Latest News
ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ : ਕੈਪਟਨ

Published on 05 Nov, 2019 11:59 AM.

ਸੁਲਤਾਨਪੁਰ ਲੋਧੀ (ਹਨੀ)
ਮੰਗਲਵਾਰ ਇਸ ਇਤਿਹਾਸਕ ਕਸਬੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ-ਆਸਰਾ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾ ਸਾਰਿਆਂ ਨੂੰ ਅਪੀਲ ਕੀਤੀ ਕਿ ਅਜਿਹੇ ਪਵਿੱਤਰ ਦਿਹਾੜੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਅਤੇ ਇਸ ਮੌਕੇ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਵਿਸ਼ਵ-ਵਿਆਪੀ ਸਦਭਾਵਨਾ ਦੇ ਮਾਰਗ ਦੀ ਭਾਵਨਾ ਵਿੱਚ ਮਨਾਇਆ ਜਾਵੇ। ਇੱਥੇ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਪੰਜਾਬ ਸਰਕਾਰ, ਸਿੱਖ ਧਾਰਮਕ ਸੰਸਥਾਵਾਂ ਅਤੇ ਸੰਤ ਸਮਾਜ ਵੱਲੋਂ ਸਾਂਝੇ ਤੌਰ 'ਤੇ ਪ੍ਰਕਾਸ਼ ਕਰਵਾਏ ਸਹਿਜ ਪਾਠ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲਿਆਉਣ ਦੀ ਸੇਵਾ ਨਿਭਾ ਕੇ ਸਮਾਗਮਾਂ ਦਾ ਆਰੰਭ ਕੀਤਾ। ਇਸ ਮੌਕੇ 'ਤੇ ਉਨ੍ਹਾ ਲੋਕਾਂ ਨੂੰ ਮੁਲਕ ਸਾਹਮਣੇ ਦਰਪੇਸ਼ ਧਾਰਮਕ ਅਸਹਿਣਸ਼ੀਲਤਾ ਦੀਆਂ ਵਧ ਰਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਗੁਰੂ ਸਾਹਿਬ ਵੱਲੋਂ ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਦਿੱਤੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇਕ ਨਿਮਾਣੇ ਸਿੱਖ ਵਜੋਂ ਫਰਜ਼ ਨਿਭਾਉਣ ਦੇ ਮਿਲੇ ਸੁਭਾਗ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੂਬਾ ਭਰ ਤੋਂ ਇੱਥੇ ਇਕੱਤਰ ਹੋਈ ਸਿੱਖ ਸੰਗਤ ਨੂੰ ਦੱਸਿਆ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ, ਜਿਨ੍ਹਾਂ ਦੇ ਜੀਵਨ ਵਿੱਚ ਇਹ ਮਹਾਨ ਮੌਕਾ ਆਇਆ ਹੈ।
ਮੁੱਖ ਮੰਤਰੀ ਨੇ 12 ਨਵੰਬਰ ਨੂੰ ਕਰਵਾਏ ਜਾ ਰਹੇ ਮੁੱਖ ਸਮਾਗਮ ਵਿੱਚ ਸਮੁੱਚੀ ਸੰਗਤ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਵੀ ਆਖਿਆ। ਉਨ੍ਹਾ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਆਗਾਜ਼ ਕਰਨਗੇ ਤਾਂ ਸਾਡਾ ਦਹਾਕਿਆਂ ਦਾ ਸੁਪਨਾ ਸਾਕਾਰ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਨਵੇਂ ਪ੍ਰਸ਼ਾਸਕੀ ਕੰਪਲੈਕਸ ਅਤੇ ਸੁਲਤਾਨਪੁਰ ਲੋਧੀ ਦੇ ਵਿਰਾਸਤੀ ਸ਼ਹਿਰ ਦੇ ਦੁਆਲੇ 150 ਕਰੋੜ ਰੁਪਏ ਦੀ ਲਾਗਤ ਨਾਲ ਰਿੰਗ ਰੋਡ ਬਣਾਉਣ ਦਾ ਐਲਾਨ ਕੀਤਾ, ਜਿਸ ਨਾਲ ਬਾਕੀ ਸ਼ਹਿਰਾਂ ਨਾਲ ਸੰਪਰਕ ਹੋਰ ਵਧਾਇਆ ਜਾ ਸਕੇਗਾ। ਉਨ੍ਹਾ ਕਿਹਾ ਕਿ ਕਿਲ੍ਹਾ ਸਰਾਏ, ਜਿਸ ਨੂੰ ਹੁਣ ਤਹਿਸੀਲ ਪ੍ਰਸ਼ਾਸਕੀ ਦਫ਼ਤਰ ਵਜੋਂ ਡਬਲ ਕੀਤਾ ਜਾ ਰਿਹਾ ਹੈ, ਨੂੰ ਸੂਬਾ ਸਰਕਾਰ ਵੱਲੋਂ ਵਿਰਾਸਤੀ ਇਮਾਰਤ ਦੇ ਤੌਰ 'ਤੇ ਸੰਭਾਲਿਆ ਜਾਵੇਗਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ 'ਤੇ ਸੁਰਜੀਤ ਪਾਤਰ ਵਰਗੇ ਉੱਘੇ ਪੰਜਾਬੀ ਲੇਖਕਾਂ ਵੱਲੋਂ ਲਿਖੀਆਂ ਅਤੇ ਸੰਪਾਦਨ ਕੀਤੀਆਂ ਚਾਰ ਕਿਤਾਬਾਂ ਵੀ ਜਾਰੀ ਕੀਤੀਆਂ। ਇਹ ਕਿਤਾਬਾਂ 'ਗੁਰੂ ਨਾਨਕ ਬਲੈਜ਼ਡ ਟ੍ਰੇਲ', 'ਗੁਰੂ ਨਾਨਕ ਬਾਣੀ', 'ਸੋਇਨੇ ਕਾ ਬਿਰਖ' ਅਤੇ 'ਗੁਰੂ ਨਾਨਕ ਦੇਵ ਜੀ ਲਾਈਫ ਐਂਡ ਰੇਲਿਕਸ' ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਨਿਸ਼ਾਨੀਆਂ, ਦੁਰਲੱਭ ਹੱਥ ਲਿਖਤਾਂ ਅਤੇ ਵਿਲੱਖਣ ਪੁਸਤਕਾਂ 'ਤੇ ਆਧਾਰਤ ਦੋ ਨੁਮਾਇਸ਼ਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਵਿੱਚੋਂ ਇਕ ਨੁਮਾਇਸ਼ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਲਾਈ ਗਈ, ਜਿੱਥੇ ਪਹਿਲੇ ਸਿੱਖ ਗੁਰੂ ਸਾਹਿਬ ਦੇ ਜੀਵਨ ਨੂੰ ਦਰਸਾਉਂਦੇ 53 ਪੈਨਲ ਸਨ, ਜਦਕਿ ਦੂਜੀ ਨੁਮਾਇਸ਼ ਪੰਜਾਬ ਲਘੂ ਉਦਯੋਗ ਬਰਾਮਦ ਨਿਗਮ ਵੱਲੋਂ ਲਾਈ ਗਈ। ਸੰਗਤ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਨਿਭਾਏ ਜਾਣ ਵਾਲੇ ਆਪਣੇ ਫਰਜ਼ਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸੇ ਦਿਸ਼ਾ ਵਿੱਚ ਹੀ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਬਹੁਤ ਸਾਰੇ ਕੰਮ ਕੀਤੇ ਗਏ, ਤਾਂ ਕਿ ਇਨ੍ਹਾਂ ਕਸਬਿਆਂ ਨੂੰ ਆਧੁਨਿਕ ਵਿਰਾਸਤੀ ਨਗਰਾਂ ਵਜੋਂ ਵਿਕਸਤ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਦੱਸਿਆ ਕਿ 235 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਨੂੰ ਅਪਗ੍ਰੇਡ ਤੇ ਚੌੜਾ ਕਰਨ ਤੋਂ ਇਲਾਵਾ ਨਵੇਂ ਪੁਲਾਂ ਦਾ ਨਿਰਮਾਣ ਕੀਤਾ ਅਤੇ ਹਸਪਤਾਲਾਂ ਦੀ ਹਾਲਤ ਸੁਧਾਰੀ। ਉਨ੍ਹਾ ਕਿਹਾ ਕਿ ਪਹਿਲੀ ਪਾਤਸ਼ਾਹੀ ਜੀ ਦੇ ਚਰਨ ਛੋਹ ਪ੍ਰਾਪਤ 70 ਤੋਂ ਵੱਧ ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਤ ਕਰਨ ਲਈ 100 ਕਰੋੜ ਰੁਪਏ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ ਅਤੇ ਮੁਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ 50-50 ਫੀਸਦੀ ਦੇ ਅਨੁਪਾਤ ਨਾਲ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਨਗਰ ਵਜੋਂ ਵਿਕਸਤ ਕਰਨ ਲਈ ਕੇਂਦਰ ਸਰਕਾਰ ਪਾਸੋਂ ਆਪਣੇ ਪ੍ਰਸਤਾਵ ਨੂੰ ਮਨਜ਼ੂਰ ਕਰਵਾ ਲਿਆ ਹੈ। ਇਸੇ ਤਰ੍ਹਾਂ 175 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ 300 ਕਰੋੜ ਰੁਪਏ ਦੀ ਲਾਗਤ ਨਾਲ 'ਪਿੰਡ ਬਾਬੇ ਨਾਨਕ ਦਾ' ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਵਾਇਆ ਬਿਆਸ ਤੇ ਰਈਆ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਨੂੰ ਚੌੜਾ ਕਰਨ ਲਈ 102 ਕਰੋੜ ਰੁਪਏ ਦੀ ਲਾਗਤ ਦਾ ਪ੍ਰੋਜੈਕਟ ਹੱਥਾਂ ਵਿੱਚ ਲਿਆ ਹੈ। ਸੰਗਤ ਲਈ ਕੀਤੇ ਵਿਸ਼ਵ ਪੱਧਰੀ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੈਂਟ ਸਿਟੀ 277 ਏਕੜ ਵਿੱਚ ਫੈਲੀ ਹੋਈ ਹੈ, ਜਿੱਥੇ 35 ਹਜ਼ਾਰ ਵਿਅਕਤੀਆਂ ਦੇ ਠਹਿਰਨ ਦੀ ਸਮਰੱਥਾ ਹੈ ਅਤੇ ਇਸ ਉੱਪਰ 53 ਕਰੋੜ ਰੁਪਏ ਖਰਚੇ ਗਏ ਹਨ। ਇਸ ਟੈਂਟ ਸਿਟੀ ਵਿੱਚ 2200 ਆਰਜ਼ੀ ਪਖਾਨੇ ਅਤੇ 10 ਪਾਣੀ ਵਾਲੀਆਂ ਮਸ਼ੀਨਾਂ ਤੋਂ ਇਲਾਵਾ 542 ਏਕੜ ਵਿੱਚ ਪਾਰਕਿੰਗ ਲਈ 18 ਥਾਵਾਂ ਬਣਾਈਆਂ ਗਈਆਂ ਹਨ, ਤਾਂ ਕਿ ਸ਼ਰਧਾਲੂਆਂ ਲਈ ਸਹੂਲਤਾਂ ਦੀ ਕੋਈ ਕਮੀ ਨਾ ਰਹੇ।

281 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper