Latest News
ਪੰਜਾਬ ਪੁਲਸ ਦੀ ਏ ਐੱਸ ਆਈ ਹੈਰੋਇਨ ਸਮੇਤ ਕਾਬੂ

Published on 29 Oct, 2019 11:18 AM.


ਪੱਟੀ (ਬਲਦੇਵ ਸਿੰਘ ਸੰਧੂ)
ਨਾਰਕੋਟਿਸ ਸੈੱਲ ਨੇ ਗੈਂਗਸਟਰਾਂ ਨਾਲ ਸੰਬੰਧ ਤੇ ਡਰੱਗ ਤਸਕਰੀ ਦੇ ਮਾਮਲੇ 'ਚ ਇਕ ਮਹਿਲਾ ਏ ਐੱਸ ਆਈ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਨਾਰਕੋਟਿਕਸ ਸੈੱਲ ਵੱਲੋਂ ਇਸ ਮਹਿਲਾ ਅਫ਼ਸਰ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਪੁਲਸ ਅਨੁਸਾਰ ਮਹਿਲਾ ਏ ਐੱਸ ਆਈ ਦੇ ਪੱਟੀ ਵਾਸੀ ਨਿਸ਼ਾਨ ਸਿੰਘ ਦੇ ਨਾਲ ਸਬੰਧ ਸਨ ਤੇ ਉਸ ਨਾਲ ਮਿਲ ਕੇ ਹੀ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ। ਇਸ ਦੀ ਪੁਸ਼ਟੀ ਕਰਦਿਆਂ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ, ਨਾਲ ਹੀ ਉਨ੍ਹਾਂ ਵੱਲੋਂ ਥਾਣਾ ਅਰਬਨ ਸਟੇਟ ਮੁਖੀ ਖ਼ਿਲਾਫ਼ ਵਿਭਾਗੀ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਹਨਾਂ ਨੂੰ ਕਾਬੂ ਕਰਕੇ ਜਦ ਨਾਂਅ/ ਪਤਾ ਪੁੱਛਿਆ ਤਾਂ ਔਰਤ ਨੇ ਆਪਣਾ ਨਾਂਅ ਰੇਨੂੰ ਬਾਲਾ ਪਤਨੀ ਸੁਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਨਿਊ ਰਣਜੀਤ ਐਵੀਨਿਊ ਸੋਹਾਣਾ ਰੋਡ ਪਟਿਆਲਾ ਅਤੇ ਦੂਸਰੇ ਨੇ ਆਪਣਾ ਨਾਂਅ ਨਿਸ਼ਾਨ ਸਿੰਘ ਪੁੱਤਰ ਮੋਹਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ 10 ਪੱਟੀ ਦੱਸਿਆ। ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਲੇਡੀਜ਼ ਕਾਂਸਟੇਬਲ ਗੁਰਜੀਤ ਕੌਰ ਵੱਲੋਂ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਕਾਬੂ ਕੀਤੀ ਗਈ ਔਰਤ ਨੇ ਦੱਸਿਆ ਕਿ ਉਹ ਬਤੌਰ ਏ ਐੱਸ ਆਈ ਜ਼ਿਲ੍ਹਾ ਪਟਿਆਲਾ ਵਿਖੇ ਨੌਕਰੀ ਕਰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਆਮ ਲੋਕਾਂ 'ਚ ਚੁੰਝ ਚਰਚਾ ਚੱਲ ਰਹੀ ਹੈ ਕਿ ਪੁਲਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ। ਨਸ਼ੇ ਦੇ ਤਸਕਰ ਸਰੇਆਮ ਨਸ਼ਾ ਵੇਚਣ ਦਾ ਧੰਦਾ ਪੁਲਸ ਦੀ ਮਿਲੀਭੁਗਤ ਨਾਲ ਕਰ ਰਹੇ ਹਨ। ਨਸ਼ਾ ਤਸਕਰਾਂ ਦੇ ਥਾਣਿਆਂ ਵਿਚ ਆਉਣ ਤੇ ਉਹਨਾਂ ਦੀ ਪੁਲਸ ਵੱਲੋਂ ਆਓ ਭਗਤ ਕੀਤੀ ਜਾਂਦੀ ਹੈ। ਇਕ ਹੋਰ ਰਿਪੋਰਟ ਮੁਤਾਬਕ ਉਸ ਦੇ ਕਈ ਰਿਸ਼ਤੇਦਾਰ ਸੀਨੀਅਰ ਪੁਲਸ ਅਫਸਰ ਹਨ। ਮੁੱਢਲੀ ਪੁਛਗਿਛ ਵਿਚ ਪਤਾ ਲੱਗਿਆ ਹੈ ਕਿ ਉਸ ਨੇ ਜਾਇਦਾਦਾਂ ਵਿਚ ਕਰੋੜਾਂ ਰੁਪਏ ਲਾਏ ਹੋਏ ਹਨ। ਦੱਸਿਆ ਜਾਂਦਾ ਹੈ ਕਿ ਉਹ ਗੈਂਗਸਟਰਾਂ ਤੋਂ ਡਰੱਗ ਦੀ ਸਪਲਾਈ ਲੈਂਦੀ ਸੀ। ਪੁਲਸ ਨੇ ਉਸ ਦੇ ਥਾਣੇ ਦੇ ਐੱਸ ਐੱਚ ਓ ਵਿਰੁੱਧ ਵੀ ਉਸ ਨੂੰ ਖੁੱਲ੍ਹੀਆਂ ਛੁੱਟੀਆਂ ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

324 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper