Latest News
ਕਰੇ ਕੋਈ, ਭਰੇ ਕੋਈ

Published on 03 Nov, 2019 07:48 AM.


ਮਹਾਰਾਸ਼ਟਰ ਵਿਚਲੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ (ਪੀ ਐੱਮ ਸੀ ਬੈਂਕ) ਉੱਤੇ ਆਰ ਬੀ ਆਈ ਵੱਲੋਂ ਲਾਈਆਂ ਰੋਕਾਂ ਤੋਂ ਬਾਅਦ ਹੁਣ ਤੱਕ 8 ਖਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ। ਆਰ ਬੀ ਆਈ ਨੇ ਬੈਂਕ ਵਿੱਚ ਹੋਈਆਂ ਵਿੱਤੀ ਗੜਬੜੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਗਾਹਕਾਂ ਦੇ ਪੈਸੇ ਕਢਾਉਣ ਦੀ ਹੱਦ ਤੈਅ ਕਰਨ ਸਮੇਤ ਕਈ ਕਿਸਮ ਦੀਆਂ ਹੋਰ ਰੋਕਾਂ ਲਾ ਦਿੱਤੀਆਂ ਸਨ।
ਇੱਕ ਅਖ਼ਬਾਰੀ ਰਿਪੋਰਟ ਅਨੁਸਾਰ ਦੋ ਖਾਤਾਧਾਰਕਾਂ 64 ਸਾਲਾ ਕੁਲਦੀਪ ਕੌਰ ਵਿੱਜ ਅਤੇ 43 ਸਾਲਾ ਰਣਜੀਤ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਕੁਲਦੀਪ ਕੌਰ ਵਿੱਜ ਦੇ ਪਤੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬੈਂਕ ਵਿੱਚ ਫਸੇ ਆਪਣੇ ਪੈਸਿਆਂ ਕਾਰਨ ਚਿੰਤਾਗ੍ਰਸਤ ਸੀ। ਟੀ ਵੀ ਉੱਤੇ ਬੈਂਕ ਦੇ ਵਿਰੁੱਧ ਹੋਏ ਇੱਕ ਮੁਜ਼ਾਹਰੇ ਨੂੰ ਦੇਖਣ ਬਾਅਦ ਉਹ ਤਣਾਅ ਵਿੱਚ ਆ ਗਈ ਤੇ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਵਿੱਚ ਲਿਜਾਣ ਉਪਰੰਤ ਉਸ ਦਾ ਦਿਹਾਂਤ ਹੋ ਗਿਆ। ਉਨ੍ਹਾ ਦੱਸਿਆ ਕਿ ਉਸ ਦਾ ਆਪਣਾ ਖਾਤਾ ਵੀ ਪੀ ਐੱਮ ਸੀ ਬੈਂਕ ਵਿੱਚ ਹੈ। ਸਾਡੀ ਸਿਹਤ ਬੀਮੇ ਦੀ ਪਾਲਸੀ ਵੀ ਰੀਨਿਊ ਨਹੀਂ ਹੋ ਰਹੀ, ਕਿਉਂਕਿ ਕੋਈ ਵੀ ਪੀ ਐੱਮ ਸੀ ਬੈਂਕ ਦੇ ਚੈੱਕ ਲੈਣ ਨੂੰ ਤਿਆਰ ਨਹੀਂ।
ਮੁੰਬਈ ਵਿੱਚ ਰਹਿਣ ਵਾਲੇ ਰਣਜੀਤ ਪੁਰੀ ਦੇ ਪਰਵਾਰ ਵਾਲਿਆਂ ਨੇ ਦੱਸਿਆ ਕਿ ਉਹ ਬੈਂਕ ਵਿਚਲੇ ਆਪਣੇ ਖਾਤਿਆਂ ਕਾਰਨ ਡਾਢੇ ਫਿਕਰਮੰਦ ਸਨ, ਕਿਉਂਕਿ ਸਾਡਾ ਕਾਰੋਬਾਰ ਰੁਕ ਗਿਆ ਸੀ। ਪੁਰੀ ਇੱਕ ਕੰਮ ਦੇ ਸਿਲਸਿਲੇ ਵਿੱਚ ਸੋਲਾਪੁਰ ਗਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਕਾਰਣ ਉਨ੍ਹਾ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁਲੰਡ ਵਾਸੀ ਕੇਸ਼ੂਮਲਭਾਈ ਹਿੰਦੂਜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। 68 ਸਾਲਾ ਮ੍ਰਿਤਕ ਦੇ ਪਰਵਾਰਕ ਸੂਤਰਾਂ ਮੁਤਾਬਕ ਆਰ ਬੀ ਆਈ ਵੱਲੋਂ ਬੈਂਕ ਉੱਤੇ ਰੋਕਾਂ ਲਾਉਣ ਤੋਂ ਬਾਅਦ ਉਹ ਤਣਾਅ ਵਿੱਚ ਰਹਿੰਦੇ ਸਨ।
ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਜੈੱਟ ਏਅਰਵੇਜ਼ ਦੇ ਸਾਬਕਾ ਕਰਮਚਾਰੀ 51 ਸਾਲਾ ਸੰਜੈ ਗੁਲਾਟੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਉਹ ਉਸ ਦਿਨ ਬੈਂਕ ਵਿਰੁੱਧ ਹੋਏ ਇੱਕ ਮੁਜ਼ਾਹਰੇ ਵਿੱਚ ਸ਼ਾਮਲ ਹੋ ਕੇ ਘਰ ਪੁੱਜੇ ਤਾਂ ਉਨ੍ਹਾ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਇੱਕ ਹੋਰ ਖਾਤਾਧਾਰਕ ਫਤੇ ਮੱਲ ਪੰਜਾਬੀ ਦੀ ਉਸ ਤੋਂ ਅਗਲੇ ਦਿਨ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 56 ਸਾਲਾ ਫਤੇ ਮੱਲ ਪੰਜਾਬੀ ਦੀ ਮੁਲੰਡ ਵਿੱਚ ਦੁਕਾਨ ਸੀ ਤੇ ਖਾਤੇ ਉੱਤੇ ਲੱਗੀ ਰੋਕ ਕਾਰਨ ਉਸ ਦਾ ਕਾਰੋਬਾਰ ਚੌਪਟ ਹੋ ਗਿਆ ਸੀ। ਉਸੇ ਦਿਨ 15 ਅਕਤੂਬਰ ਨੂੰ ਹੀ 39 ਸਾਲਾ ਇੱਕ ਹੋਰ ਖਾਤਾਧਾਰਕ ਨੇ ਵਿੱਤੀ ਪ੍ਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਲਈ ਸੀ। ਇਸ ਮਾਮਲੇ ਵਿੱਚ ਇੱਕ ਹੋਰ ਖਾਤਾਧਾਰਕ ਮੁਰਲੀਧਰ ਵੀ ਜਾਨ ਦੇ ਚੁੱਕਾ ਹੈ। ਉਸ ਦੀ ਬਾਈਪਾਸ ਸਰਜਰੀ ਹੋਣੀ ਸੀ, ਪਰ ਪੈਸੇ ਦੀ ਕਮੀ ਕਾਰਨ ਉਹ ਬਾਈਪਾਸ ਸਰਜਰੀ ਨਾ ਕਰਾ ਸਕਿਆ। ਇਸ ਕਾਰਨ ਮੁਰਲੀਧਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇੱਕ ਹੋਰ ਖਾਤਾਧਾਰਕ 73 ਸਾਲਾ ਭਾਰਤੀ ਸਦਰੰਗਨੀ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।
ਬੈਂਕ ਦੇ ਕੰਮਕਾਰ ਵਿੱਚ ਗੜਬੜੀਆਂ ਅਤੇ ਰੀਅਲ ਅਸਟੇਟ ਕੰਪਨੀ ਐੱਚ ਡੀ ਆਈ ਐੱਲ ਨੂੰ ਦਿੱਤੇ ਗਏ ਕਰਜ਼ੇ ਸੰਬੰਧੀ ਸਹੀ ਸੂਚਨਾ ਨਾ ਦੇਣ ਕਾਰਨ ਆਰ ਬੀ ਆਈ ਵੱਲੋਂ ਬੈਂਕ ਉੱਤੇ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਵਿੱਚ ਇੱਕ ਛੋਟੀ ਰਕਮ ਤੋਂ ਵੱਧ ਖਾਤਾਧਾਰਕਾਂ ਨੂੰ ਪੈਸਾ ਨਾ ਕਢਵਾ ਸਕਣ ਦੀ ਪਾਬੰਦੀ ਵੀ ਸ਼ਾਮਲ ਸੀ। ਸਵਾਲ ਪੈਦਾ ਹੁੰਦਾ ਹੈ ਕਿ ਬੈਂਕ ਵਿੱਚ ਗੜਬੜੀਆਂ ਤਾਂ ਪ੍ਰਬੰਧਕਾਂ ਵੱਲੋਂ ਕੀਤੀਆਂ ਗਈਆਂ, ਫਿਰ ਸਜ਼ਾ ਖਾਤਾਧਾਰਕਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ? ਬੈਂਕ ਫਰਾਡ ਦੇ ਦੋ ਮੁੱਖ ਦੋਸ਼ੀ ਦਲਜੀਤ ਸਿੰਘ ਬੱਲ ਤੇ ਗੁਰਨਾਮ ਸਿੰਘ ਹੋਠੀ ਹਾਲੇ ਤੱਕ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ। ਇਹ ਵੀ ਪਤਾ ਨਹੀਂ ਕਿ ਉਹ ਕਿੱਥੇ ਹਨ, ਹੋ ਸਕਦਾ ਹੈ ਨੀਰਵ ਮੋਦੀ ਤੇ ਵਿਜੇ ਮਾਲਿਆ ਵਾਂਗ ਉਹ ਵੀ ਵਿਦੇਸ਼ ਉਡਾਰੀ ਮਾਰ ਗਏ ਹੋਣ। ਜਿਨ੍ਹਾਂ ਲੋਕਾਂ ਨੇ ਆਪਣੀ ਉਮਰ ਭਰ ਦੀ ਕਮਾਈ ਇਸ ਉਮੀਦ ਨਾਲ ਬੈਂਕ ਵਿੱਚ ਜਮ੍ਹਾਂ ਕਰਵਾਈ ਕਿ ਲੋੜ ਪੈਣ ਉੱਤੇ ਉਹ ਉਸ ਨੂੰ ਜ਼ਰੂਰੀ ਲੋੜਾਂ ਲਈ ਵਰਤ ਸਕਣਗੇ, ਅੱਜ ਪੈਸੇ-ਪੈਸੇ ਦੇ ਮੁਥਾਜ ਹੋ ਚੁੱਕੇ ਹਨ। ਇਸ ਲਈ ਜ਼ਰੂਰੀ ਹੈ ਕਿ ਇਸ ਸੰਬੰਧੀ ਸਰਕਾਰ ਜ਼ਰੂਰੀ ਕਦਮ ਚੁੱਕੇ, ਤਾਂ ਜੋ ਖਾਤਾਧਾਰਕਾਂ ਦੀਆ ਮੌਤਾਂ ਦੇ ਦਿਨ-ਬ-ਦਿਨ ਵਧ ਰਹੇ ਅੰਕੜੇ ਨੂੰ ਰੋਕਿਆ ਜਾ ਸਕੇ। ਜੇਕਰ ਇਸ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਦਾ ਬੈਂਕਾਂ ਤੋਂ ਵਿਸ਼ਵਾਸ ਉਠ ਜਾਵੇਗਾ, ਜੋ ਨਾ ਸਰਕਾਰ ਦੇ ਭਲੇ ਵਿੱਚ ਹੋਵੇਗਾ ਤੇ ਨਾ ਹੀ ਦੇਸ਼ ਦੇ।

802 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper