]ਜੈਪੁਰ : ਹਾਈ ਕੋਰਟ ਨੇ ਮੌਬ ਲਿੰਚਿੰਗ ਦੇ ਸ਼ਿਕਾਰ ਹੋਏ ਪਹਿਲੂ ਖਾਨ, ਉਸ ਦੇ ਦੋ ਬੇਟਿਆਂ ਤੇ ਪਿਕਅਪ ਡਰਾਈਵਰ ਖਿਲਾਫ ਦਰਜ ਐੱਫ ਆਈ ਆਰ ਰੱਦ ਕਰਨ ਦਾ ਹੁਕਮ ਦਿੱਤਾ ਹੈ। ਪੁਲਸ ਨੇ ਪਹਿਲੂ ਖਾਨ 'ਤੇ ਹਮਲਾ ਕਰਨ ਵਾਲਿਆਂ 'ਤੇ ਕਤਲ ਕੇਸ ਦਰਜ ਕਰਨ ਦੇ ਨਾਲ-ਨਾਲ ਪਹਿਲੂ ਖਾਨ, ਉਸ ਦੇ ਬੇਟਿਆਂ ਤੇ ਪਿਕਅਪ ਡਰਾਈਵਰ ਖਿਲਾਫ ਗਊਵੰਸ਼ ਦੀ ਤਸਕਰੀ ਦਾ ਮਾਮਲਾ ਵੀ ਦਰਜ ਕੀਤਾ ਸੀ। ਉਹ ਇਸ ਸੰਬੰਧ ਵਿਚ ਚਾਰਜਸ਼ੀਟ ਵੀ ਦਾਖਲ ਕਰ ਚੁੱਕੀ ਹੈ।
2017 ਵਿਚ ਭੀੜ ਨੇ ਗਊ ਤਸਕਰੀ ਦੇ ਸ਼ੱਕ ਵਿਚ ਪਹਿਲੂ ਖਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹਰਿਆਣਾ ਦੇ ਨੂੰਹ ਦਾ ਪਹਿਲੂ ਖਾਨ ਇਕ ਅਪ੍ਰੈਲ ਨੂੰ ਜੈਪੁਰ ਤੋਂ ਦੋ ਗਊਆਂ ਖਰੀਦ ਕੇ ਘਰ ਜਾ ਰਿਹਾ ਸੀ ਕਿ ਸ਼ਾਮ ਕਰੀਬ 7 ਵਜੇ ਭੀੜ ਨੇ ਬਹਰੋੜ ਵਿਖੇ ਰੋਕ ਲਿਆ ਤੇ ਹਮਲਾ ਕਰ ਦਿੱਤਾ। ਪਹਿਲੂ ਖਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਹਾਈ ਕੋਰਟ ਦੇ ਜਸਟਿਸ ਪੰਕਜ ਭੰਡਾਰੀ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ, ਜੋ ਦਿਖਾਉਂਦਾ ਹੋਵੇ ਕਿ ਗਊਆਂ ਕਤਲ ਕਰਨ ਲਈ ਢੋਈਆਂ ਜਾ ਰਹੀਆਂ ਸਨ। ਕਾਗਜ਼ਾਂ ਤੋਂ ਸਾਫ ਹੈ ਕਿ ਪਹਿਲੂ ਖਾਨ ਡੇਅਰੀ ਲਈ ਗਊਆਂ ਖਰੀਦ ਕੇ ਲਿਜਾ ਰਿਹਾ ਸੀ। ਐੱਫ ਆਈ ਆਰ ਦੇ ਖਿਲਾਫ ਪਹਿਲੂ ਖਾਨ ਦੇ ਦੋਹਾਂ ਬੇਟਿਆਂ ਤੇ ਡਰਾਈਵਰ ਨੇ ਪਟੀਸ਼ਨ ਪਾਈ ਸੀ। ਅਲਵਰ ਦੀ ਕੋਰਟ ਨੇ ਹਮਲਾ ਕਰਨ ਵਾਲੇ ਸਾਰੇ 6 ਜਣੇ 14 ਅਗਸਤ ਨੂੰ ਬਰੀ ਕਰ ਦਿੱਤੇ ਸਨ। ਰਾਜਸਥਾਨ ਸਰਕਾਰ ਨੇ ਇਸ ਵਿਰੁੱਧ ਹਾਈ ਕੋਰਟ ਵਿਚ ਅਪੀਲ ਕੀਤੀ ਹੋਈ ਹੈ।