Latest News
ਪੁਲਸ ਵੀ ਫਰਜ਼ ਨਿਭਾਉਣਾ ਸਿੱਖੇ

Published on 06 Nov, 2019 11:36 AM.

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੁਲਸ ਅਤੇ ਵਕੀਲਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਹਜ਼ਾਰਾਂ ਪੁਲਸ ਮੁਲਾਜ਼ਮਾਂ ਵੱਲੋਂ ਆਪਣੇ ਹੈੱਡਕੁਆਟਰ ਸਾਹਮਣੇ ਮੁਜ਼ਾਹਰਾ ਕਰਕੇ ਆਪਣੇ ਲਈ ਇਨਸਾਫ਼ ਮੰਗਣ ਦੀ ਖ਼ਬਰ ਸਾਡੇ ਅਮਨ-ਕਾਨੂੰਨ ਦੇ ਢਾਂਚੇ ਦੀ ਬਦਹਾਲੀ ਨੂੰ ਉਜਾਗਰ ਕਰਦੀ ਹੈ। ਪੁਲਸ ਫੋਰਸ ਉੱਪਰ ਵੱਖ-ਵੱਖ ਰਾਜਾਂ ਵਿੱਚ ਅਮਨ-ਕਾਨੂੰਨ ਨੂੰ ਲਾਗੂ ਕਰਨ ਤੇ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ। ਦਿੱਲੀ ਦੀ ਪੁਲਸ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਮੰਗਲਵਾਰ ਦਿੱਲੀ ਵਿੱਚ ਹੋਏ ਪੁਲਸ ਮੁਲਾਜ਼ਮਾਂ ਦੇ ਮੁਜ਼ਾਹਰੇ ਤੇ ਧਰਨੇ ਨੇ ਸਾਬਤ ਕਰ ਦਿੱਤਾ ਹੈ ਕਿ ਪੁਲਸ ਫੋਰਸ ਅੰਦਰ ਮੌਜੂਦਾ ਹਾਲਤਾਂ ਪ੍ਰਤੀ ਘੋਰ ਗੁੱਸਾ ਹੈ। ਇਹ ਗੁੱਸਾ ਉਨ੍ਹਾਂ ਵੱਲੋਂ ਲਾਏ ਨਾਅਰਿਆਂ ਤੇ ਚੁੱਕੀਆਂ ਤਖਤੀਆਂ ਤੋਂ ਸਾਫ਼ ਝਲਕਦਾ ਸੀ। ਇਨ੍ਹਾਂ ਤਖਤੀਆਂ ਉੱਤੇ ਲਿਖਿਆ ਹੋਇਆ ਸੀ, 'ਪੁਲਸ ਵਰਦੀ ਵਿੱਚ ਅਸੀਂ ਇਨਸਾਨ ਹਾਂ' ਤੇ 'ਰਾਖੀ ਕਰਨ ਵਾਲਿਆਂ ਨੂੰ ਸੁਰੱਖਿਆ ਦੀ ਜ਼ਰੂਰਤ'।
ਇਸ ਝਗੜੇ ਦਾ ਮੁੱਢ 2 ਨਵੰਬਰ ਸ਼ਨੀਵਾਰ ਨੂੰ ਉਸ ਵੇਲੇ ਬੱਝਿਆ ਸੀ, ਜਦੋਂ ਪੁਲਸ ਤੇ ਵਕੀਲਾਂ ਵਿੱਚ ਝੜਪ ਹੋ ਗਈ। ਇਸ ਝਗੜੇ ਵਿੱਚ 20 ਪੁਲਸ ਵਾਲੇ ਤੇ 8 ਵਕੀਲ ਜ਼ਖ਼ਮੀ ਹੋ ਗਏ ਤੇ ਕਈਆਂ ਗੱਡੀਆਂ ਨੂੰ ਤੋੜ-ਭੰਨ ਦਿੱਤਾ ਗਿਆ। ਇਸ ਝਗੜੇ ਬਾਰੇ ਦਿੱਲੀ ਹਾਈ ਕੋਰਟ ਨੇ ਐਤਵਾਰ ਨੂੰ ਨਿਆਂਇਕ ਜਾਂਚ ਕਰਨ ਤੇ ਜ਼ਖ਼ਮੀ ਵਕੀਲਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਪਾਸ ਕਰ ਦਿੱਤਾ। ਇਸ ਫੈਸਲੇ ਨੇ ਪੁਲਸ ਮਹਿਕਮੇ ਵਿੱਚ ਗੁੱਸਾ ਭਰ ਦਿੱਤਾ, ਕਿਉਂਕਿ ਝਗੜੇ ਵਿੱਚ ਜ਼ਖ਼ਮੀ 20 ਪੁਲਸ ਮੁਲਾਜ਼ਮਾਂ ਨੂੰ ਕੋਈ ਰਾਹਤ ਨਾ ਦਿੱਤੀ ਗਈ। ਦਿੱਲੀ ਪੁਲਸ ਦੇ ਇੱਕ ਸਾਬਕਾ ਪੁਲਸ ਅਧਿਕਾਰੀ ਨੇ ਆਪਣੇ ਟਵਿਟਰ ਉੱਤੇ ਲਿਖਿਆ, 'ਮਾਫ਼ ਕਰਨਾ, ਅਸੀਂ ਪੁਲਸ ਵਿੱਚ ਹਾਂ, ਸਾਡਾ ਕੋਈ ਵਜੂਦ ਨਹੀਂ, ਸਾਡੇ ਪਰਵਾਰ ਨਹੀਂ ਹਨ, ਸਾਡੇ ਕੋਈ ਮਨੁੱਖੀ ਅਧਿਕਾਰ ਨਹੀਂ।' ਆਈ ਪੀ ਐਸ ਐਸੋਸੀਏਸ਼ਨ ਨੇ ਵੀ ਹਮਲੇ ਵਿੱਚ ਜ਼ਖ਼ਮੀ ਹੋਣ ਵਾਲੇ ਆਪਣੇ ਸਾਥੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਤੀਸ ਹਜ਼ਾਰੀ ਅਦਾਲਤ ਦੀ ਘਟਨਾ ਤੋਂ ਬਾਅਦ ਸੋਮਵਾਰ ਨੂੰ ਸਾਕੇਤ ਅਦਾਲਤ ਦੇ ਬਾਹਰ ਵਕੀਲਾਂ ਤੇ ਪੁਲਸ ਵਿਚਕਾਰ ਇੱਕ ਹੋਰ ਝੜਪ ਹੋ ਗਈ। ਇਸ ਝਗੜੇ ਵਿੱਚ ਵਕੀਲਾਂ ਨੇ ਡਿਊਟੀ ਦੇ ਰਹੇ ਇੱਕ ਪੁਲਸ ਮੁਲਾਜ਼ਮ ਦੀ ਜੰਮ ਕੇ ਕੁਟਾਈ ਕਰ ਦਿੱਤੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਤੇ ਉਹ ਆਪਣੀਆਂ ਡਿਊਟੀਆਂ ਛੱਡ ਕੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋ ਗਏ। ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ਵਿੱਚ ਸ਼ਾਮਲ ਸਭ ਦੋਸ਼ੀਆਂ, ਭਾਵੇਂ ਉਹ ਪੁਲਸ ਵਾਲੇ ਹੋਣ ਜਾਂ ਵਕੀਲ, ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣਾ ਚਾਹੀਦੀ ਹੈ।
ਇਸ ਦੇ ਨਾਲ ਹੀ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਘਟਨਾਵਾਂ ਵੀ ਮੋਦੀ ਰਾਜ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ ਹਜ਼ੂਮੀ ਹਿੰਸਾ ਦੀ ਹੀ ਇੱਕ ਲੜੀ ਹਨ। ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਜਦੋਂ ਭੀੜ ਬੇਦੋਸ਼ੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੁੰਦੀ ਸੀ ਤਾਂ ਉਹ ਕਿਸ ਤਰ੍ਹਾਂ ਆਪਣੇ ਫ਼ਰਜ਼ਾਂ ਤੋਂ ਮੂੰਹ ਫੇਰ ਲੈਂਦੇ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈਆਂ ਅਜਿਹੀਆਂ ਕਈ ਘਟਨਾਵਾਂ ਸਮੇਂ ਦੋਸ਼ ਲੱਗਦੇ ਰਹੇ ਹਨ ਕਿ ਭੀੜ ਵੱਲੋਂ ਬੇਦੋਸ਼ਿਆਂ ਦੀ ਜਾਨ ਲੈਣ ਦੀ ਕਾਰਵਾਈ ਸਮੇਂ ਹਾਜ਼ਰ ਪੁਲਸ ਮੁਲਾਜ਼ਮ ਤਮਾਸ਼ਬੀਨ ਬਣੇ ਰਹੇ, ਇਹੋ ਨਹੀਂ ਪੁਲਸ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਕੇਸ ਕਮਜ਼ੋਰ ਕਰਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ। ਪਹਿਲੂ ਖਾਨ ਦੇ ਕੇਸ ਵਿੱਚ ਤਾਂ ਅਦਾਲਤ ਨੂੰ ਵੀ ਇਹ ਕਹਿਣਾ ਪਿਆ ਸੀ ਕਿ ਦੋਸ਼ੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਸਬੂਤ ਪੇਸ਼ ਕਰਨ ਵਿੱਚ ਵੀ ਅਣਗਹਿਲੀ ਵਰਤੀ ਗਈ ਸੀ।
ਦਿੱਲੀ ਦੀ ਹੀ ਘਟਨਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਨੂੰ ਦੇਸ਼ ਧ੍ਰੋਹ ਦੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨਾਲ ਕੀ ਵਾਪਰਿਆ ਸੀ। ਪੁਲਸ ਜਦੋਂ ਉਸ ਨੂੰ ਆਪਣੀ ਹਿਰਾਸਤ ਵਿੱਚ ਅਦਾਲਤ ਵਿੱਚ ਪੇਸ਼ ਕਰਨ ਲਿਜਾ ਰਹੀ ਸੀ ਤਾਂ ਭਗਵੀਂ ਵਿਚਾਰਧਾਰਾ ਵਾਲੇ ਵਕੀਲਾਂ ਦੇ ਹਜ਼ੂਮ ਨੇ ਕੱਨ੍ਹਈਆ ਕੁਮਾਰ ਦੀ ਬੇਕਿਰਕੀ ਨਾਲ ਕੁੱਟਮਾਰ ਕੀਤੀ ਸੀ। ਇਹ ਘਟਨਾ ਇੱਕ ਵਾਰ ਨਹੀਂ, ਦੋ ਵਾਰ ਵਾਪਰੀ ਸੀ। ਉਸ ਸਮੇਂ ਵੀ ਪੁਲਸ ਤਮਾਸ਼ਬੀਨ ਬਣੀ ਰਹੀ ਸੀ। ਦੋਸ਼ੀ ਵਕੀਲਾਂ ਵਿਰੁੱਧ ਨਾ ਕੋਈ ਕੇਸ ਰਜਿਸਟਰ ਕੀਤਾ ਗਿਆ ਤੇ ਨਾ ਹੀ ਅਦਾਲਤ ਨੇ ਕੋਈ ਕਾਰਵਾਈ ਕਰਨ ਦੀ ਲੋੜ ਸਮਝੀ। ਪੁਲਸ ਜੇਕਰ ਉਸ ਸਮੇਂ ਆਪਣੇ ਫ਼ਰਜ਼ ਨੂੰ ਨਿÎਭਾਉਣਾ ਆਪਣੀ ਨੌਕਰੀ ਦਾ ਹਿੱਸਾ ਸਮਝਦੀ ਤਾਂ ਉਸ ਨੂੰ ਅੱਜ ਇਹ ਦਿਨ ਦੇਖਣੇ ਨਾ ਪੈਂਦੇ।
ਅਸੀਂ ਉਸ ਪੁਲਸ ਵਾਲੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ, ਜਿਸ ਨੂੰ ਬਿਨਾਂ ਕਾਰਨ ਵਕੀਲਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਹਿਣਾ ਚਾਹੁੰਦੇ ਹਾਂ ਕਿ ਭੀੜ ਲਈ ਨਾ ਕੋਈ ਸੰਵਿਧਾਨ ਹੁੰਦਾ ਹੈ ਤੇ ਨਾ ਉਸ ਦਾ ਕੋਈ ਧਰਮ ਹੁੰਦਾ ਹੈ। ਇਸ ਵਰਤਾਰੇ ਨੂੰ ਰੋਕਣ ਲਈ ਸੁਰੱਖਿਆ ਫੋਰਸਾਂ ਨੂੰ ਸੰਵਿਧਾਨ ਦੀ ਰਾਖੀ ਦੀ ਚੁੱਕੀ ਸਹੁੰ ਮੁਤਾਬਕ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ।

791 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper