Latest News
ਦੂਹਰੀਆਂ ਖੁਸ਼ੀਆਂ

Published on 04 Nov, 2019 11:06 AM.

ਦੀਵਾਲੀ ਤੋਂ ਬਾਅਦ ਇਕ ਤੇ ਦੋ ਨਵੰਬਰ ਖੇਡ ਪ੍ਰੇਮੀਆਂ ਲਈ ਕਾਫੀ ਖੁਸ਼ੀਆਂ ਲੈ ਕੇ ਆਏ, ਪਰ ਇਲੈਕਟ੍ਰਾਨਿਕ ਮੀਡੀਆ ਵਿਚ ਸਿਆਸੀ ਰੌਲੇ-ਗੌਲੇ ਅਤੇ ਬੰਗਲਾਦੇਸ਼ ਦੀ ਕ੍ਰਿਕਟ ਟੀਮ ਤਿੰਨ ਨਵੰਬਰ ਨੂੰ ਦਿੱਲੀ ਦੇ ਜ਼ਹਿਰੀਲੇ ਵਾਤਾਵਰਣ ਵਿਚ ਟੀ-20 ਮੈਚ ਖੇਡੇਗੀ ਕਿ ਨਹੀਂ, ਦੇ ਸਸਪੈਂਸ ਦੀਆਂ ਖਬਰਾਂ ਕਾਰਨ ਇਨ੍ਹਾਂ ਖੁਸ਼ੀਆਂ ਨੂੰ ਬਹੁਤੇ ਲੋਕ ਸਾਂਝੀਆਂ ਨਹੀਂ ਕਰ ਸਕੇ। ਭੁਬਨੇਸ਼ਵਰ ਵਿਚ ਸ਼ੁੱਕਰਵਾਰ ਨੂੰ ਮਹਿਲਾ ਹਾਕੀ ਟੀਮ ਨੇ ਅਮਰੀਕਾ ਅਤੇ ਸ਼ਨੀਵਾਰ ਮਰਦਾਂ ਦੀ ਟੀਮ ਨੇ ਰੂਸ ਨੂੰ ਹਰਾ ਕੇ ਅਗਲੇ ਸਾਲ ਟੋਕੀਓ ਵਿਚ ਹੋਣ ਜਾ ਰਹੀ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ । ਹਾਲਾਂਕਿ ਉਲੰਪਿਕ ਲਈ ਕੁਆਲੀਫਾਈ ਕਰ ਲੈਣਾ ਹੀ ਬਹੁਤ ਵੱਡੀ ਪ੍ਰਾਪਤੀ ਨਹੀਂ ਹੁੰਦਾ, ਪਰ ਪਿਛਲੇ ਪ੍ਰਦਰਸ਼ਨ ਨੂੰ ਦੇਖਦਿਆਂ ਭਾਰਤੀ ਟੀਮਾਂ ਲਈ ਇਹ ਪ੍ਰਾਪਤੀ ਵਾਕਈ ਵੱਡੀ ਹੈ। 1928 ਤੋਂ ਲੈ ਕੇ 1956 ਤੱਕ ਲਗਾਤਾਰ 6 ਗੋਲਡ ਮੈਡਲ ਜਿੱਤਣ, 1960 ਵਿਚ ਸਿਲਵਰ ਤੇ 1964 ਵਿਚ ਟੋਕੀਓ ਵਿਚ ਫਿਰ ਗੋਲਡ ਮੈਡਲ ਜਿੱਤਣ ਵਾਲੀ ਮਰਦਾਂ ਦੀ ਟੀਮ ਦਾ ਉਥੋਂ ਤੱਕ ਦਾ ਸੁਨਹਿਰੀ ਇਤਿਹਾਸ ਰਿਹਾ ਹੈ। ਇਸ ਤੋਂ ਬਾਅਦ ਇਸ ਨੇ 1980 ਦੀ ਮਾਸਕੋ ਉਲੰਪਿਕ ਵਿਚ ਹੀ ਗੋਲਡ ਮੈਡਲ ਚੁੰਮਿਆ ਸੀ, ਪਰ ਪੱਛਮੀ ਟੀਮਾਂ ਵੱਲੋਂ ਮਾਸਕੋ ਉਲੰਪਿਕ ਦਾ ਬਾਈਕਾਟ ਕਰਨ ਕਰਕੇ ਹਾਕੀ ਦੇ ਜਾਣਕਾਰਾਂ ਨੂੰ ਇਸ ਗੋਲਡ ਦੀ ਚਮਕ ਖਾਸ ਨਹੀਂ ਲੱਗੀ ਸੀ। ਉਸ ਤੋਂ ਬਾਅਦ ਤਾਂ ਟੀਮ ਢਲਾਣ 'ਤੇ ਹੀ ਰਹੀ। ਹਾਕੀ ਵਿੱਚ ਸਭ ਤੋਂ ਵੱਧ ਗੋਲਡ ਮੈਡਲ ਜਿੱਤਣ ਵਾਲਾ ਦੇਸ਼ 2008 ਦੀ ਬੀਜਿੰਗ ਲਈ ਤਾਂ ਕੁਆਲੀਫਾਈ ਵੀ ਨਹੀਂ ਕਰ ਸਕਿਆ ਤੇ 2012 ਦੀ ਲੰਡਨ ਉਲੰਪਿਕ ਵਿਚ ਫਾਡੀ ਰਿਹਾ। 1964 ਤੋਂ ਬਾਅਦ ਟੀਮ ਨੇ 1975 ਦਾ ਵਰਲਡ ਹਾਕੀ ਕੱਪ ਜਿੱਤ ਕੇ ਲਿਸ਼ਕਾਰਾ ਮਾਰਿਆ, ਪਰ ਫਿਰ ਕੋਈ ਮਾਅਰਕਾ ਮਾਰ ਕੇ ਨਹੀਂ ਦਿਖਾ ਸਕੀ। 1975 ਦੀ ਟੀਮ ਪੰਜਾਬ ਦੇ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਖੁਦ ਤਿਆਰ ਕਰਵਾਈ ਸੀ, ਕਿਉਂਕਿ ਟੀਮ ਦੀ ਮਾੜੀ ਕਾਰਕਰਦਗੀ ਤੋਂ ਪੰਜਾਬੀ ਬਹੁਤ ਨਿਰਾਸ਼ ਹੋ ਗਏ ਸਨ। ਮਹਿਲਾ ਟੀਮ ਨੇ ਇਸ ਤੋਂ ਪਹਿਲਾਂ 1980 ਵਿਚ ਮਾਸਕੋ ਉਲੰਪਿਕ ਤੇ 36 ਸਾਲਾਂ ਬਾਅਦ ਰੀਓ ਉਲੰਪਿਕ ਵਿਚ ਹਿੱਸਾ ਲਿਆ ਸੀ, ਪਰ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ।
ਟੋਕੀਓ ਉਲੰਪਿਕ ਵਿਚ ਸਿਰਫ ਨੌਂ ਮਹੀਨੇ ਰਹਿ ਗਏ ਹਨ। ਕਾਫੀ ਅੱਗੇ ਲੰਘ ਚੁੱਕੀਆਂ ਪੱਛਮੀ ਟੀਮਾਂ ਨੂੰ ਪਛਾੜਨ ਲਈ ਪੂਰਾ ਜ਼ੋਰ ਲਾਉਣਾ ਪੈਣਾ ਹੈ, ਗੋਲ ਕਰਨ ਲਈ ਤੇ ਗੋਲਾਂ ਨੂੰ ਬਚਾਉਣ ਲਈ ਵੀ। ਮਰਦਾਂ ਦੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਠੀਕ ਹੀ ਕਿਹਾ ਹੈ ਕਿ ਹਮਲਾਵਰਾਂ ਵਿਚ ਗੇਂਦ ਗੋਲਾਂ ਵਿਚ ਪਾ ਕੇ ਹੀ ਮੁੜਨ ਤੇ ਰਖਿਅਕਾਂ ਦੇ ਚੀਨ ਦੀ ਕੰਧ ਬਣ ਕੇ ਖਲੋ ਜਾਣ ਦੀ ਕਾਬਲੀਅਤ ਹੋਣੀ ਜ਼ਰੂਰੀ ਹੈ। ਜਦੋਂ ਜਸਦੇਵ ਸਿੰਘ ਰੇਡੀਓ 'ਤੇ ਕੁਮੈਂਟਰੀ ਕਰਦਿਆਂ ਫਾਰਵਰਡਾਂ ਦੇ ਗੇਂਦ ਲੈ ਕੇ 'ਡੀ' ਵੱਲ ਵਧਣ ਦੀ ਰਵਾਨੀ ਨੂੰ ਆਪਣੇ ਵਲਵਲੇਖੇਜ ਸ਼ਬਦਾਂ ਵਿਚ ਪੇਸ਼ ਕਰਦੇ ਸਨ ਤਾਂ ਏਦਾਂ ਲੱਗਦਾ ਸੀ ਕਿ ਅਸ਼ੋਕ ਕੁਮਾਰ, ਗੋਵਿੰਦਾ, ਫਿਲਿਪ ਤੇ ਹਰਚਰਨ ਸਿੰਘ ਨੇ ਗੋਲ ਠੋਕਿਆ ਹੀ ਠੋਕਿਆ, ਪਰ ਆਖਰ ਵਿਚ ਉਨ੍ਹਾ ਦੇ ਮੂੰਹੋ ਨਿਕਲਿਆ ਸ਼ਬਦ 'ਲੇਕਿਨ' ਹਾਕੀ ਪ੍ਰੇਮੀਆਂ ਨੂੰ ਨਿਰਾਸ਼ਾ ਦੇ ਆਲਮ ਵਿਚ ਸੁੱਟ ਦਿੰਦਾ ਸੀ। ਹੁਣ ਇਸ 'ਲੇਕਿਨ' ਨੂੰ 'ਠੋਕ ਦਿੱਤਾ' ਵਿਚ ਬਦਲਣ ਦਾ ਮੌਕਾ ਦਹਾਕਿਆਂ ਬਾਅਦ ਆਇਆ ਹੈ। ਇਸ ਨੂੰ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਗਿਆਨੀ ਜੀ ਨੇ ਪੰਜਾਬ ਵਿਚ ਟੀਮ ਤਿਆਰ ਕਰਵਾ ਕੇ ਵਰਲਡ ਕੱਪ ਦਿਲਵਾਇਆ ਸੀ, ਹੁਣ ਦੋਹਾਂ ਟੀਮਾਂ ਦੀ ਜ਼ਿੰਮੇਦਾਰੀ ਓਡੀਸ਼ਾ ਸਰਕਾਰ ਨੇ ਸੰਭਾਲੀ ਹੋਈ ਹੈ। ਭਾਰਤੀ ਹਾਕੀ ਫੈਡਰੇਸ਼ਨ ਤਾਂ ਹੁਣ ਤੱਕ ਕੋਈ ਮੈਡਲ ਦਿਵਾ ਨਹੀਂ ਸਕੀ, ਉਮੀਦ ਕਰਨੀ ਚਾਹੀਦੀ ਹੈ ਕਿ ਓਡੀਸ਼ਾ ਸਰਕਾਰ ਦਾ ਪਾਲਣ-ਪੋਸਣ ਟੀਮਾਂ ਨੂੰ ਵਰਲਡ ਕਲਾਸ ਦੀਆਂ ਬਣਾ ਦੇਵੇਗਾ। ਆਸਟ੍ਰੇਲੀਅਨ ਕੋਚ ਗ੍ਰਾਹਮ ਰੀਡ, ਜਿਹੜੇ ਖਿਡਾਰੀ ਦੇ ਤੌਰ 'ਤੇ ਗੋਲਡ ਮੈਡਲ ਜਿੱਤ ਚੁੱਕੇ ਹਨ, ਵੀ ਮਰਦਾਂ ਦੀ ਟੀਮ ਨੂੰ ਗੋਲਡ ਮੈਡਲ ਦਿਵਾਉਣ ਦੀ ਜ਼ਬਰਦਸਤ ਖਾਹਿਸ਼ ਰੱਖਦੇ ਹਨ। ਭਾਰਤ ਨੇ ਕੌਮਾਂਤਰੀ ਹਾਕੀ ਫੈਡਰੇਸ਼ਨ ਦੀ ਪ੍ਰੋਫੈਸ਼ਨਲ ਲੀਗ ਵਿਚ ਜਨਵਰੀ ਵਿਚ ਹਾਲੈਂਡ ਵਿਰੁੱਧ ਅਤੇ ਫਰਵਰੀ ਵਿਚ ਬੈਲਜੀਅਮ ਤੇ ਆਸਟ੍ਰੇਲੀਆ ਵਿਰੁੱਧ ਖੇਡਣਾ ਹੈ। ਇਹੀ ਟਾਪ ਦੀਆਂ ਟੀਮਾਂ ਹਨ। ਉਮੀਦ ਹੈ ਖਿਡਾਰੀ ਕੋਚ ਦੀ ਇਸ ਨਸੀਹਤ ਮੁਤਾਬਕ ਬਿਹਤਰ ਤੋਂ ਬਿਹਤਰ ਖੇਡਦਿਆਂ 1964 ਦੀ ਟੋਕੀਓ ਉਲੰਪਿਕ ਦਾ ਪ੍ਰਦਰਸ਼ਨ ਦੁਹਰਾਉਣਗੇ।

844 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper