Latest News
ਸ਼ਿਵ ਸੈਨਾ ਵੱਲੋਂ ਭਾਜਪਾ ਤੇ ਅਮਿਤ ਸ਼ਾਹ ਵੱਲੋਂ ਠਾਕਰੇ ਨਾਲ ਹੋਣ ਵਾਲੀਆਂ ਮੀਟਿੰਗਾਂ ਰੱਦ

Published on 29 Oct, 2019 11:19 AM.


ਮੁੰਬਈ : ਦੇਵੇਂਦਰ ਫੜਨਵੀਸ ਨੇ ਮੰਗਲਵਾਰ ਕਿਹਾ ਕਿ ਉਹ ਹੀ ਅਗਲੇ ਪੰਜ ਸਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿਣਗੇ। ਆਪਣੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ਵੇਲੇ ਸ਼ਿਵ ਸੈਨਾ ਨਾਲ ਢਾਈ-ਢਾਈ ਸਾਲ ਮੁੱਖ ਮੰਤਰੀ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ। ਉਨ੍ਹਾ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਅਗਲੇ ਪੰਜ ਸਾਲ ਲਈ ਪਾਇਦਾਰ ਤੇ ਕਾਬਲ ਸਰਕਾਰ ਯਕੀਨੀ ਬਣਾਏਗਾ। ਅਸੰਬਲੀ ਚੋਣਾਂ ਵਿਚ ਭਾਜਪਾ ਨੂੰ 288 ਵਿਚੋਂ 105 ਤੇ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ ਹਨ। ਸ਼ਿਵ ਸੈਨਾ ਕਹਿ ਰਹੀ ਹੈ ਕਿ ਭਾਜਪਾ ਉਸ ਦਾ ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ ਬਾਰੇ ਲਿਖ ਕੇ ਦੇਵੇ।
ਫੜਨਵੀਸ ਨੇ ਕਿਹਾ ਕਿ ਭਾਜਪਾ ਵਿਧਾਇਕ ਆਪਣਾ ਆਗੂ ਬੁੱਧਵਾਰ ਨੂੰ ਚੁਣਨਗੇ। ਇਹ ਰਸਮ ਅਦਾਇਗੀ ਹੀ ਹੋਵੇਗੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਚੁੱਕੇ ਹਨ ਕਿ ਮੁੱਖ ਮੰਤਰੀ ਫੜਨਵੀਸ ਹੀ ਰਹਿਣਗੇ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਪਿਛਲੇ ਹਫਤੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਫੜਨਵੀਸ ਨਾਲ ਸੱਤਾ ਵਿਚ ਫਿਫਟੀ-ਫਿਫਟੀ ਭਾਈਵਾਲੀ 'ਤੇ ਸਹਿਮਤੀ ਬਣੀ ਸੀ।
ਫੜਨਵੀਸ ਦੇ ਬਿਆਨ ਤੋਂ ਬਾਅਦ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਸਰਕਾਰ ਬਣਾਉਣ ਲਈ ਸ਼ਾਮੀਂ ਚਾਰ ਵਜੇ ਭਾਜਪਾ ਆਗੂਆਂ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ। ਇਸ ਨਾਲ ਦੋਹਾਂ ਪਾਰਟੀਆਂ ਦੇ ਰਿਸ਼ਤੇ ਹੋਰ ਵਿਗੜ ਸਕਦੇ ਹਨ। ਮੀਟਿੰਗ ਵਿਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਤੇ ਭਾਜਪਾ ਆਗੂ ਭੁਪਿੰਦਰ ਯਾਦਵ ਨੇ ਹਿੱਸਾ ਲੈਣਾ ਸੀ। ਸ਼ਿਵ ਸੈਨਾ ਵੱਲੋਂ ਸੁਭਾਸ਼ ਦੇਸਾਈ ਤੇ ਸੰਜੇ ਰਾਉਤ ਨੇ ਸ਼ਾਮਲ ਹੋਣਾ ਸੀ। ਸ਼ਿਵ ਸੈਨਾ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਾਰਟੀ ਨੇ ਭਾਜਪਾ ਨੂੰ ਉਸ ਵੀਡੀਓ ਦੀ ਕਲਿੱਪ ਵੀ ਭੇਜੀ ਹੈ, ਜਿਸ ਵਿਚ ਫੜਨਵੀਸ ਸੱਤਾ ਵਿਚ ਬਰਾਬਰ ਦੀ ਭਾਈਵਾਲੀ ਦੀ ਗੱਲ ਕਰ ਰਹੇ ਹਨ। ਇਹ ਵੀ ਖ਼ਬਰ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਊਧਵ ਠਾਕਰੇ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਫੜਨਵੀਸ ਦੇ ਬਿਆਨ ਤੋਂ ਬਾਅਦ ਕਿਹਾ, 'ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਨੇ ਕੀ ਕਿਹਾ ਹੈ। ਜੇ ਉਹ ਇਹ ਕਹਿ ਰਹੇ ਹਨ ਕਿ ਫਿਫਟੀ-ਫਿਫਟੀ ਵਾਲੇ ਫਾਰਮੂਲੇ 'ਤੇ ਕਦੇ ਚਰਚਾ ਨਹੀਂ ਹੋਈ ਤਾਂ ਮੈਨੂੰ ਲੱਗਦਾ ਹੈ ਕ ਸਾਨੂੰ ਸੱਚ ਦੀ ਪਰਿਭਾਸ਼ਾ ਬਦਲਣ ਦੀ ਲੋੜ ਹੈ। ਖੁਦ ਫੜਨਵੀਸ ਨੇ ਫਿਫਟੀ-ਫਿਫਟੀ ਦਾ ਫਾਰਮੂਲਾ ਦਿੱਤਾ ਸੀ। ਊਧਵ ਜੀ ਨੇ ਵੀ ਇਸ ਬਾਰੇ ਬੋਲਿਆ ਸੀ। ਇਹ ਅਮਿਤ ਸ਼ਾਹ ਦੇ ਸਾਹਮਣੇ ਹੋਇਆ ਸੀ। ਉਹ ਜਿਸ ਗੱਲ ਨੂੰ ਕੈਮਰੇ 'ਤੇ ਬੋਲ ਚੁੱਕੇ ਹਨ, ਹੁਣ ਉਸ ਤੋਂ ਇਨਕਾਰ ਕਰ ਰਹੇ ਹਨ।' ਆਪਣੇ ਦਾਅਵੇ ਦੀ ਹਮਾਇਤ ਵਿਚ ਸ਼ਿਵ ਸੈਨਾ ਨੇ ਫੇਸਬੁਕ 'ਤੇ ਪੁਰਾਣੀ ਵੀਡੀਓ ਜਾਰੀ ਕੀਤੀ ਹੈ। ਉਸ ਵਿਚ ਫੜਨਵੀਸ ਇਹ ਕਹਿੰਦੇ ਦਿਸ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਦੇ ਬਾਅਦ ਫਿਰ ਐੱਨ ਡੀ ਏ ਨੂੰ ਬਹੁਮਤ ਮਿਲੇਗਾ ਅਤੇ ਭਾਜਪਾ-ਸ਼ਿਵ ਸੈਨਾ ਅਹੁਦਿਆਂ ਤੇ ਜ਼ਿੰਮੇਵਾਰੀਆਂ ਦਾ ਬਰਾਬਰ ਨਿਰਬਾਹ ਕਰਨਗੀਆਂ। ਵੀਡੀਓ ਵਿਚ ਅਮਿਤ ਸ਼ਾਹ ਤੇ ਊਧਵ ਠਾਕਰੇ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਹੈ, ਜਿਹੜੀਆਂ ਦੋਹਾਂ ਪਾਰਟੀਆਂ ਨੇ ਮਿਲ ਕੇ ਲੜੀਆਂ ਸਨ। 2014 ਦੀਆਂ ਅਸੰਬਲੀ ਚੋਣਾਂ ਦੋਵੇਂ ਪਾਰਟੀਆਂ ਅੱਡ-ਅੱਡ ਲੜੀਆਂ ਸਨ।
ਇਸੇ ਦੌਰਾਨ ਫੜਨਵੀਸ ਨੇ ਮੰਨਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਿਵ ਸੈਨਾ ਨੇ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਦੀ ਤਜਵੀਜ਼ ਦਿੱਤੀ ਸੀ, ਪਰ ਉਨ੍ਹਾ ਦਾਅਵਾ ਕੀਤਾ ਹੈ ਕਿ ਉਨ੍ਹਾ ਦੇ ਸਾਹਮਣੇ ਇਸ 'ਤੇ ਕੋਈ ਫੈਸਲਾ ਨਹੀਂ ਹੋਇਆ ਸੀ। ਊਧਵ ਜੀ ਤੇ ਅਮਿਤ ਜੀ ਵਿਚਾਲੇ ਕੀ ਗੱਲ ਹੋਈ, ਇਸ ਬਾਰੇ ਉਹ ਦੋਨੋਂ ਹੀ ਜਾਣਦੇ ਹਨ ਤੇ ਉਹ ਹੀ ਫੈਸਲਾ ਕਰ ਸਕਦੇ ਹਨ।
ਸ਼ਿਵ ਸੈਨਾ ਕੋਲ ਬਦਲ ਮੌਜੂਦ : ਸੰਜੇ ਰਾਉਤ
ਸ਼ਿਵ ਸੈਨਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਮੰਗਲਵਾਰ ਕਿਹਾ ਕਿ ਜੇ ਭਾਜਪਾ ਨੇ ਸਰਕਾਰ ਬਣਾਉਣ ਵਿਚ ਦੇਰੀ ਕਰਨੀ ਜਾਰੀ ਰੱਖੀ ਤਾਂ ਉਨ੍ਹਾ ਕੋਲ ਹੋਰ ਬਦਲ ਵੀ ਹਨ।
ਉਨ੍ਹਾ ਕਿਹਾ, 'ਊਧਵ ਠਾਕਰੇ ਜੀ ਨੇ ਕਿਹਾ ਹੈ ਕਿ ਸਾਡੇ ਕੋਲ ਹੋਰ ਬਦਲ ਵੀ ਹਨ, ਪਰ ਅਸੀਂ ਉਹ ਬਦਲ ਮਨਜ਼ੂਰ ਕਰਕੇ ਪਾਪ ਨਹੀਂ ਕਰਨਾ ਚਾਹੁੰਦੇ। ਸ਼ਿਵ ਸੈਨਾ ਨੇ ਸਦਾ ਸੱਚ ਦੀ ਸਿਆਸਤ ਕੀਤੀ ਹੈ, ਅਸੀਂ ਸੱਤਾ ਦੇ ਭੁੱਖੇ ਨਹੀਂ।' ਰਾਉਤ ਨੇ ਜਨਨਾਇਕ ਜਨਤਾ ਪਾਰਟੀ ਨਾਲ ਮਿਲ ਕੇ ਹਰਿਆਣਾ ਵਿਚ ਸਰਕਾਰ ਬਣਾਉਣ 'ਤੇ ਭਾਜਪਾ ਦੇ ਗਿੱਟਿਆਂ ਵਿਚ ਮਾਰਦਿਆਂ ਕਿਹਾ, 'ਇਥੇ ਕੋਈ ਦੁਸ਼ਅੰਤ (ਚੌਟਾਲਾ) ਨਹੀਂ ਹੈ, ਜਿਸ ਦਾ ਪਿਤਾ ਜੇਲ੍ਹ ਵਿਚ ਹੈ। ਇਥੇ ਅਸੀਂ ਹਾਂ, ਜਿਹੜੇ ਧਰਮ ਤੇ ਸੱਚ ਦੀ ਸਿਆਸਤ ਕਰਦੇ ਹਾਂ। ਸ਼ਰਦ ਜੀ (ਸ਼ਰਦ ਪਵਾਰ) ਨੇ ਭਾਜਪਾ ਵਿਰੁੱਧ ਮਾਹੌਲ ਬਣਾਇਆ ਅਤੇ ਕਾਂਗਰਸ-ਭਾਜਪਾ ਕਦੇ ਨਹੀਂ ਮਿਲ ਸਕਦੇ।'

242 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper