Latest News
ਪਾਕਿਸਤਾਨ 'ਚ ਟਰੇਨ ਨੂੰ ਅੱਗ, 74 ਜਾਨਾਂ ਗਈਆਂ

Published on 31 Oct, 2019 11:24 AM.


ਲਾਹੌਰ : ਕਰਾਚੀ ਤੋਂ ਲਾਹੌਰ ਆ ਰਹੀ ਤੇਜ਼ਗਾਮ ਐੱਕਸਪ੍ਰੈੱਸ ਵਿਚ ਵੀਰਵਾਰ ਸਵੇਰੇ ਅੱਗ ਲੱਗਣ ਨਾਲ ਘੱਟੋ-ਘੱਟ 74 ਮੁਸਾਫਰ ਮਾਰੇ ਗਏ। ਇਨ੍ਹਾਂ ਵਿਚੋਂ ਬਹੁਤੇ ਇਸਲਾਮੀ ਪ੍ਰਚਾਰਕ ਸਨ, ਜਿਹੜੇ ਇਕ ਧਾਰਮਕ ਇਕੱਠ ਵਿਚ ਸ਼ਾਮਲ ਹੋਣ ਆ ਰਹੇ ਸਨ। ਹਾਦਸਾ ਇਥੋਂ ਕੋਈ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਨੇੜੇ ਲਿਆਕਤਪੁਰ ਵਿਚ ਹੋਇਆ। ਦੱਸਿਆ ਜਾਂਦਾ ਹੈ ਕਿ ਗੱਡੀ ਵਿਚ ਹੀ ਨਾਸ਼ਤਾ ਬਣਾਉਣ ਸਮੇਂ ਦੋ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗੀ, ਜਿਸ ਨੇ ਤਿੰਨ ਬੋਗੀਆਂ ਨੂੰ ਲਪੇਟ ਵਿਚ ਲੈ ਲਿਆ। ਇਨ੍ਹਾਂ ਬੋਗੀਆਂ ਵਿਚ ਮਹਿਲਾਵਾਂ ਤੇ ਬੱਚਿਆਂ ਸਣੇ 200 ਤੋਂ ਵੱਧ ਲੋਕ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬਹੁਤੇ ਲੋਕ ਗੱਡੀ ਵਿਚੋਂ ਛਾਲਾਂ ਮਾਰਨ ਦੌਰਾਨ ਮਾਰੇ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ 40 ਤੋਂ ਵੱਧ ਗੰਭੀਰ ਰੂਪ ਵਿਚ ਸੜ ਗਏ ਹਨ।
ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਮਰਨ ਵਾਲਿਆਂ ਵਿਚੋਂ ਬਹੁਤੇ ਤਬਲੀਗੀ ਜਮਾਤ ਨਾਲ ਸੰਬੰਧਤ ਸਨ ਤੇ ਰਾਇਵਿੰਡ ਵਿਚ ਇਕ ਵੱਡੇ ਸਾਲਾਨਾ ਸਮਾਗਮ ਵਿਚ ਹਿੱਸਾ ਲੈਣ ਆ ਰਹੇ ਸਨ। ਉਨ੍ਹਾ ਕਿਹਾ ਕਿ ਨਾਸ਼ਤਾ ਬਣਾਉਣ ਵੇਲੇ ਗੈਸ ਵਾਲੇ ਦੋ ਸਟੋਵ ਫਟਣ ਨਾਲ ਇਹ ਤ੍ਰਾਸਦੀ ਵਾਪਰੀ। ਤਬਲੀਗੀ ਜਮਾਤ ਦੇ ਆਗੂਆਂ ਦਾ ਕਹਿਣਾ ਹੈ ਕਿ ਸ਼ਾਰਟ-ਸਰਕਟ ਕਾਰਨ ਹਾਦਸਾ ਵਾਪਰਿਆ। ਜਮਾਤ ਮੁਤਾਬਕ ਕੁਝ ਜ਼ਖਮੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਬੁੱਧਵਾਰ ਰਾਤ ਤਾਰਾਂ ਵਿਚੋਂ ਮੁਸ਼ਕ ਆਉਣ ਵੱਲ ਟਰੇਨ ਅਧਿਕਾਰੀਆਂ ਦਾ ਧਿਆਨ ਦਿਵਾਇਆ ਸੀ, ਪਰ ਉਨ੍ਹਾਂ ਕੁਝ ਨਹੀਂ ਕੀਤਾ। ਲਿਆਕਤਪੁਰ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬਹੁਤੀਆਂ ਲਾਸ਼ਾਂ ਬੇਪਛਾਣ ਹਨ ਤੇ ਡੀ ਐੱਨ ਏ ਟੈਸਟ ਨਾਲ ਹੀ ਪਛਾਣੀਆਂ ਜਾਣਗੀਆਂ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper