Latest News
ਕੌਮੀ ਆਜ਼ਾਦੀ ਸੰਘਰਸ਼ ਦੀਆਂ ਪ੍ਰਾਪਤੀਆਂ ਤੇ ਵਿਰਾਸਤ ਅੱਜ ਖਤਰੇ 'ਚ

Published on 06 Nov, 2019 11:42 AM.


ਮਾਨਸਾ (ਨਵਾਂ ਜ਼ਮਾਨਾ ਸਰਵਿਸ)
ਜ਼ਿਲ੍ਹਾ ਮਾਨਸਾ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਦੀ ਬੁੱਕਲ ਵਿੱਚ ਦੇਸ਼ ਦੀ ਆਜ਼ਾਦੀ ਘੋਲ ਤੋਂ ਲੈ ਕੇ ਅੱਜ ਤੱਕ ਅਨੇਕਾਂ ਲੋਕ ਸੰਘਰਸ਼ ਪ੍ਰਵਾਨ ਚੜ੍ਹੇ ਹਨ। ਪਰਜਾ ਮੰਡਲ ਤੇ ਮੁਜ਼ਾਰਾ ਲਹਿਰ ਇਤਿਹਾਸ ਦੇ ਸੁਨਹਿਰੀ ਪੰਨੇ ਹਨ। ਇਸ ਧਰਤੀ ਨੇ ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਵਰਗੇ ਅਨੇਕਾਂ ਦੇਸ਼ ਭਗਤਾਂ ਨੂੰ ਜਨਮ ਦਿੱਤਾ ਹੈ।
ਭਾਰਤੀ ਕਮਿਊਨਿਸਟ ਪਾਰਟੀ ਨੂੰ ਫਖ਼ਰ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਦੀ ਸਥਾਪਨਾ ਦੀ 94ਵੀਂ ਵਰ੍ਹੇਗੰਢ ਜ਼ਿਲ੍ਹਾ ਮਾਨਸਾ ਇਕਾਈ ਮਾਨਸਾ ਵਿਖੇ ਵਿਸ਼ਾਲ ਰਾਜਸੀ ਰੈਲੀ ਦੇ ਰੂਪ ਵਿੱਚ 26 ਦਸੰਬਰ ਨੂੰ ਮਨਾਉਣ ਜਾ ਰਹੀ ਹੈ, ਜਿਸ ਨੂੰ ਸੰਬੋਧਨ ਕਰਨ ਲਈ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਡੀ. ਰਾਜਾ, ਨੌਜਵਾਨ ਵਰਗ ਦੇ ਪ੍ਰੇਰਨਾ-ਸਰੋਤ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਡਾ. ਕਨ੍ਹੱਈਆ ਕੁਮਾਰ ਤੇ ਪੰਜਾਬ ਸੀ ਪੀ ਆਈ. ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਆਦਿ ਪੁੱਜ ਰਹੇ ਹਨ। ਉਕਤ ਦੀ ਜਾਣਕਾਰੀ ਬੁੱਧਵਾਰ ਇਕ ਪ੍ਰੈੱਸ ਕਾਨਫਰੰਸ ਰਾਹੀਂ ਸਾਬਕਾ ਸੂਬਾ ਸਕੱਤਰ ਤੇ ਕੌਮੀ ਕੌਂਸਲ ਮੈਂਬਰ ਹਰਦੇਵ ਸਿੰੰਘ ਅਰਸ਼ੀ ਵੱਲੋਂ ਜ਼ਿਲ੍ਹਾ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ।
ਕਾਮਰੇਡ ਅਰਸ਼ੀ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕੌਮੀ ਆਜ਼ਾਦੀ ਸੰਘਰਸ਼ ਦੀਆਂ ਪ੍ਰਾਪਤੀਆਂ ਤੇ ਵਿਰਾਸਤ ਗੰਭੀਰ ਖਤਰੇ ਵਿੱਚ ਹਨ। ਹੋਰ ਤਾਂ ਹੋਰ ਜਿਨ੍ਹਾਂ ਆਦਰਸ਼ਾਂ ਤੇ ਕਦਰਾਂ-ਕੀਮਤਾਂ ਨੂੰ ਡਾ. ਬੀ ਆਰ ਅੰਬੇਡਕਰ ਨੇ ਕਾਇਮ ਕੀਤਾ ਸੀ, ਉਹਨਾਂ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਆਰ ਐੱਸ ਐੱਸ ਦੇ ਕਬਜ਼ੇ ਵਾਲੀ ਨਰਿੰਦਰ ਮੋਦੀ ਸਰਕਾਰ ਲੋਕਤੰਤਰ ਨੂੰ ਕਮਜ਼ੋਰ ਤੇ ਖਤਮ ਕਰਨ ਦਾ ਕੰਮ ਕਰ ਰਹੀ ਹੈ। ਸੰਵਿਧਾਨ ਵਿੱਚ ਦਿੱਤੇ ਗਏ ਨਾਗਰਿਕ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ। ਉਕਤ ਰੈਲੀ ਸੰਵਿਧਾਨ ਤੇ ਲੋਕਤੰਤਰ ਦੀ ਰਾਖੀ ਲਈ ਸਮੂਹ ਜਮਹੂਰੀ ਧਰਮ-ਨਿਰਪੱਖ ਤੇ ਦੇਸ਼ ਭਗਤ ਲੋਕਾਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦੇਵੇਗੀ, ਕਿਉਂਕਿ ਭਾਰਤ ਸਾਰੇ ਭਾਰਤ ਵਾਸੀਆਂ ਦਾ ਹੈ, ਕਿਸੇ ਇਕ ਧਰਮ ਜਾਤੀ ਜਾਂ ਵਰਗ ਦਾ ਨਹੀਂ, ਜਿਵੇਂ ਕਿ ਆਰ ਅੱੈਸ ਐੱਸ ਇਸ ਨੂੰ ਕੇਵਲ ਇਕ ਰੰਗ ਵਿੱਚ ਰੰਗਣ ਲਈ ਘਿਨਾਉਣੀਆ ਸਾਜ਼ਿਸ਼ਾਂ ਆਏ ਦਿਨ ਰਚ ਰਹੀ ਹੈ।
ਉਹਨਾ ਕਿਹਾ ਕਿ ਦੇਸ਼ ਇੱਕ ਗੰਭੀਰ ਆਰਥਕ ਮੰਦੀ ਵਿਚੋਂ ਗੁਜ਼ਰ ਰਿਹਾ ਹੈ। ਵਿੱਤੀ ਐਮਰਜੈਂਸੀ ਦੀ ਸਥਿਤੀ ਵਿਚ ਪੁੱਜ ਰਿਹਾ ਹੈ। ਹਜ਼ਾਰਾਂ ਉਦਯੋਗ ਜਾਂ ਤਾਂ ਬੰਦ ਹੋ ਰਹੇ ਹਨ ਜਾਂ ਆਪਣਾ ਉਤਪਾਦਨ ਘਟਾ ਰਹੇ ਹਨ। ਲੋਕਾਂ ਦੀ ਖਰੀਦ ਸ਼ਕਤੀ ਖਤਮ ਹੋ ਰਹੀ ਹੈ।
ਸੈਂਕੜੇ ਉਤਪਾਦਕਾਂ ਦੇ ਵਿਕਰੀ ਸ਼ੋਅ-ਰੂਮ ਬੰਦ ਹੋ ਗਏ ਹਨ। ਪਿਛਲੇ 6 ਮਹੀਨੇ ਵਿੱਚ ਹੀ ਘੱਟੋ-ਘੱਟ 50 ਲੱਖ ਦੇ ਲੱਗਭੱਗ ਲੋਕਾਂ ਤੋਂ ਰੁਜ਼ਗਾਰ ਖੁਸ ਗਿਆ ਹੈ। ਮੋਦੀ ਸਰਕਾਰ ਜਨਤਕ ਖੇਤਰ ਵੇਚਣ, ਬੈਂਕਾਂ ਨੂੰ ਆਪਣੇ ਚਹੇਤਿਆਂ ਰਾਹੀਂ ਦੀਵਾਲੀਆ ਕਰਨ ਤੇ ਅਡਾਨੀ-ਅੰਬਾਨੀ ਆਦਿ ਕਾਰੋਬਾਰੀਆਂ ਨੂੰ ਹੋਰ ਤਕੜੇ ਕਰਨ ਦਾ ਕੰਮ ਕਰ ਰਹੀ ਹੈ।
ਪਹਿਲਾਂ ਕੇਵਲ ਕਿਸਾਨ ਤੇ ਮਜ਼ਦੂਰ ਹੀ ਖੁਦਕੁਸ਼ੀਆਂ ਕਰਦੇ ਸਨ, ਹੁਣ ਤਾਂ ਆਰਥਕ ਮੰਦੀ ਦੇ ਲਿਤਾੜੇ ਹੋਏ ਛੋਟੇ ਕਾਰੋਬਾਰੀ ਤੇ ਵਾਪਰੀ, ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਵੀ ਖੁਦਕੁਸ਼ੀਆਂ ਕਰਨ ਲੱਗ ਗਏ ਹਨ। ਸੀ ਪੀ ਆਈ ਦੀ ਰੈਲੀ ਉਕਤ ਮੁੱਦਿਆਂ 'ਤੇ ਲੋਕਾਂ ਦਾ ਧਿਆਨ ਖਿੱਚਣ ਤੇ ਭਵਿੱਖ ਦੇ ਸੰਘਰਸ਼ ਦੀ ਲਾਮਬੰਦੀ ਦਾ ਹੋਕਾ ਦੇਵੇਗੀ।
ਕਮਿਊਨਿਸਟ ਆਗੂਆਂ ਨੇ ਜ਼ਿਲੇ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਔਰਤਾਂ, ਬੁੱਧੀਜੀਵੀਆਂ ਤੇ ਨੌਜਵਾਨ-ਵਿਦਿਆਰਥੀਆਂ ਨੂੰ ਵਧ-ਚੜ੍ਹ ਕੇ ਰੈਲੀ ਵਿੱਚ ਸ਼ਾਮਲ ਹੋਣ ਤੇ ਇਸ ਦੀ ਸਫਲਤਾ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਜਗਤ ਗੁਰੂ ਬਾਬਾ ਨਾਨਕ ਦੇ 550ਵੇਂ ਜਨਮ ਦਿਨ ਦੀਆ ਵਧਾਈਆਂ ਦਿੰਦੇ ਹੋਏ ਉਹਨਾ ਵੱਲੋਂ ਦਰਸਾਏ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਅਪੀਲ ਕੀਤੀ।
ਪ੍ਰੱੈਸ ਕਾਨਫਰੰਸ ਦੌਰਾਨ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਮੀਤ ਸਕੱਤਰ ਨਿਹਾਲ ਸਿੰਘ ਤੇ ਸੀਤਾ ਰਾਮ, ਤਹਿਸੀਲ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ, ਤਹਿਸੀਲ ਮਾਨਸਾ ਦੇ ਸਕੱਤਰ ਰੂਪ ਸਿੰਘ ਢਿੱਲੋਂ, ਤਹਿਸੀਲ ਸਰਦੂਲਗੜ੍ਹ ਦੇ ਸਕੱਤਰ ਜਗਰਾਜ ਸਿੰਘ ਹੀਰਕੇ, ਸ਼ਹਿਰ ਮਾਨਸਾ ਦੇ ਸਕੱਤਰ ਰਤਨ ਲਾਭ ਭੋਲਾ ਤੋਂ ਇਲਾਵਾ ਇਸਤਰੀ ਸਭਾ ਦੀ ਆਗੂ ਰੇਖਾ ਸ਼ਰਮਾ, ਦਰਸ਼ਨ ਪੰਧੇਰ, ਭਗਵਾਨ ਦਾਸ ਮਿੱਤਲ, ਸ਼ਿਵਚਰਨ ਸੂਚਨ ਤੇ ਦਲਜੀਤ ਮਾਨਸ਼ਾਹੀਆ ਵੀ ਮੌਜੂਦ ਸਨ।

228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper