਕਰਦੇ, ਲੱਖਾਂ ਰੁਪਿਆਂ ਦੀਆਂ ਸਰਕਾਰੀ ਗ੍ਰਾਂਟਾਂ ਹਾਸਲ ਕਰਕੇ ਐਸ਼ਪ੍ਰਸਤੀ ਵੀ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਦੇਸ਼ ਭਰ ਵਿੱਚ ਖੁੱਲ੍ਹੇ ਅਜਿਹੇ ਹਜ਼ਾਰਾਂ ਦੀ ਗਿਣਤੀ ਵਿੱਚ ਆਸ਼ਰਮਾਂ ਦੀ ਸਮੇਂ-ਸਮੇਂ ਉੱਤੇ ਪੜਤਾਲ ਲਈ ਇੱਕ ਢਾਂਚਾ ਸਥਾਪਤ ਹੋਣਾ ਚਾਹੀਦਾ ਹੈ। ਜਦੋਂ ਸਰਕਾਰ ਇਨ੍ਹਾਂ ਸ਼ੈਲਟਰ ਹੋਮਾਂ ਨੂੰ ਚਲਾਉਣ ਲਈ ਗ੍ਰਾਂਟਾਂ ਦਿੰਦੀ ਹੈ ਤਾਂ ਉਸੇ ਦਾ ਹੀ ਫ਼ਰਜ਼ ਬਣਦਾ ਹੈ ਕਿ ਉਹ ਇਹ ਯਕੀਨੀ ਬਣਾਵੇ ਕਿ ਇਨ੍ਹਾਂ ਦਾ ਸੰਚਾਲਨ ਤੈਅ ਨਿਯਮਾਂ ਅਨੁਸਾਰ ਠੀਕ ਢੰਗ ਨਾਲ ਹੋਵੇ।

836 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper