Latest News
ਅੱਜ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਏਗਾ ਦੋ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

Published on 30 Oct, 2019 11:32 AM.


ਜਲੰਧਰ (ਕੇਸਰ)
ਜਲ੍ਹਿਆਂਵਾਲਾ ਬਾਗ਼ ਸਾਕਾ ਦੀ ਪਹਿਲੀ ਸ਼ਤਾਬਦੀ (1919-2019) ਨੂੰ ਸਮਰਪਤ 28ਵਾਂ ਦੋ ਰੋਜ਼ਾ 'ਮੇਲਾ ਗ਼ਦਰੀ ਬਾਬਿਆਂ ਦਾ' ਅੱਜ ਪੂਰੇ ਜੋਸ਼ੋ-ਖਰੋਸ਼ ਨਾਲ ਦੇਸ਼ ਭਗਤ ਯਾਦਗਾਰ ਹਾਲ ਨੂੰ ਮੇਲੇ ਦੇ ਦਿਨਾਂ ਵਿੱਚ ਦਿੱਤੇ ਨਾਂਅ 'ਜਲ੍ਹਿਆਂਵਾਲਾ ਬਾਗ਼ ਨਗਰ' 'ਚ ਸ਼ਮ੍ਹਾ ਰੌਸ਼ਨ ਕਰਨ ਨਾਲ ਸ਼ੁਰੂ ਹੋਏਗਾ।
ਇਸ ਵਾਰ ਦਾ ਇਹ ਮੇਲਾ 31 ਅਕਤੂਬਰ ਅਤੇ ਪਹਿਲੀ ਨਵੰਬਰ ਜਲ੍ਹਿਆਂਵਾਲਾ ਬਾਗ਼ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ। ਮੇਲੇ ਦਾ ਆਗਾਜ਼ 31 ਅਕਤੂਬਰ ਸਵੇਰੇ 10 ਵਜੇ ਜਲ੍ਹਿਆਂਵਾਲਾ ਬਾਗ਼ ਅਤੇ ਗ਼ਦਰ ਲਹਿਰ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਵੇਗਾ। ਉਪਰੰਤ ਵੱਖ-ਵੱਖ ਹਾਲਾਂ ਵਿਚ ਸਕੂਲਾਂ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਦੇ ਪੇਂਟਿੰਗਜ਼, ਭਾਸ਼ਣ ਅਤੇ ਕੁਇੱਜ਼ ਮੁਕਾਬਲੇ ਕਰਵਾਏ ਜਾਣਗੇ।
ਸ਼ਾਮ 4 ਵਜੇ ਕਵੀ ਦਰਬਾਰ ਹੋਵੇਗਾ, ਜਿਸ 'ਚ ਦੇਸ਼-ਵਿਦੇਸ਼ ਤੋਂ ਨਾਮਵਰ ਕਵੀ ਆਪਣੀਆਂ ਨਵੀਂਆਂ ਕਵਿਤਾਵਾਂ ਪੇਸ਼ ਕਰਨਗੇ। ਇਸ ਮੌਕੇ ਦਲਜੀਤ ਅਮੀ ਵੱਲੋਂ ਅਨੁਵਾਦਤ ਅਰੁੰਧਤੀ ਰਾਏ ਦਾ ਨਾਵਲ 'ਮਨਿਸਟਰੀ ਆਫ ਅਟਮੋਸਟ ਹੈਪੀਨੈੱਸ' ਰਿਲੀਜ਼ ਹੋਵੇਗਾ। ਇਸ ਨਾਵਲ ਨੂੰ ਰਿਲੀਜ਼ ਕਰਨ ਲਈ ਅਰੁੰਧਤੀ ਰਾਏ ਖ਼ੁਦ ਪੁੱਜ ਰਹੇ ਹਨ। ਕਵੀ ਦਰਬਾਰ 'ਚ ਅਰੁੰਧਤੀ ਰਾਏ ਦਾ ਲਿਖਿਆ ਦਲਜੀਤ ਅਮੀਂ ਦੁਆਰਾ ਪੰਜਾਬ ਅਨੁਵਾਦਿਤ ਨਾਵਲ 'ਦਰਬਾਰਿ-ਖੁਸ਼ੀਆਂ ਬੇਪਨਾਹ' ਅਰੁੰਧਤੀ ਦੀ ਹਾਜ਼ਰੀ 'ਚ ਲੋਕ ਅਰਪਣ ਕੀਤਾ ਜਾਏਗਾ। ਉਪਰੰਤ 'ਕਰਕਰੇ ਦੀ ਹੱਤਿਆ ਕਿਸ ਨੇ ਕੀਤੀ' ਨਾਂਅ ਦੀ ਮਸ਼ਹੂਰ ਪੁਸਤਕ ਦੇ ਲੇਖਕ ਐੱਸ ਐੱਮ ਮੁਸ਼ਰਿਫ ਦੀ ਨਵੀਂ ਕਿਤਾਬ 'ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ' ਵੀ ਰਿਲੀਜ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਮਸ਼ਹੂਰ ਵਿਦਵਾਨ ਪ੍ਰੋਫੈਸਰ ਸ਼ਮਸੁਲ ਇਸਲਾਮ ਵੱਲੋਂ ਲਿਖੀ ਅਤੇ ਬਲਬੀਰ ਚੰਦ ਲੌਂਗੋਵਾਲ ਵੱਲੋਂ ਅਨੁਵਾਦ ਕੀਤੀ ਸਾਵਰਕਰ : ਝੂਠ ਅਤੇ ਸੱਚ ਵੀ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੈਪਸੂ ਦਾ ਮੁਜ਼ਾਰਾ ਘੋਲ, ਛੱਜੂ ਮੱਲ ਵੈਦ ਜੀ ਦੀ ਇਸ ਇਤਿਹਾਸਕ ਸੰਘਰਸ਼ ਬਾਰੇ ਲਿਖੀ ਬਹੁਤ ਹੀ ਬਹੁਮੁੱਲੀ ਕਿਤਾਬ ਹੈ। 1980 ਤੋਂ ਬਾਅਦ ਇਸ ਪੁਸਤਕ ਨੂੰ ਮੁੜ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
ਸ਼ਾਮ 6:30 ਪੀਪਲਜ਼ ਵਾਇਸ ਵੱਲੋਂ ਫ਼ਿਲਮ ਸ਼ੋਅ ਸ਼ੁਰੂ ਹੋਏਗਾ, ਜਿਸ ਵਿਚ ਢੁਕਵੀਆਂ ਕਲਾ-ਕਿਰਤਾਂ ਤੋਂ ਇਲਾਵਾ ਕਮਲਜੀਤ ਢਿੱਲੋਂ ਅਤੇ ਸਾਥਣਾਂ ਵੱਲੋਂ 'ਅੱਖੀਂ ਡਿੱਠਾ ਕਸ਼ਮੀਰ ਦਾ ਹਾਲ ਤਸਵੀਰਾਂ ਦੀ ਜ਼ੁਬਾਨੀ' ਪੇਸ਼ ਕੀਤਾ ਜਾਏਗਾ। ਉੱਘੇ ਕਹਾਣੀਕਾਰ ਅਤਰਜੀਤ ਦੀ ਕਹਾਣੀ 'ਤੇ ਅਧਾਰਤ ਪੰਜਾਬੀ ਕਲਾਤਮਕ ਫ਼ਿਲਮ 'ਸਬੂਤੇ ਕਦਮ' (ਨਿਰਦੇਸ਼ਕ ਬਲਰਾਜ ਸਾਗਰ) ਇਸ ਮੌਕੇ ਦਿਖਾਈ ਜਾਏਗੀ। 100 ਦੇ ਕਰੀਬ ਕਲਾਕਾਰਾਂ ਦੀ ਸ਼ਮੂਲੀਅਤ ਵਾਲਾ ਝੰਡੇ ਦਾ ਗੀਤ 'ਮਿੱਟੀ ਦੀ ਆਵਾਜ਼', ਜੋ ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਚ ਹੋਏਗਾ। ਉਸ ਦੀ ਬੀਤੇ ਤਿੰਨ ਦਿਨ ਰਾਤ ਦੀ ਰਿਹਰਸਲ ਚੱਲ ਰਹੀ ਹੈ। ਮੁਕਾਬਲਿਆਂ ਦੀਆਂ ਸਾਰੀਆਂ ਸਟੇਜਾਂ ਨੂੰ ਜਲ੍ਹਿਆਂਵਾਲਾ ਬਾਗ਼ ਦੇ ਚਿੱਤਰਾਂ, ਗ਼ਦਰੀ ਝੰਡਿਆਂ ਅਤੇ ਹੋਰ ਢੁੱਕਵੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ।
ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਚੱਲਣ ਵਾਲਾ ਮੇਲਾ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗਾ।

419 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper