ਕੋਲਕਾਤਾ : ਉੱਘੇ ਕਮਿਊਨਿਸਟ ਆਗੂ ਤੇ ਸਾਬਕਾ ਐੱਮ ਪੀ ਕਾਮਰੇਡ ਗੁਰੂਦਾਸ ਦਾਸਗੁਪਤਾ ਦਾ ਵੀਰਵਾਰ ਇਥੇ ਦਿਹਾਂਤ ਹੋ ਗਿਆ। ਉਨ੍ਹਾ ਦਾ 3 ਨਵੰਬਰ ਨੂੰ 83ਵਾਂ ਜਨਮ ਦਿਨ ਸੀ। ਉਹ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਏ ਹਨ।
ਭਾਰਤੀ ਕਮਿਊਨਿਸਟ ਪਾਰਟੀ ਦੇ ਪੱਛਮੀ ਬੰਗਾਲ ਦੇ ਸਕੱਤਰ ਸਵਪਨ ਬੈਨਰਜੀ ਨੇ ਦੱਸਿਆ ਕਿ ਉਨ੍ਹਾ ਦਾ ਦਿਹਾਂਤ ਸਵੇਰੇ 6 ਵਜੇ ਘਰ ਵਿਚ ਹੋਇਆ। ਉਹ ਕੁਝ ਸਮੇਂ ਤੋਂ ਫੇਫੜੇ ਦੇ ਕੈਂਸਰ ਤੋਂ ਪੀੜਤ ਸਨ। ਢਿੱਲੀ ਸਿਹਤ ਕਾਰਨ ਉਨ੍ਹਾ ਪਾਰਟੀ ਦੇ ਅਹੁਦੇ ਛੱਡ ਦਿੱਤੇ ਸਨ, ਹਾਲਾਂਕਿ ਉਹ ਕੌਮੀ ਐਗਜ਼ੈਕਟਿਵ ਦੇ ਮੈਂਬਰ ਬਣੇ ਰਹੇ।
ਕਾਮਰੇਡ ਦਾਸਗੁਪਤਾ 1980ਵਿਆਂ ਤੋਂ ਤਿੰਨ ਦਹਾਕੇ ਸੰਸਦ ਵਿਚ ਖੱਬੀ ਧਿਰ ਦੀ ਤਾਕਤਵਰ ਆਵਾਜ਼ ਰਹੇ। ਵੇਲੇ ਦੀਆਂ ਸਰਕਾਰਾਂ ਨੂੰ ਬੇਕਿਰਕੀ ਨਾਲ ਬੇਨਕਾਬ ਕੀਤਾ। ਕਾਰਪੋਟ ਕੁਰੱਪਸ਼ਨ ਤੇ ਆਰਥਕ ਅਪਰਾਧਾਂ ਦੇ ਖਿਲਾਫ ਲੜਾਈ ਲੜਨ ਵਾਲੇ ਅਣਥੱਕ ਮੁਜਾਹਦ ਕਾਮਰੇਡ ਦਾਸਗੁਪਤਾ ਮਿਹਨਤਕਸ਼ ਜਮਾਤ ਦੀ ਲਹਿਰ ਦੇ ਚੈਂਪੀਅਨ ਵੀ ਸਨ। ਉਨ੍ਹਾ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਵਿਚ ਸਾਰੀਆਂ ਪਾਰਟੀਆਂ ਦੀਆਂ ਟਰੇਡ ਯੂਨੀਅਨ ਨੂੰ ਇਕ ਥਾਂ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ। ਕਾਮਰੇਡ ਦਾਸਗੁਪਤਾ ਨੇ ਆਪਣਾ ਸਿਆਸੀ ਕੈਰੀਅਰ 1950 ਵਿਆਂ ਵਿਚ ਕੋਲਕਾਤਾ ਵਿਚ ਵਿਦਿਆਰਥੀ ਕਾਰਕੁਨ ਦੇ ਤੌਰ 'ਤੇ ਸ਼ੁਰੂ ਕੀਤਾ। ਉਹ ਅਣਵੰਡੇ ਬੰਗਾਲ ਦੀ ਪੋਵਿੰਸ਼ੀਅਲ ਸਟੂਡੈਂਟਸ ਫੈਡਰੇਸ਼ਨ ਦੇ 1950ਵਿਆਂ ਵਿਚ ਪ੍ਰਧਾਨ ਤੇ ਜਨਰਲ ਸੈਕਟਰੀ ਰਹੇ ਅਤੇ ਪਸ਼ਚਿਮ ਬੰਗ ਯੁਵਾ ਸੰਘ ਬਣਾਇਆ। ਇਹ ਬਾਅਦ ਵਿਚ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਬੰਗਾਲ ਯੂਨਿਟ ਵਿਚ ਵਟ ਗਿਆ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਵੇਲੇ ਉਨ੍ਹਾ ਮਾਂ ਪਾਰਟੀ ਵਿਚ ਹੀ ਰਹਿਣ ਨੂੰ ਤਰਜੀਹ ਦਿੱਤੀ। ਉਨ੍ਹਾ ਦੇ ਸਿਆਸੀ ਜੀਵਨ ਨੇ 1985 ਵਿਚ ਫੈਸਲਾਕੁੰਨ ਮੋੜ ਕੱਟਿਆ, ਜਦੋਂ ਉਹ ਰਾਜ ਸਭਾ ਲਈ ਚੁਣੇ ਗਏ। ਕਾਮਰੇਡ ਦਾਸਗੁਪਤਾ ਛੇਤੀ ਹੀ ਰਾਜ ਸਭਾ ਵਿਚ ਖੱਬੀ ਧਿਰ ਦੀ ਅਵਾਜ਼ ਬਣ ਗਏ। ਸਾਬਕਾ ਜਨਰਲ ਸੈਕਟਰੀ ਐੱਸ ਸੁਧਾਕਰ ਰੈਡੀ ਵਰਗੇ ਉਨ੍ਹਾ ਦੇ ਪਾਰਟੀ ਸਾਥੀ ਖੇਤ ਮਜ਼ਦੂਰਾਂ ਦੀਆਂ ਹਾਲਤਾਂ ਬਾਰੇ ਕਿਰਤ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਸਬ-ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾ ਦੇ ਕੰਮ ਨੂੰ ਚੇਤੇ ਕਰਦੇ ਹਨ। ਕਾਮਰੇਡ ਰੈਡੀ ਮੁਤਾਬਕ ਉਹ ਸਬ-ਕਮੇਟੀ ਦੇ ਮੈਂਬਰਾਂ ਨਾਲ ਦੇਸ਼-ਭਰ ਵਿਚ ਘੁੰਮੇ ਅਤੇ ਲਾਹੇਵੰਦ ਸਿਫਾਰਸ਼ਾਂ ਕੀਤੀਆਂ। ਖੇਤ ਮਜ਼ਦੂਰਾਂ ਦੀ ਸਮਾਜੀ ਸੁਰੱਖਿਆ ਤੇ ਘੱਟੋ-ਘੱਟ ਉਜਰਤਾਂ ਬਾਰੇ ਸੁਝਾਅ ਤਾਂ ਮੁੱਢ ਬੰਨ੍ਹਣ ਵਾਲੇ ਸਨ। ਉਨ੍ਹਾ ਦੇ ਸੰਸਦੀ ਕੈਰੀਅਰ ਦਾ ਨਵਾਂ ਮੋੜ 1990ਵਿਆਂ ਵਿਚ ਆਇਆ, ਜਦੋਂ ਉਨ੍ਹਾ ਹਰਸ਼ਦ ਮਹਿਤਾ ਸਕੈਂਡਲ ਸੰਸਦ ਵਿਚ ਚੁੱਕਿਆ। ਉਨ੍ਹਾ ਇਸ ਮਾਮਲੇ ਵਿਚ ਕਈ ਬੇਨੇਮੀਆਂ ਬੇਨਕਾਬ ਕੀਤੀਆਂ। ਇਸ ਸਕੈਂਡਲ ਨੇ ਸਕਿਓਰਟੀਜ਼ ਮਾਰਕਿਟ ਤੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਵੇਲੇ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿਮ੍ਹਾ ਰਾਓ ਦੀ ਸਰਕਾਰ ਨੂੰ ਸਕੈਂਡਲ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਕਾਇਮ ਕਰਨੀ ਪਈ। ਕਾਂਗਰਸ ਦੇ ਰਾਮ ਨਿਵਾਸ ਮਿਰਧਾ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਦੇ ਕਾਮਰੇਡ ਦਾਸਗੁਪਤਾ ਮੈਂਬਰ ਸਨ। ਉਨ੍ਹਾ ਦੀ ਪਾਰਟੀ ਦੇ ਸਾਥੀ ਉਨ੍ਹਾ ਵੱਲੋਂ ਮਰਹੂਮ ਸੀ ਪੀ ਆਈ (ਐੱਮ) ਆਗੂ ਸੋਮਨਾਥ ਚੈਟਰਜੀ ਨਾਲ ਮਿਲ ਕੇ ਸਕੈਂਡਲ ਦੇ ਸੰਬੰਧ ਵਿਚ ਨੌਕਰਸ਼ਾਹਾਂ ਦੀ ਕੀਤੀ ਗਈ ਤਿੱਖੀ ਪੁੱਛਗਿੱਛ ਨੂੰ ਚੇਤੇ ਕਰਾਉਂਦੇ ਹਨ। ਸਾਂਝੀ ਸੰਸਦੀ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਨਾਖੁਸ਼ ਹੁੰਦਿਆਂ ਕਾਮਰੇਡ ਦਾਸਗੁਪਤਾ ਨੇ ਬਦਲਵੀਂ ਰਿਪੋਰਟ ਲਿਖੀ, ਜਿਸ ਵਿਚ ਉਨ੍ਹਾਂ ਕੁਝ ਲੋਕਾਂ ਦਾ ਨਾਂਅ ਲਿਆ, ਜਿਹੜੇ ਕਿ ਸਰਕਾਰੀ ਰਿਪੋਰਟ ਵਿਚ ਦਰਜ ਨਹੀਂ ਕੀਤੇ ਗਏ ਸਨ। ਇਹ ਰਿਪੋਰਟ ਬਾਅਦ ਵਿਚ ਇਕ ਕਿਤਾਬ ਦੇ ਰੂਪ ਵਿਚ ਛਪੀ, ਜਿਸ ਦਾ ਸਿਰਲੇਖ ਸੀ-'ਸਕਿਓਰਟੀਜ਼ ਸਕੈਂਡਲ ਐਂਡ ਏ ਰਿਪੋਰਟ ਟੂ ਦੀ ਨੇਸ਼ਨ।' ਕਾਮਰੇਡ ਦਾਸਗੁਪਤਾ ਵਲਵਲੇਖੇਜ ਤਕਰੀਰਾਂ ਲਈ ਜਾਣੇ ਜਾਂਦੇ ਸਨ। ਉਹ 1985, 1988 ਤੇ 1994 ਵਿਚ ਰਾਜ ਸਭਾ ਅਤੇ ਫਿਰ 2004 ਤੇ 2009 ਵਿਚ ਲੋਕ ਸਭਾ ਦੇ ਮੈਂਬਰ ਰਹੇ। 2009 ਵਿਚ ਉਹ ਲੋਕ ਸਭਾ ਵਿਚ ਪਾਰਟੀ ਦੇ ਆਗੂ ਬਣੇ। ਉਹ 2-ਜੀ ਸਪੈਕਟਰਮ ਸਕੈਂਡਲ ਦੀ ਜਾਂਚ ਕਰਨ ਵਾਲੀ ਸਾਂਝੀ ਸੰਸਦੀ ਕਮੇਟੀ ਦੇ ਮੈਂਬਰ ਵੀ ਰਹੇ।