Latest News
ਠਾਕਰੇ ਦੀ ਪਵਾਰ ਨਾਲ ਫੋਨ 'ਤੇ ਗੱਲਬਾਤ

Published on 01 Nov, 2019 09:36 AM.

ਮੁੰਬਈ : ਸਰਕਾਰ ਬਣਾਉਣ ਲਈ ਖਿੱਚੋਤਾਣ ਦਰਮਿਆਨ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਵੀਰਵਾਰ ਰਾਤ ਐਨ ਸੀ ਪੀ ਪ੍ਰਧਾਨ ਸ਼ਰਦ ਪਵਾਰ ਨਾਲ ਫੋਨ 'ਤੇ ਗੱਲਬਾਤ ਕੀਤੀ। ਦਰਅਸਲ ਉਦੋਂ ਸੀਨੀਅਰ ਸ਼ਿਵ ਸੈਨਾ ਆਗੂ ਸੰਜੇ ਰਾਉਤ ਪਵਾਰ ਨੂੰ ਮਿਲਣ ਪੁੱਜੇ ਹੋਏ ਸਨ ਤੇ ਠਾਕਰੇ ਨੇ ਉਨ੍ਹਾ ਦੇ ਫੋਨ 'ਤੇ ਹੀ ਪਵਾਰ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਇਹ ਪਤਾ ਲਾਉਣ ਲਈ ਸੀ ਕਿ ਜੇ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਲਈ ਐਨ ਸੀ ਪੀ ਤੇ ਕਾਂਗਰਸ ਦੇ ਵਿਧਾਇਕਾਂ ਦੀ ਲੋੜ ਪਈ ਤਾਂ ਕੀ ਹਮਾਇਤ ਮਿਲ ਜਾਵੇਗੀ। ਗੱਲਬਾਤ ਦੌਰਾਨ ਸੰਭਾਵਤ ਗਠਜੋੜ ਦੇ ਕੁਝ ਨੁਕਤਿਆਂ 'ਤੇ ਚਰਚਾ ਹੋਈ, ਜਿਨ੍ਹਾਂ ਵਿਚ ਇਕ ਐਨ ਸੀ ਪੀ ਤੇ ਕਾਂਗਰਸ ਵੱਲੋਂ ਬਾਹਰੋਂ ਹਮਾਇਤ ਦੇਣਾ ਵੀ ਸੀ। 288 ਮੈਂਬਰੀ ਅਸੰਬਲੀ ਦੀਆਂ ਚੋਣਾਂ ਭਾਜਪਾ ਤੇ ਸ਼ਿਵ ਸੈਨਾ ਰਲਕੇ ਲੜੀਆਂ ਸਨ। ਭਾਜਪਾ 105 ਤੇ ਸ਼ਿਵ ਸੈਨਾ 56 ਸੀਟਾਂ ਜਿੱਤੀ। ਸ਼ਿਵ ਸੈਨਾ ਐਨ ਸੀ ਪੀ ਤੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾਉਣ ਲਈ ਲੋੜੀਂਦੇ 145 ਵਿਧਾਇਕ ਜੁਟਾ ਸਕਦੀ ਹੈ। ਪਵਾਰ ਨਾਲ ਮੀਟਿੰਗ ਤੋਂ ਬਾਅਦ ਸੰਜੇ ਰਾਉਤ ਨੇ ਸ਼ੁੱਕਰਵਾਰ ਭਾਜਪਾ 'ਤੇ ਹਮਲਾ ਕਰਦਿਆਂ ਕਿਹਾ ਕਿ ਹੰਕਾਰ ਸਿਕੰਦਰ ਨੂੰ ਵੀ ਲੈ ਡੁੱਬਿਆ ਸੀ। ਰਾਉਤ ਨੇ ਟਵੀਟ ਕੀਤਾ : ਮਤ ਪਾਲੀਏ ਅਹੰਕਾਰ ਕੋ ਇਤਨਾ, ਵਕਤ ਕੇ ਸਾਗਰ ਮੇਂ ਕਈ ਸਿਕੰਦਰ ਡੂਬ ਗਏ। ਉਨ੍ਹਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਬਣਾਉਣ ਲਈ ਭਾਜਪਾ ਨਾਲ ਕੋਈ ਵਾਰਤਾ ਨਹੀਂ ਹੋਈ ਹੈ, ਪਰ ਤੁਸੀਂ ਲਿਖ ਕੇ ਲੈ ਲਓ, ਇਸ ਵਾਰ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ। ਸ਼ਿਵ ਸੈਨਾ ਨੇ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਤਾਂ ਉਹ ਸਥਿਰ ਸਰਕਾਰ ਬਣਾਉਣ ਲਈ ਲੋੜੀਂਦੇ ਵਿਧਾਇਕਾਂ ਦਾ ਜੁਗਾੜ ਕਰ ਸਕਦੀ ਹੈ। ਦੂਜੇ ਪਾਸੇ ਵਿੱਤ ਮੰਤਰੀ ਸੁਧੀਰ ਮੁਗੰਟੀਵਰ ਨੇ ਕਿਹਾ ਹੈ ਕਿ 7 ਨਵੰਬਰ ਤਕ ਸਰਕਾਰ ਨਾ ਬਣੀ ਤਾਂ ਰਾਸ਼ਟਰਪਤੀ ਰਾਜ ਲਗ ਸਕਦਾ ਹੈ। ਅਸੰਬਲੀ ਦੀ ਮਿਆਦ 8 ਨਵੰਬਰ ਤਕ ਹੀ ਹੈ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper