Latest News
ਕੈਪਟਨ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ

Published on 01 Nov, 2019 09:33 AM.

ਚੰਡੀਗੜ੍ਹ (ਗੁਰਜੀਤ ਬਿੱਲਾ)-ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਨਿਵੇਕਲੇ ਉਦਮ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਕੈਬਨਿਟ ਦੇ ਸਾਥੀਆਂ ਸਣੇ ਇਸ ਹਾਈਟੈੱਕ ਵਿਭਾਗੀ ਤੇ ਅੰਤਰ-ਵਿਭਾਗੀ ਸੁਵਿਧਾ ਨੂੰ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਆਉਂਦੀਆਂ ਨਵੀਆਂ ਤਕਨੀਕਾਂ ਨੂੰ ਨਿਰੰਤਰ ਲਾਗੂ ਕਰਦੇ ਰਹਿਣ।
ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਜਿਸ ਸਦਕਾ ਸਾਰੇ ਪ੍ਰਸ਼ਾਸਕੀ ਵਿਭਾਗ ਅਤੇ ਸਮੂਹ ਡਿਪਟੀ ਕਮਿਸ਼ਨਰ ਦਫਤਰ ਪੋਰਟਲ ਉਤੇ ਤੁਰੰਤ ਲਾਈਵ ਹੋ ਕੇ ਸਾਰੀਆਂ ਨਵੀਆਂ ਫਾਈਲਾਂ ਅਤੇ ਵਿਚਾਰ ਅਧੀਨ ਪੱਤਰਾਂ ਨੂੰ ਅਪਲੋਡ ਕਰ ਸਕਣਗੇ। ਸਰਕਾਰੀ ਸੇਵਾਵਾਂ ਨੂੰ ਨਿਰਵਿਘਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਨਿਭਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮਾਲ ਰਿਕਾਰਡ ਦੀ ਆਨਲਾਈਨ ਟਰਾਂਸਮਿਸ਼ਨ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ ਜਿਸ ਦੀ ਉਹ ਨਿੱਜੀ ਤੌਰ 'ਤੇ ਨਿਰੰਤਰ ਸਮੀਖਿਆ ਕਰ ਰਹੇ ਹਨ। ਉਨ੍ਹਾਂ ਸਾਰੇ ਵਿਭਾਗਾਂ ਅਤੇ ਹੋਰ ਫੀਲਡ ਦਫਤਰਾਂ ਲਈ ਪਹਿਲੀ ਜਨਵਰੀ 2020 ਤੱਕ ਨਵਾਂ ਈ-ਆਫਿਸ ਸਿਸਟਮ ਅੱਪਗ੍ਰੇਡ ਕਰਨ ਦੀ ਸਮਾਂ ਸੀਮਾ ਤੈਅ ਕੀਤੀ। ਨਵਾਂ ਸਿਸਟਮ ਜੋ ਆਈ.ਡਬਲਿਊ.ਡੀ.ਐਮ.ਐਸ. ਪ੍ਰਣਾਲੀ ਦਾ ਬਦਲ ਹੋਵੇਗਾ, ਕੌਮੀ ਸਾਫਟਵੇਅਰ ਉਤਪਾਦ ਹੈ ਜੋ ਪੰਜਾਬ ਸਰਕਾਰ ਤੇ ਕੌਮੀ ਸੂਚਨਾ ਕੇਂਦਰ (ਐਨ.ਆਈ.ਸੀ.) ਦੀ ਪਹਿਲ ਹੈ। ਮੁੱਖ ਮੰਤਰੀ ਨੇ ਪੰਜਾਬ ਵਿੱਚ ਦਫਤਰੀ ਰਿਕਾਰਡ ਦੇ ਤੇਜ਼ੀ ਨਾਲ ਕੀਤੇ ਡਿਜ਼ਟਾਈਲਜੇਸ਼ਨ ਦੇ ਕੰਮ ਉਪਰ ਤਸੱਲੀ ਜ਼ਾਹਰ ਕਰਦਿਆਂ ਇਹ ਆਸ ਪ੍ਰਗਟਾਈ ਕਿ ਨਵੇਂ ਉਦਮ ਨਾਲ ਸਰਕਾਰੀ ਦਫਤਰਾਂ ਵਿੱਚ ਕੰਮ ਸੱਭਿਆਚਾਰ ਅਤੇ ਨੈਤਿਕਤਾ ਵਿੱਚ ਹੋਰ ਤਬਦੀਲੀ ਆਵੇਗੀ। ਇਸ ਤੋਂ ਇਲਾਵਾ ਹੱਥੀ ਫਾਈਲਾਂ ਤੋਰਨ ਦੀ ਬਜਾਏ ਆਨਲਾਈਨ ਕਰਨ ਨਾਲ ਕਰਮਚਾਰੀਆਂ ਉਪਰ ਕੰਮ ਦਾ ਬੋਝ ਵੀ ਘਟੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਤਕਨੀਕੀ ਤਰੱਕੀ ਦੇ ਨਾਲ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਕੰਮ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਲੋਕਾਂ ਨੂੰਪ੍ਰਭਾਵਸ਼ਾਲੀ, ਪਾਰਦਰਸ਼ੀ ਤਰੀਕੇ ਨਾਲ ਦਿੱਕਤ ਰਹਿਤ ਸੇਵਾਵਾਂ ਮੁਹੱਈਆ ਕਰਵਾਉਣ।
ਇਸ ਤੋਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਵਿਸਥਾਰ ਵਿੱਚ ਪੇਸ਼ਕਾਰੀ ਦਿੰਦਿਆਂ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਪਹਿਲਾਂ ਹੀ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਚੰਡੀਗੜ੍ਹ ਤਾਇਨਾਤ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਵਿਆਪਕ ਸਿਖਲਾਈ ਦਿੱਤੀ ਗਈ ਹੈ।
ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਮੈਗਸੀਪਾ ਵਿੱਚ ਅਕਤੂਬਰ ਮਹੀਨੇ ਕੀਤਾ ਗਿਆ ਸੀ। ਸਿਖਲਾਈ ਪ੍ਰੋਗਰਾਮ ਤੋਂ ਬਾਅਦ ਟਰਾਇਲ ਵਜੋਂ ਵਿਭਾਗ ਨੇ ਆਪਣੀਆਂ ਬਰਾਂਚਾਂ ਵਿੱਚ ਇਸ ਸਾਲ 15 ਅਕਤੂਬਰ ਤੋਂ ਈ-ਆਫਿਸ ਪ੍ਰਾਜਕੈਟ ਲਾਗੂ ਕੀਤਾ ਹੋਇਆ ਹੈ ਜਿਸ ਤਹਿਤ 1,21,669 ਈ-ਫਾਇਲਾਂ ਅਤੇ 6,61,550 ਈ-ਰਸੀਦਾਂ ਕੱਢੀਆਂ ਜਾ ਚੁੱਕੀਆਂ ਹਨ।

166 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper