Latest News
ਪਰਾਲੀ ਨਾ ਸਾੜਨ ਵਾਲਿਆਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣ : ਸੁਪਰੀਮ ਕੋਰਟ

Published on 06 Nov, 2019 11:46 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਮੁੱਦੇ 'ਤੇ ਬੁੱਧਵਾਰ ਦਿੱਲੀ, ਪੰਜਾਬ, ਹਰਿਆਣਾ, ਯੂ ਪੀ ਤੇ ਕੇਂਦਰ ਦੀ ਸਖਤ ਖਿਚਾਈ ਕਰਦਿਆਂ ਕਿਹਾ ਕਿ ਦਿੱਲੀ ਤੇ ਐੱਨ ਸੀ ਆਰ ਰਿਜ਼ਨ ਵਿਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਤੇ ਪਰਾਲੀ ਸਾੜਨ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਹੀ ਪਵੇਗਾ। ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, 'ਕੀ ਤੁਸੀਂ ਪ੍ਰਦੂਸ਼ਣ ਕਾਰਨ ਇਸੇ ਤਰ੍ਹਾਂ ਮਰਦੇ ਰਹਿਣ ਦੀ ਆਗਿਆ ਦੇ ਸਕਦੇ ਹੋ? ਕੀ ਤੁਸੀਂ ਦੇਸ਼ ਨੂੰ 100 ਸਾਲ ਪਿੱਛੇ ਜਾਣ ਦੀ ਆਗਿਆ ਦੇ ਸਕਦੇ ਹੋ।'
ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਤੇ ਯੂ ਪੀ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨਹੀਂ ਸਾੜੀ, ਉਨ੍ਹਾਂ ਨੂੰ ਉਹ 100 ਰੁਪਏ ਪ੍ਰਤੀ ਕੁਇੰਟਲ ਦੀ ਮਦਦ ਦੇਣ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਸ਼ੀਨਰੀ ਦੇਣ। ਇਹ ਸਭ ਕੁਝ 7 ਦਿਨਾਂ ਦੇ ਵਿਚ-ਵਿਚ ਕਰਨ। ਖੇਤੀਬਾੜੀ ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਦੇ ਹਿਤਾਂ ਦਾ ਖਿਆਲ ਰੱਖਣ। ਕੋਰਟ ਨੇ ਇਨ੍ਹਾਂ ਸੂਬਿਆਂ ਨੂੰ ਵਾਤਾਵਰਣ ਦੇ ਮੁੱਦਿਆਂ ਨਾਲ ਨਜਿੱਠਣ ਲਈ ਤਿੰਨ ਮਹੀਨਿਆਂ ਵਿਚ ਵਿਆਪਕ ਸਕੀਮ ਬਣਾਉਣ ਦੀ ਵੀ ਹਦਾਇਤ ਕੀਤੀ।
ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਪੁੱਛਿਆ ਕਿ ਉਹ ਦੱਸਣ ਕਿ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਕੀ ਕਦਮ ਚੁੱਕ ਰਹੀ ਹੈ। ਸਰਕਾਰੀ ਮਸ਼ੀਨਰੀ ਪਰਾਲੀ ਸੜਨ ਤੋਂ ਕਿਉਂ ਨਹੀਂ ਰੋਕਦੀ। ਸਰਕਾਰ ਕਿਸਾਨਾਂ ਤੋਂ ਪਰਾਲੀ ਕਿਉਂ ਨਹੀਂ ਖਰੀਦਦੀ। ਕਿਸਾਨਾਂ ਨੂੰ ਸਜ਼ਾ ਦੇਣਾ ਕੋਈ ਹੱਲ ਨਹੀਂ। ਜਦੋਂ ਪੰਜਾਬ ਦੇ ਮੁੱਖ ਸਕੱਤਰ ਨੇ ਕਿਹਾ ਕਿ ਸਰਕਾਰ ਦੀ ਪਰਾਲੀ ਖਰੀਦਣ ਦੀ ਕੋਈ ਨੀਤੀ ਨਹੀਂ ਹੈ ਤਾਂ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, 'ਅਸੀਂ ਤੁਹਾਨੂੰ ਹੁਣੇ ਮੁਅੱਤਲ ਕਰ ਦੇਵਾਂਗੇ। ਸਮੱਸਿਆ ਇਹ ਹੈ ਕਿ ਸਭ ਵੈੱਲਫੇਅਰ ਸਟੇਟ ਦਾ ਸੰਕਲਪ ਭੁੱਲ ਗਏ ਹਨ। ਤੁਹਾਨੂੰ ਗਰੀਬਾਂ ਦੀ ਕੋਈ ਚਿੰਤਾ ਨਹੀਂ, ਇਹ ਬਹੁਤ ਹੀ ਮੰਦਭਾਗਾ ਹੈ। ਤੁਸੀਂ ਆਪਣੇ ਘੁਰਨਿਆਂ ਵਿਚ ਰਹਿ ਕੇ ਰਾਜ ਕਰਨਾ ਚਾਹੁੰਦੇ ਹੋ। ਲੋਕਾਂ ਦੀ ਕੋਈ ਚਿੰਤਾ ਨਹੀਂ, ਮਰਦੇ ਹਨ ਤਾਂ ਮਰੀ ਜਾਣ।'
ਹਰਿਆਣਾ ਦੇ ਮੁੱਖ ਸਕੱਤਰ ਦੇ ਸੰਬੰਧ ਵਿਚ ਅਦਾਲਤ ਨੇ ਕਿਹਾ ਕਿ ਤੁਹਾਡਾ ਹਾਲ ਤਾਂ ਪੰਜਾਬ ਨਾਲੋਂ ਵੀ ਮਾੜਾ ਹੈ। ਕੋਰਟ ਨੇ ਪੱਛਮੀ ਯੂ ਪੀ ਵਿਚ ਪਰਾਲੀ ਸਾੜਨ ਦੇ ਸੰਬੰਧ ਵਿਚ ਯੂ ਪੀ ਸਰਕਾਰ ਦੀ ਵੀ ਖਿਚਾਈ ਕੀਤੀ। ਜਸਟਿਸ ਮਿਸ਼ਰਾ ਨੇ ਯੂ ਪੀ ਦੇ ਮੁੱਖ ਸਕੱਤਰ ਤੋਂ ਪੁੱਛਿਆ ਕਿ ਪੱਛਮੀ ਯੂ ਪੀ ਦੇ ਕਿਸਾਨ ਕਿਉਂ ਪਰਾਲੀ ਸਾੜ ਰਹੇ ਹਨ। ਸਰਕਾਰ ਕਿਉਂ ਨਹੀਂ ਖਰੀਦਦੀ। ਇਹ ਗੱਲ ਕੋਰਟ ਨੇ ਉਦੋਂ ਕਹੀ, ਜਦੋਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਰਿਜ਼ਨਵਾਈਜ਼ ਤੇ ਡਿਸਟ੍ਰਿਕਟਵਾਈਜ਼ ਪਰਾਲੀ ਸਾੜਨ ਦੀ ਆਗਿਆ ਦਿੱਤੀ ਜਾਵੇ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper