ਜਲੰਧਰ (ਕੇਸਰ)-ਜਲ੍ਹਿਆਂਵਾਲਾ ਬਾਗ਼ ਸਾਕਾ ਸ਼ਤਾਬਦੀ (1919-2019) ਨੂੰ ਸਮਰਪਤ 28ਵਾਂ ਦੋ ਰੋਜ਼ਾ ਮੇਲਾ ਅੱਜ ਪਹਿਲੇ ਦਿਨ ਬਹੁ-ਵੰਨਗੀ ਕਲਾ-ਕ੍ਰਿਤਾਂ ਦੇ ਰੰਗ ਨਾਲ ਖਿੜ ਉਠਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਨੌਨਿਹਾਲ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸਮੂਹ ਹਾਜ਼ਰ ਕਮੇਟੀ ਮੈਂਬਰਾਨ ਨੇ ਸ਼ਮ੍ਹਾ ਰੌਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ। ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਨੇ ਮੇਲੇ ਦੀ ਇਤਿਹਾਸਕ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ।
ਉਪਰੰਤ ਕੁਇੱਜ਼, ਪੇਂਟਿੰਗ ਅਤੇ ਭਾਸ਼ਣ ਮੁਕਾਬਲਾ ਇਕੋ ਸਮੇਂ ਵੱਖ-ਵੱਖ ਸਟੇਜਾਂ 'ਤੇ ਚੱਲਿਆ। 'ਸਿੱਖਿਆ ਖੇਤਰ 'ਚ ਚੌਤਰਫ਼ੇ ਹੱਲੇ' ਵਿਸ਼ੇ 'ਤੇ ਹੋਏ ਭਾਸ਼ਣ ਮੁਕਾਬਲੇ 'ਚ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਸ ਵਿੱਚ ਪਹਿਲਾ ਸਥਾਨ ਗੁਰਮਨਪ੍ਰੀਤ ਕੌਰ (ਡੀ ਏ ਵੀ ਪਬਲਿਕ ਸਕੂਲ, ਬਿਲਗਾ), ਦੂਜਾ ਸਥਾਨ ਸਾਤਵਿਕ (ਦਾਇਆਨੰਦ ਮਾਡਲ ਸਕੂਲ, ਜਲੰਧਰ), ਤੀਜਾ ਸਥਾਨ ਹਰਕੀਰਤ ਸਿੰਘ (ਸੇਂਟ ਸੋਲਜਰ ਲਾਅ ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ।
ਕੁਇੱਜ਼ ਮੁਕਾਬਲੇ 'ਚ ਪਹਿਲਾ ਸਥਾਨ ਸਰਕਾਰੀ ਸੀ. ਸੈ. ਸਕੂਲ, ਪਲਾਹੀ, ਦੂਜਾ ਸਥਾਨ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਅਤੇ ਤੀਜਾ ਸਥਾਨ ਪਬਲਿਕ ਸੀ. ਸੈ. ਸਕੂਲ ਜੌੜਕੀਆਂ ਨੇ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ਨੇ 'ਔਰਤਾਂ ਉਪਰ ਵਹਿਸ਼ੀਆਨਾ ਜਬਰ' ਵਿਸ਼ੇ ਉਪਰ ਤਸਵੀਰਾਂ ਬਣਾਈਆਂ, ਜੂਨੀਅਰ ਗਰੁੱਪ ਅੱਗੇ ਮੁਕਾਬਲੇ ਲਈ ਜਲ੍ਹਿਆਂਵਾਲੇ ਬਾਗ਼ ਸਾਕੇ ਨਾਲ ਸੰਬੰਧਤ ਤਸਵੀਰਾਂ ਰੱਖੀਆਂ ਗਈਆਂ ਅਤੇ ਸਬ-ਜੂਨੀਅਰ ਗਰੁੱਪ ਨੂੰ ਵਿਸ਼ੇ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ। ਚਿਤਰਕਲਾ ਮੁਕਾਬਲੇ ਦੇ ਸੀਨੀਅਰ ਗਰੁੱਪ 'ਚ ਪਹਿਲਾ ਸਥਾਨ ਪਾਰਸ (ਏ. ਪੀ. ਜੇ. ਕਾਲਜ ਆਫ਼ ਫਾਇਨ ਆਰਟਸ, ਜਲੰਧਰ), ਦੂਜਾ ਸਥਾਨ ਪਵਨਦੀਪ ਕੌਰ (ਡਾਇਟ, ਸ਼ੇਖੂਪੁਰਾ) ਅਤੇ ਤੀਜਾ ਸਥਾਨ ਗੁਰਜੀਤ (ਐੱਸ. ਜੀ. ਜੀ. ਐੱਸ. ਖਾਲਸਾ ਕਾਲਜ, ਮਾਹਿਲਪੁਰ) ਨੇ ਪ੍ਰਾਪਤ ਕੀਤਾ। ਜੂਨੀਅਰ ਗਰੁੱਪ 'ਚ ਪਹਿਲਾ ਸਥਾਨ ਅਮਨ (ਦਸਮੇਸ਼ ਪਬਲਿਕ, ਜਲੰਧਰ), ਦੂਜਾ ਸਥਾਨ ਅਮਨ ਕੁਮਾਰ (ਡਾ. ਬੀ ਆਰ ਅੰਬੇਡਕਰ ਸਕੂਲ, ਜਲੰਧਰ) ਅਤੇ ਤੀਜਾ ਸਥਾਨ ਨਵਦੀਪ ਕੌਰ (ਡਿਪਸ, ਸੂਰਾਨੁੱਸੀ) ਨੇ ਪ੍ਰਾਪਤ ਕੀਤਾ। ਸਬ-ਜੂਨੀਅਰ ਗਰੁੱਪ 'ਚ ਪਹਿਲਾ ਸਥਾਨ ਪ੍ਰਿੰਸ (ਐੱਸ. ਆਰ. ਟੀ. ਡੀ. ਏ. ਵੀ. ਪਬਲਿਕ ਸਕੂਲ, ਬਿਲਗਾ), ਦੂਜਾ ਸਥਾਨ ਸਾਹਿਲ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ), ਤੀਜਾ ਸਥਾਨ ਅਭੀਗਿਆਨ (ਲਾਲਾ ਜਗਤ ਨਰਾਇਣ ਸਕੂਲ ਜਲੰਧਰ) ਨੇ ਪ੍ਰਾਪਤ ਕੀਤਾ।
ਭਾਸ਼ਣ, ਕੁਇੱਜ਼ ਅਤੇ ਚਿਤਰਕਲਾ ਮੁਕਾਬਲੇ ਦੀਆਂ ਟੀਮਾਂ ਨੂੰ ਸਨਮਾਨ ਚਿੰਨ੍ਹ, ਪੁਸਤਕਾਂ ਦੇ ਸੈੱਟ ਅਤੇ ਮਾਣ-ਭਰੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਕਵੀ ਦਰਬਾਰ ਸਮੇਂ ਮੰਚ 'ਤੇ ਮੇਲੇ ਦੇ ਵਿਸ਼ੇਸ਼ ਮਹਿਮਾਨ ਵਿਸ਼ਵ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਤੋਂ ਇਲਾਵਾ ਡਾ. ਸੁਰਜੀਤ ਜੱਜ, ਪਾਲ ਕੌਰ ਤੇ ਮੰਗਤ ਰਾਮ ਪਾਸਲਾ ਸੁਸ਼ੋਭਿਤ ਸਨ।
ਕਵੀ ਦਰਬਾਰ ਦੇ ਮੰਚ ਸੰਚਾਲਕ ਹਰਵਿੰਦਰ ਭੰਡਾਲ ਨੇ ਅਜੋਕੇ ਸਮੇਂ ਕਵਿਤਾ ਦੀ ਮਹੱਤਵਪੂਰਨ ਭੂਮਿਕਾ ਦੀ ਗੱਲ ਕਰਦਿਆਂ ਕਵੀਆਂ ਦੀਆਂ ਕਵਿਤਾਵਾਂ ਦੀ ਲੜੀ ਦਾ ਸੱਦਾ ਦਿੱਤਾ। ਕਵੀ ਦਰਬਾਰ 'ਚ ਸ਼ਬਦੀਸ਼, ਜਗਵਿੰਦਰ ਜੋਧਾ, ਮਦਨ ਵੀਰਾ, ਸ਼ਮਸ਼ੇਰ ਸੋਹੀ, ਸੁਖਜਿੰਦਰ, ਮਨਦੀਪ ਔਲਖ, ਸੁਰਿੰਦਰ ਧੰਜਲ, ਮਨਜੀਤ ਪੁਰੀ, ਸੁਖਰਾਜ, ਮਨਜਿੰਦਰ ਕਮਲ, ਅਰਸ਼ ਬਿੰਦੂ, ਹਰਮੀਤ ਵਿਦਿਆਰਥੀ ਅਤੇ ਸੁਸ਼ੀਲ ਦੁਸਾਂਝ ਨੇ ਵੰਨ-ਸੁਵੰਨੀਆਂ ਕਵਿਤਾਵਾਂ ਦਾ ਰੰਗ ਪੇਸ਼ ਕੀਤਾ। ਇਸ ਮੌਕੇ ਅਰੁੰਧਤੀ ਰਾਏ ਦਾ ਲਿਖਿਆ ਦਲਜੀਤ ਅਮੀਂ ਦੁਆਰਾ ਪੰਜਾਬ ਅਨੁਵਾਦਿਤ ਨਾਵਲ 'ਦਰਬਾਰਿ-ਖੁਸ਼ੀਆਂ ਬੇਪਨਾਹ', ਕਮਲਜੀਤ ਕੌਰ ਢਿੱਲੋਂ ਵੱਲੋਂ 'ਕਸ਼ਮੀਰ ਦੀ ਅੱਖੀਂ ਡਿੱਠੀ ਦਸਤਾਵੇਜ਼ੀ ਰਿਪੋਰਟ', 'ਪਾਸ਼ ਸੰਪੂਰਨ ਰਚਨਾਵਾਂ' (ਸੰਪਾਦਕ ਅਮੋਲਕ ਸਿੰਘ) ਕਿਤਾਬਾਂ ਜਾਰੀ ਕੀਤੀਆਂ। ਕਵੀ ਦਰਬਾਰ ਉਪਰੰਤ ਕੰਵਲਜੀਤ ਢਿੱਲੋਂ ਨੇ 'ਕਸ਼ਮੀਰ ਦਾ ਅੱਖੀਂ ਡਿੱਠਾ ਹਾਲ' ਵੱਡੀ ਸਕਰੀਨ 'ਤੇ ਬਿਆਨ ਕੀਤਾ ਅਤੇ ਕਹਾਣੀਕਾਰ ਅਤਰਜੀਤ ਦੀ ਕਹਾਣੀ 'ਤੇ ਅਧਾਰਤ ਬਲਰਾਜ ਸਾਗਰ ਵੱਲੋਂ ਨਿਰਦੇਸ਼ਤ ਕਲਾਸੀਕਲ ਫ਼ਿਲਮ 'ਸਬੂਤੇ ਕਦਮ' ਦਿਖਾਈ ਗਈ।
ਪਹਿਲੀ ਨਵੰਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਉਪਰੰਤ ਝੰਡੇ ਦਾ ਗੀਤ ਹੋਏਗਾ। ਦਿਨ ਵੇਲੇ ਸਿਧਾਰਥ ਵਰਦਰਾਜਨ ਅਤੇ ਅਰੁੰਧਤੀ ਰਾਏ ਮੁੱਖ ਬੁਲਾਰੇ ਹੋਣਗੇ। 'ਇਹ ਲਹੂ ਕਿਸਦਾ ਹੈ?' ਨਾਟਕ ਤੋਂ ਇਲਾਵਾ ਗੀਤ-ਸੰਗੀਤ ਅਤੇ 4 ਵਜੇ ਵਿਚਾਰ-ਚਰਚਾ ਹੋਏਗੀ। ਸ਼ਾਮ 6 ਵਜੇ 'ਜਾਗੋ' ਉਪਰੰਤ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਸੰਬੋਧਨ ਕਰਨਗੇ ਅਤੇ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ ਹੋਏਗਾ।