ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ 15ਵੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਸਭ ਰਸਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਨਵੰਬਰ ਨੂੰ ਬੁਲਾਇਆ ਜਾ ਰਿਹਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਦੇਸ਼ ਦੇ ਉਪ ਰਾਸ਼ਟਰਪਤੀ ਵੈਕੱਈਆ ਨਾਇਡੂ ਵੱਲੋਂ ਕੀਤੀ ਜਾਵੇਗੀ। ਸੈਸ਼ਨ ਪਹਿਲੇ ਸਿੱਖ ਗੁਰੂ ਜੀ ਦੇ ਫਲਸਫੇ ਅਤੇ ਸਿੱਖਿਆਵਾਂ ਦੇ ਪ੍ਰਚਾਰ ਤੇ ਪਸਾਰ ਕਰਨ ਲਈ ਬੁਲਾਇਆ ਗਿਆ ਹੈ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੀ ਸ਼ਾਮਲ ਹੋਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ 15ਵੀਂ ਵਿਧਾਨ ਸਭਾ ਦੇ ਇਸ ਨੌਵੇਂ ਇਤਿਹਾਸਕ ਸੈਸ਼ਨ ਲਈ ਹਰਿਆਣਾ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਸੱਦਾ ਦਿੱਤਾ ਜਾਵੇਗਾ।
ਇਸ ਦੌਰਾਨ ਪੰਜਾਬ ਵਜ਼ਾਰਤ ਨੇ ਸਰਵ ਸੰਮਤੀ ਨਾਲ ਮਤਾ ਪਾਸ ਕਰਦਿਆਂ ਸ਼ਾਂਤੀ ਤੇ ਅੰਤਰ ਧਰਮ ਸਹਿ ਹੋਂਦ ਨੂੰ ਉਤਸ਼ਾਹਤ ਕਰਨ ਲਈ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੇ ਹਿੱਸੇ ਵਜੋਂ 'ਸ੍ਰੀ ਗੁਰੂ ਨਾਨਕ ਦੇਵ ਜੀ ਐਵਾਰਡ' ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਐਵਾਰਡ ਵਿੱਚ ਇਕ ਸਨਮਾਨ ਪੱਤਰ ਤੇ 11 ਲੱਖ ਰੁਪਏ ਦਾ ਨਗਦ ਇਨਾਮ ਸ਼ਾਮਲ ਹੋਵੇਗਾ। ਇਹ ਐਵਾਰਡ ਹਰ ਸਾਲ ਦਿੱਤਾ ਜਾਵੇਗਾ ਅਤੇ ਇਸ ਐਵਾਰਡ ਲਈ ਚੋਣ ਜਿਊਰੀ ਵੱਲੋਂ ਕੀਤੀ ਜਾਵੇਗੀ ਜੋ ਕਿ ਸੂਬਾ ਸਰਕਾਰ ਵੱਲੋਂ ਬਣਾਈ ਜਾਵੇਗੀ।