Latest News
ਯੂਰਪੀ ਸਾਂਸਦਾਂ ਦੇ ਦੌਰੇ ਦੌਰਾਨ ਸ੍ਰੀਨਗਰ 'ਚ ਮੁਕੰਮਲ ਬੰਦ

Published on 29 Oct, 2019 11:20 AM.


ਸ੍ਰੀਨਗਰ : ਯੂਰਪੀ ਯੂਨੀਅਨ ਦੇ ਸਾਂਸਦਾਂ ਦੇ ਗੈਰ-ਸਰਕਾਰੀ ਵਫਦ ਵੱਲੋਂ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਦੋ ਰੋਜ਼ਾ ਦੌਰੇ 'ਤੇ ਇਥੇ ਪੁੱਜਣ ਦੌਰਾਨ ਮੁਕੰਮਲ ਬੰਦ ਰਿਹਾ ਅਤੇ ਸ਼ਹਿਰ ਤੇ ਵਾਦੀ ਵਿਚ ਕਈ ਥਾਈਂ ਲੋਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ। ਸਾਂਸਦਾਂ ਨੂੰ ਹਵਾਈ ਅੱਡੇ ਤੋਂ ਬੁਲੇਟ-ਪਰੂਫ ਜੀਪਾਂ ਵਿਚ ਉਨ੍ਹਾਂ ਦੇ ਹੋਟਲ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਰਵਾਇਤੀ ਕਸ਼ਮੀਰੀ ਅੰਦਾਜ਼ ਵਿਚ ਸਵਾਗਤ ਕੀਤਾ ਗਿਆ।
ਲੋਕਾਂ ਨੇ ਪੁਰਾਣੇ ਸ੍ਰੀਨਗਰ ਤੇ 90 ਫੁੱਟੀ ਸੜਕ ਸਮੇਤ ਘੱਟੋ-ਘੱਟ ਪੰਜ ਥਾਂਵਾਂ 'ਤੇ ਰੋਕਾਂ ਖੜ੍ਹੀਆਂ ਕੀਤੀਆਂ। ਸੁਰੱਖਿਆ ਬਲਾਂ ਨਾਲ ਝੜਪਾਂ ਕਾਰਨ ਦੁਕਾਨਾਂ ਤੇ ਬਿਜ਼ਨਸ ਅਦਾਰੇ ਬੰਦ ਰਹੇ ਅਤੇ ਬੱਸਾਂ-ਗੱਡੀਆਂ ਵੀ ਨਹੀਂ ਚੱਲੀਆਂ। ਰੇਹੜੀਆਂ-ਫੜ੍ਹੀਆਂ ਵਾਲੇ ਕੁਝ ਹਫਤਿਆਂ ਤੋਂ ਕਾਰੋਬਾਰ ਕਰ ਰਹੇ ਸਨ, ਪਰ ਉਹ ਵੀ ਨਹੀਂ ਆਏ। ਦਸਵੀਂ ਦੇ ਬੋਰਡ ਦੇ ਪੇਪਰ ਸ਼ੁਰੂ ਹੋ ਗਏ ਤੇ ਮਾਪੇ ਸਕੂਲਾਂ ਦੇ ਬਾਹਰ ਚਿੰਤਤ ਖੜ੍ਹੇ ਨਜ਼ਰ ਆਏ।
ਦਹਿਸ਼ਤਗਰਦਾਂ ਨੇ ਮੰਗਲਵਾਰ ਪੁਲਵਾਮਾ ਜ਼ਿਲ੍ਹੇ ਦੇ ਦਰਾਬਗਾਮ ਵਿਚ ਇਕ ਸਕੂਲ 'ਚ ਸੀ ਆਰ ਪੀ ਐੱਫ ਦੇ ਜਵਾਨਾਂ 'ਤੇ ਗੋਲੀਆਂ ਚਲਾਈਆਂ, ਪਰ ਕੋਈ ਜ਼ਖਮੀ ਨਹੀਂ ਹੋਇਆ। ਇਸ ਸਕੂਲ ਵਿਚ ਮੰਗਲਵਾਰ ਹੀ ਦਸਵੀਂ ਦੇ ਬੋਰਡ ਦੇ ਪੇਪਰ ਸ਼ੁਰੂ ਹੋਏ ਸਨ। ਦਹਿਸ਼ਤਗਰਦਾਂ ਨੇ ਬੰਕਰ ਵੱਲ 6-7 ਗੋਲੀਆਂ ਚਲਾਈਆਂ। ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ।
ਯੂਰਪੀ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਫੌਜ ਦੀ 15ਵੀਂ ਕੋਰ ਬਟਾਲੀਅਨ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ, ਜਿਥੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ ਜੀ ਐੱਸ ਢਿੱਲੋਂ ਤੇ ਹੋਰਨਾਂ ਅਫਸਰਾਂ ਨੇ ਉਨ੍ਹਾਂ ਨੂੰ ਵਾਦੀ ਵਿਚ ਦਹਿਸ਼ਤਗਰਦੀ ਫੈਲਾਉਣ ਲਈ ਪਾਕਿਸਤਾਨ ਦੇ ਰੋਲ ਤੋਂ ਜਾਣੂੰ ਕਰਾਇਆ। 27 ਮੈਂਬਰਾਂ ਵਿਚ ਸ਼ਾਮਲ ਵੇਲਜ਼ ਤੋਂ ਮੈਂਬਰ ਨਾਥਨ ਗਿੱਲ ਨੇ ਉਮੀਦ ਜਤਾਈ ਕਿ ਇਸ ਦੌਰੇ ਨਾਲ ਜ਼ਮੀਨੀ ਹਾਲਤ ਬਾਰੇ ਜਾਨਣ ਵਿਚ ਮਦਦ ਮਿਲੇਗੀ। ਸਾਂਸਦਾਂ ਨੇ ਆਮ ਲੋਕਾਂ ਦੇ ਵਫਦਾਂ ਨਾਲ ਵੀ ਗੱਲਬਾਤ ਕੀਤੀ।

222 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper