Latest News
ਕੈਪਟਨ ਨੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਵੱਲ ਮੋੜਨ ਲਈ ਵਿਸ਼ਵ ਬੈਂਕ ਦੀ ਸਹਾਇਤਾ ਮੰਗੀ

Published on 29 Oct, 2019 11:21 AM.


ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਫਸਲੀ ਵੰਨ-ਸੁਵੰਨਤਾ ਵੱਲ ਮੋੜਣ ਲਈ ਵਿਸ਼ਵ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ, ਜਿਸ ਦਾ ਮਨੋਰਥ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਹੈ।
ਵਿਸ਼ਵ ਬੈਂਕ ਦੇ ਖੇਤੀਬਾੜੀ ਤੇ ਪਾਣੀ ਦੇ ਆਲਮੀ ਡਾਇਰੈਕਟਰ ਡਾ. ਜਿਉਰੇਗਨ ਵੋਇਗੇਲੇ ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਚਲਾਏ ਗਏ ਪ੍ਰੋਗਰਾਮਾਂ ਸਦਕਾ ਬਹੁਤੇ ਕਿਸਾਨਾਂ ਨੇ ਰਵਾਇਤੀ ਫਸਲਾਂ ਦਾ ਤਿਆਗ ਕਰਕੇ ਬਦਲਵੀਆਂ ਫਸਲਾਂ ਨੂੰ ਅਪਣਾਇਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਦੀ ਲੋੜ ਹੈ, ਜਿਸ ਲਈ ਵਿਸ਼ਵ ਬੈਂਕ ਢੁਕਵੀਂ ਸਹਾਇਤਾ ਮੁਹੱਈਆ ਕਰਵਾ ਸਕਦਾ ਹੈ।
ਕੈਪਟਨ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਫਸਲੀ ਵੰਨ-ਸੁਵੰਨਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਲੇ ਪ੍ਰਾਜੈਕਟਾਂ ਦਾ ਖਾਕਾ ਤਿਆਰ ਕਰਕੇ ਵਿਸ਼ਵ ਬੈਂਕ ਨੂੰ ਸੌਂਪਿਆ ਜਾਵੇ, ਤਾਂ ਕਿ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਹਾਸਲ ਕੀਤੀ ਜਾ ਸਕੇ।
ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਫਸਲੀ ਵੰਨ-ਸੁਵੰਨਤਾ ਦੇ ਅਹਿਮ ਮੁੱਦਿਆਂ 'ਤੇ ਅਧਾਰਤ ਉਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਸ਼ਵ ਬੈਂਕ ਨੂੰ ਪੰਜਾਬ ਵਿੱਚੋਂ ਫਲ ਤੇ ਪਸ਼ੂਧਨ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ, ਜਿਵੇਂ ਕਿ ਉਜ਼ਬੇਕਿਸਤਾਨ ਵਿੱਚ ਕੀਤਾ ਗਿਆ ਹੈ। ਉਹਨਾ ਵਫ਼ਦ ਦੇ ਮੈਂਬਰਾਂ ਨੂੰ ਆਖਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਿਰੇ ਚਾੜ੍ਹਣ ਲਈ ਉਹ ਆਪਣੇ ਤਜਰਬੇ ਤੇ ਖੋਜਾਂ ਨੂੰ ਸਾਂਝਾ ਕਰਨ।
ਮੁੱਖ ਮੰਤਰੀ ਨੇ ਖੇਤੀ ਸਬਸਿਡੀਆਂ ਨੂੰ ਉਤਪਾਦਨ ਤੋਂ ਅਲਹਿਦਾ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਖੇਤੀ ਵੰਨ-ਸੁਵੰਨਤਾ ਲਈ ਕਿਸਾਨਾਂ ਨੂੰ ਪ੍ਰਭਾਵੀ ਮੰਡੀਕਰਨ ਦਾ ਢਾਂਚਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਇਸ ਸੰਬੰਧ ਵਿੱਚ ਵਿਸ਼ਵ ਬੈਂਕ ਵੱਲੋਂ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਲਈ ਸਹਾਇਤਾ ਕੀਤੀ ਜਾ ਸਕਦੀ ਹੈ। ਉਨ੍ਹਾ ਮੌਜੂਦਾ ਖੇਤੀ ਸਹਾਇਤਾ ਵਿਧੀ ਦੇ ਪਸਾਰ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜਿਸ ਤਹਿਤ ਭਾਰਤ ਸਰਕਾਰ ਵੱਲੋਂ ਮੱਕੀ, ਨਰਮਾ ਅਤੇ ਗੰਨੇ ਵਰਗੀਆਂ ਬਦਲਵੀਆਂ ਫਸਲਾਂ ਦੀ ਖ਼ਰੀਦ ਸਮਰਥਨ ਮੁੱਲ 'ਤੇ ਕੀਤਾ ਜਾਣਾ ਅਹਿਮ ਹੈ।
ਮੁੱਖ ਮੰਤਰੀ ਨੇ ਵਫ਼ਦ ਨੂੰ ਜਾਣਕਾਰੀ ਦਿੱਤੀ ਕਿ ਕਿਸਾਨਾਂ ਲਈ ਢੁਕਵਾਂ ਢਾਂਚਾ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਛੇਤੀ ਹੀ ਸੋਧਿਆ ਹੋਇਆ ਖੇਤੀਬਾੜੀ ਉਤਪਾਦਨ ਮੰਡੀ ਕਮੇਟੀ ਐਕਟ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਮੰਡੀ ਸੁਧਾਰਾਂ ਦੇ ਉਦੇਸ਼ ਨਾਲ ਨਿਯਮਾਂ ਵਿੱਚ ਸੋਧ ਕੀਤੇ ਜਾਣ ਨੂੰ ਪਹਿਲਾਂ ਹੀ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ।
ਵਫ਼ਦ ਦੇ ਨੁਮਾਇੰਦੇ ਨੇ ਸੂਬਾ ਸਰਕਾਰ ਦੇ 'ਪਾਣੀ ਬਚਾਓ, ਪੈਸਾ ਕਮਾਓ' ਵਰਗੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖੇਤੀ ਵਿਭਿੰਨਤਾ ਅਤੇ ਪਾਣੀ ਦੀ ਸੰਭਾਲ ਸੰਬੰਧੀ ਸੂਬਾ ਸਰਕਾਰ ਦੇ ਯਤਨਾਂ ਨੂੰ ਵਿਸ਼ਵ ਬੈਂਕ ਪਾਸੋਂ ਪੂਰੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ। ਉਨ੍ਹਾ ਕਿਹਾ ਕਿ ਫਲਾਂ ਦੀ ਪੈਦਾਵਾਰ ਅਤੇ ਸਹਾਇਕ ਸੈਕਟਰਾਂ ਵਿੱਚ ਆਪਣੀ ਸਮਰੱਥਾ ਵਧਾ ਕੇ ਪੰਜਾਬ ਕੋਲ ਨਵੀਂ ਖੇਤੀ ਕ੍ਰਾਂਤੀ ਦਾ ਅਹਿਮ ਮੌਕਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਸਵਜੀਤ ਖੰਨਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪੀ ਏ ਯੂ ਦੇ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਸਾਮਲ ਸਨ। ਵਫ਼ਦ ਦੇ ਦੂਜੇ ਮੈਂਬਰਾਂ ਵਿੱਚ ਪ੍ਰੋਗਰਾਮ ਲੀਡਰ ਅਤੇ ਪੰਜਾਬ ਦੇ ਕੋਆਰਡੀਨੇਟਰ ਭਾਵਨਾ ਭਾਟੀਆ, ਟਿਕਾਊ ਵਿਕਾਸ ਪ੍ਰੋਗਰਾਮ ਦੇ ਮੁਖੀ ਸੁਮਿਲਾ ਗੁਲਆਣੀ ਅਤੇ ਸੀਨੀਅਰ ਖੇਤੀ ਮਾਹਰ ਮਨੀਵਾਨਨ ਪਾਥੀ ਸ਼ਾਮਲ ਸਨ।

332 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper