Latest News
ਡੱਲ ਝੀਲ ਦੀ ਸੈਰ ਕਰਨ ਵਾਲੇ ਯੂਰਪੀ ਸਾਂਸਦਾਂ ਵੱਲੋਂ ਮੋਦੀ ਸਰਕਾਰ ਨੂੰ ਪਾਸ ਦਾ ਸਰਟੀਫਿਕੇਟ

Published on 30 Oct, 2019 11:33 AM.


ਸ੍ਰੀਨਗਰ : ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਬਾਅਦ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੇ 27 ਸਾਂਸਦਾਂ ਦੇ ਵਫਦ ਵੱਲੋਂ ਮੰਗਲਵਾਰ ਸ੍ਰੀਨਗਰ ਦੇ ਅਣਅਧਿਕਾਰਤ ਦੌਰੇ ਤੋਂ ਬਾਅਦ ਬੁੱਧਵਾਰ ਚਾਰ ਸਾਂਸਦਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਸੂਬੇ ਦੇ ਸਾਰੇ ਲੋਕ ਚਾਹੁੰਦੇ ਹਨ ਕਿ ਸਕੂਲ, ਕਾਲਜ ਤੇ ਹਸਪਤਾਲ ਛੇਤੀ ਤੋਂ ਛੇਤੀ ਖੁੱਲ੍ਹਣ। ਕਸ਼ਮੀਰ ਵਿਚ ਵਿਕਾਸ ਦਾ ਮਾਹੌਲ ਹੈ ਤੇ ਉਨ੍ਹਾਂ ਨੂੰ ਇਥੋਂ ਦਾ ਮਾਹੌਲ ਚੰਗਾ ਲੱਗਿਆ। ਉਹ ਚਾਹੁਣਗੇ ਕਿ ਜੰਮੂ-ਕਸ਼ਮੀਰ ਦੂਜਾ ਅਫਗਾਨਿਸਤਾਨ ਨਾ ਬਣੇ। ਦਹਿਸ਼ਤਗਰਦੀ ਦੇਸ਼ ਨੂੰ ਤਬਾਹ ਕਰ ਸਕਦੀ ਹੈ।
ਇਕ ਸਾਂਸਦ ਨੇ ਪਾਕਿਸਤਾਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਦਹਿਸ਼ਤਗਰਦੀ ਨੂੰ ਫੰਡਿੰਗ ਕਰਦਾ ਹੈ ਤੇ ਉਹ ਦਹਿਸ਼ਤਗਰਦੀ ਦੇ ਖਿਲਾਫ ਭਾਰਤ ਦੇ ਨਾਲ ਹਨ। ਕਸ਼ਮੀਰ ਵਿਚ ਦਹਿਸ਼ਤਗਰਦੀ ਦੀ ਸਮੱਸਿਆ ਸਿਰਫ ਭਾਰਤ ਦੀ ਹੀ ਨਹੀਂ ਹੈ, ਉਹ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਵਿਚ ਭਾਰਤ ਦਾ ਸਾਥ ਦੇਣਗੇ। ਇਕ ਸਵਾਲ ਦੇ ਜਵਾਬ ਵਿਚ ਇਕ ਸਾਂਸਦ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਹੀ ਦਿਸ਼ਾ ਵਿਚ ਕੰਮ ਹੋ ਰਿਹਾ ਹੈ। ਉਹ ਇਸ ਨਤੀਜੇ 'ਤੇ ਪੁੱਜੇ ਹਨ ਕਿ ਉਨ੍ਹਾਂ ਦੀ ਯੂਨੀਅਨ ਨੂੰ ਭਾਰਤ ਦੀ ਹਮਾਇਤ ਕਰਨੀ ਚਾਹੀਦੀ ਹੈ। ਇਕ ਸਾਂਸਦ ਨੇ ਕਿਹਾ ਕਿ ਪਾਕਿਸਤਾਨ ਵਿਚ ਈਸਾਈਆਂ ਦੀ ਹਾਲਤ ਚਿੰਤਾਜਨਕ ਹੈ। ਕਸ਼ਮੀਰ ਵਿਚ ਪਾਕਿਸਤਾਨ ਦੀ ਜੋ ਭੂਮਿਕਾ ਹੈ, ਉਹ ਆਪਣੀ-ਆਪਣੀ ਸੰਸਦ ਵਿਚ ਦੱਸਣਗੇ। ਨਾਲ ਹੀ ਯੂਰਪ ਦੇ ਲੋਕਾਂ ਨੂੰ ਕਸ਼ਮੀਰ ਜਾਣ ਨੂੰ ਵੀ ਕਹਿਣਗੇ। ਇਕ ਸਵਾਲ ਦੇ ਜਵਾਬ ਵਿਚ ਇਕ ਸਾਂਸਦ ਨੇ ਕਿਹਾ ਕਿ ਉਹ ਹਿਟਲਰ ਹਮਾਇਤੀ ਨਹੀਂ, ਜੇ ਅਜਿਹਾ ਹੁੰਦਾ ਤਾਂ ਉਨ੍ਹਾ ਦਾ ਮੁਲਕ ਏਨਾ ਵਿਕਾਸ ਨਹੀਂ ਕਰਦਾ।
ਮੀਡੀਆ ਦੇ ਇਕ ਹਿੱਸੇ ਵਿਚ ਦੌਰੇ 'ਤੇ ਸਵਾਲ ਉਠਾਏ ਜਾਣ 'ਤੇ ਸਾਂਸਦਾਂ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਨੂੰ ਗਲਤ ਤਰੀਕੇ ਨਾਲ ਪ੍ਰਚਾਰਤ ਕੀਤਾ ਗਿਆ। ਸਾਂਸਦ ਹੈਨਰੀ ਮਾਲੂਸ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਉਨ੍ਹਾਂ ਨੂੰ ਭੇਦਭਾਵ ਕਰਨ ਵਾਲੇ ਨੇਤਾ ਦੱਸਿਆ। ਉਨ੍ਹਾਂ ਬਾਰੇ ਜੋ ਫਾਸ਼ੀਵਾਦੀ ਧਾਰਨਾ ਦੱਸੀ ਗਈ, ਉਹ ਬਿਲਕੁਲ ਗਲਤ ਹੈ। ਉਨ੍ਹਾਂ ਦਾ ਸਿਆਸਤ ਨਾਲ ਕੋਈ ਮਤਲਬ ਨਹੀਂ। ਉਹ ਸਿਰਫ ਤੱਥ ਜੁਟਾਉਣ ਆਏ ਹਨ। ਉਨ੍ਹਾਂ ਦਾ ਮਕਸਦ ਸਿਰਫ ਕਸ਼ਮੀਰ ਦੇ ਲੋਕਾਂ ਨੂੰ ਮਿਲਣਾ ਸੀ। ਸਾਂਸਦਾਂ ਨੇ ਧਾਰਾ 370 ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਅਤੇ ਵਾਦੀ ਵਿਚ ਮਜ਼ਦੂਰਾਂ ਦੇ ਕਤਲਾਂ ਦੀ ਨਿੰਦਾ ਕੀਤੀ। ਫਰਾਂਸ ਦੀ ਥਿਅਰੀ ਮਰਿਆਨੀ ਨੇ ਕਿਹਾ ਕਿ ਕਸ਼ਮੀਰ ਵਿਚ ਸਥਿਤੀਆਂ ਸੁਲਝਣ ਵਾਲੀਆਂ ਹਨ। ਨਿਕੋਲਸ ਫੇਸਟ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਵੇਂ ਉਨ੍ਹਾਂ ਨੂੰ ਸੱਦਿਆ ਗਿਆ, ਉਸੇ ਤਰ੍ਹਾਂ ਭਾਰਤ ਦੇ ਆਪੋਜ਼ੀਸ਼ਨ ਆਗੂਆਂ ਨੂੰ ਵੀ ਕਸ਼ਮੀਰ ਦੌਰੇ ਦੀ ਆਗਿਆ ਦੇਣੀ ਚਾਹੀਦੀ ਹੈ। ਇਹ ਇਕ ਤਰ੍ਹਾਂ ਦਾ ਅਸੰਤੁਲਨ ਹੈ, ਜਿਸ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

331 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper