Latest News
ਸ਼ਿਵਾਜੀ ਦੇ 'ਚੇਲਿਆਂ' ਦੀ ਲੜਾਈ

Published on 05 Nov, 2019 11:57 AM.


ਮਹਾਰਾਸ਼ਟਰ ਵਿਧਾਨ ਸਭਾ ਦੇ ਚੋਣ ਨਤੀਜੇ ਆਇਆਂ ਨੂੰ 13 ਦਿਨ ਬੀਤ ਚੁੱਕੇ ਹਨ, ਪਰ ਭਾਜਪਾ ਤੇ ਸ਼ਿਵ ਸੈਨਾ ਵਿੱਚ ਸਰਕਾਰ ਬਣਾਉਣ ਦਾ ਮਸਲਾ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਭਾਜਪਾ ਤੇ ਸ਼ਿਵ ਸੈਨਾ ਨੇ ਵਿਧਾਨ ਸਭਾ ਚੋਣਾਂ ਮਿਲ ਕੇ ਲੜੀਆਂ ਸਨ। ਚੋਣਾਂ ਤੋਂ ਬਾਅਦ ਆਏ ਨਤੀਜਿਆਂ ਮੁਤਾਬਕ ਭਾਵੇਂ ਦੋਹਾਂ ਪਾਰਟੀਆਂ ਦੀਆਂ ਸੀਟਾਂ 2014 ਦੀਆਂ ਚੋਣਾਂ ਦੇ ਮੁਕਾਬਲੇ ਘਟੀਆਂ, ਪਰ ਸਰਕਾਰ ਬਣਾਉਣ ਲਈ ਲੋੜੀਂਦੇ ਅੰਕੜੇ 145 ਤੋਂ 16 ਸੀਟਾਂ ਵੱਧ ਜਿੱਤ ਕੇ ਗਠਜੋੜ 161 ਦੇ ਅੰਕੜੇ ਤੱਕ ਪੁੱਜਣ ਵਿੱਚ ਸਫ਼ਲ ਰਿਹਾ। ਹੁਣ ਦੋਹਾਂ ਦਾ ਪੇਚਾ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਫਸਿਆ ਹੋਇਆ ਹੈ। ਚੋਣ ਮੁਹਿੰਮ ਦੌਰਾਨ ਹੀ ਦੋਵੇਂ ਪਾਰਟੀਆਂ ਮੁੱਖ ਮੰਤਰੀ ਦੀ ਕੁਰਸੀ ਉੱਤੇ ਦਾਅਵਾ ਕਰਦੀਆਂ ਰਹੀਆਂ ਸਨ। ਭਾਜਪਾ ਨੂੰ ਆਸ ਸੀ ਕਿ ਮੋਦੀ ਦੀ ਅੰਧ-ਰਾਸ਼ਟਰਵਾਦ ਦੀ ਹਨੇਰੀ ਨਾਲ ਉਹ ਏਨੀਆਂ ਕੁ ਸੀਟਾਂ ਜ਼ਰੂਰ ਹਾਸਲ ਕਰ ਲਵੇਗੀ ਕਿ ਉਹ ਇਕੱਲੀ ਜਾਂ ਅਜ਼ਾਦ ਤੇ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾ ਲਵੇਗੀ, ਪਰ ਹੋਇਆ ਇਸ ਦੇ ਉਲਟ ਅਤੇ ਭਾਜਪਾ ਪਿਛਲੀਆਂ ਜਿੱਤੀਆਂ 122 ਨੂੰ ਵੀ ਬਰਕਰਾਰ ਨਾ ਰੱਖ ਸਕੀ ਤੇ ਖਿਸਕ ਕੇ 105 ਉੱਤੇ ਪੁੱਜ ਗਈ।
ਦੋਹਾਂ ਪਾਰਟੀਆਂ ਦੀ ਅਸਲ ਲੜਾਈ ਦਾ ਕਾਰਨ ਇਹ ਹੈ ਕਿ ਦੋਹਾਂ ਪਾਰਟੀਆਂ ਦੀ ਵਿਚਾਰਧਾਰਾ ਵੀ ਇੱਕ ਹੈ ਤੇ ਹੇਠਲਾ ਵੋਟਰ ਵੀ ਇੱਕ ਹੈ। ਜੇਕਰ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਭਾਜਪਾ ਨੇ ਲਗਾਤਾਰ ਸ਼ਿਵ ਸੈਨਾ ਨੂੰ ਢਾਅ ਲਾਉਣ ਦਾ ਕੰਮ ਕੀਤਾ ਹੈ। ਬਾਬਰੀ ਮਸਜਿਦ ਤੋੜਨ ਸਮੇਂ ਆਏ ਫਿਰਕੂ ਉਭਾਰ ਕਾਰਨ 1990 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਨੇ 52 ਤੇ ਭਾਜਪਾ ਨੇ 42 ਸੀਟਾਂ ਜਿੱਤੀਆਂ ਸਨ। ਉਸ ਤੋਂ ਬਾਅਦ 1995 ਵਿੱਚ ਸ਼ਿਵ ਸੈਨਾ ਨੇ 73 ਤੇ ਭਾਜਪਾ ਨੇ 65 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ਉੱਤੇ ਵੀ ਮੁੰਬਈ ਵਿੱਚ ਹੋਏ ਬੰਬ ਧਮਾਕਿਆਂ ਦਾ ਪ੍ਰਛਾਵਾਂ ਸੀ। ਇਨ੍ਹਾਂ ਚੋਣਾਂ ਵਿੱਚ ਹੀ ਭਗਵਾਂ ਗੱਠਜੋੜ ਦੀ ਮਹਾਰਾਸ਼ਟਰ ਵਿੱਚ ਪਹਿਲੀ ਸਰਕਾਰ ਬਣੀ ਤੇ ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਹੋਈਆਂ 1999 ਤੇ 2004 ਦੀਆਂ ਚੋਣਾਂ ਵਿੱਚ ਵੀ ਸ਼ਿਵ ਸੈਨਾ ਭਾਜਪਾ ਤੋਂ ਅੱਗੇ ਹੀ ਰਹੀ। 2009 ਦੀਆਂ ਚੋਣਾਂ ਵਿੱਚ ਭਾਜਪਾ ਸ਼ਿਵ ਸੈਨਾ ਤੋਂ ਅੱਗੇ ਲੰਘ ਗਈ ਤੇ ਇਸ ਨੇ ਉਸ ਤੋਂ ਇੱਕ ਸੀਟ ਵੱਧ ਜਿੱਤ ਲਈ। ਇਸ ਤੋਂ ਅਗਲੀਆਂ ਚੋਣਾਂ 2014 ਵਿੱਚ ਭਾਜਪਾ ਨੇ ਵੱਧ ਸੀਟਾਂ ਦੀ ਮੰਗ ਕਰਕੇ ਸ਼ਿਵ ਸੈਨਾ ਨਾਲੋਂ ਗੱਠਜੋੜ ਤੋੜ ਲਿਆ। ਸਿੱਟੇ ਵਜੋਂ ਭਾਜਪਾ 122 ਸੀਟਾਂ ਜਿੱਤ ਗਈ ਤੇ ਸ਼ਿਵ ਸੈਨਾ 63 ਤੱਕ ਹੀ ਪੁੱਜ ਸਕੀ। ਪਹਿਲਾਂ ਨਾਂਹ-ਨੁੱਕਰ ਤੋਂ ਬਾਅਦ ਆਖਿਰ ਸ਼ਿਵ ਸੈਨਾ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਛੋਟਾ ਹਿੱਸੇਦਾਰ ਬਣਨ ਲਈ ਮਜਬੂਰ ਹੋਣਾ ਪਿਆ।
ਇਸ ਸਮੇਂ ਭਾਜਪਾ ਤੇ ਸ਼ਿਵ ਸੈਨਾ ਦੀ ਮੁੱਖ ਲੜਾਈ ਸਾਂਝੇ ਅਧਾਰ ਨੂੰ ਖਿੱਚ ਲੈਣ ਦੀ ਹੈ। ਸ਼ਿਵ ਸੈਨਾ ਸਮਝਦੀ ਹੈ ਕਿ ਜੇਕਰ ਉਸ ਨੇ ਭਾਜਪਾ ਦਾ ਛੋਟਾ ਹਿੱਸੇਦਾਰ ਬਣਨਾ ਪ੍ਰਵਾਨ ਕਰ ਲਿਆ ਤਾਂ ਉਸ ਦਾ ਰਹਿੰਦਾ-ਖੂੰਹਦਾ ਅਧਾਰ ਵੀ ਖਿਸਕ ਜਾਵੇਗਾ। ਇਹੀ ਸੋਚ ਭਾਜਪਾ 'ਤੇ ਭਾਰੂ ਹੈ ਕਿ ਜੇਕਰ ਉਹ ਸ਼ਿਵ ਸੈਨਾ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਦਿੰਦੀ ਹੈ ਤਾਂ ਉਸ ਦਾ ਅਧਾਰ ਸ਼ਿਵ ਸੈਨਾ ਵੱਲ ਖਿਸਕ ਸਕਦਾ ਹੈ।
ਜਿੱਥੋਂ ਤੱਕ ਕਾਂਗਰਸ ਤੇ ਐੱਨ ਸੀ ਪੀ ਦਾ ਸੰਬੰਧ ਹੈ, ਉਹ ਬੋਚ-ਬੋਚ ਕੇ ਪੈਰ ਧਰ ਰਹੀਆਂ ਹਨ। ਇੱਕ ਪਾਸੇ ਉਨ੍ਹਾਂ ਪਾਸ ਮੌਕਾ ਹੈ ਕਿ ਉਹ ਮੁੱਖ ਦੁਸ਼ਮਣ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸ਼ਿਵ ਸੈਨਾ ਦੀ ਹਮਾਇਤ ਕਰ ਦੇਣ ਤੇ ਦੂਜੇ ਪਾਸੇ ਇਹ ਡਰ ਵੀ ਹੈ ਕਿ ਸ਼ਿਵ ਸੈਨਾ ਪਿਛਲਖੁਰੀ ਨਾਮੁੜ ਜਾਵੇ। ਇਹ ਵੀ ਸੱਚ ਹੈ ਕਿ ਸ਼ਿਵ ਸੈਨਾ ਦੀ ਸੋਚ ਹਮੇਸ਼ਾ ਉਗਰ ਹਿੰਦੂਤਵ ਦੀ ਰਹੀ ਹੈ, ਪਰ ਸਿਆਸਤਦਾਨ ਸੱਤਾ ਲਈ ਕਦੋਂ ਪਲਟੀ ਮਾਰ ਜਾਣ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਦੇਸ਼ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਕਾਇਮੀ ਲਈ ਭਾਜਪਾ ਨੂੰ ਸੱਤਾ ਵਿੱਚ ਆਉਣ ਤੋਂ ਰੋਕਿਆ ਜਾਣਾ ਜ਼ਰੂਰੀ ਹੈ।

852 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper