Latest News
ਜੇ ਐੱਨ ਯੂ ਫਿਰ ਨਿਸ਼ਾਨੇ 'ਤੇ

Published on 07 Nov, 2019 11:02 AM.


ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਇੱਕ ਨਾਮਣੇ ਵਾਲੀ ਵਿੱਦਿਅਕ ਸੰਸਥਾ ਵਜੋਂ ਜਾਣੀ ਜਾਂਦੀ ਹੈ। ਇਸ ਯੂਨੀਵਰਸਿਟੀ ਵਿੱਚੋਂ ਪੜ੍ਹੇ ਵਿਦਿਆਰਥੀ ਆਪਣੇ-ਆਪਣੇ ਖੇਤਰਾਂ ਵਿੱਚ ਉੱਚ ਅਹੁਦਿਆਂ ਤੱਕ ਪੁੱਜਣ ਵਿੱਚ ਸਫ਼ਲ ਰਹੇ ਹਨ। ਸਰਕਾਰ ਤੋਂ ਮਿਲਦੀਆਂ ਸਬਸਿਡੀਆਂ ਕਾਰਨ ਗਰੀਬ ਤੋਂ ਗਰੀਬ ਪਰਵਾਰਾਂ ਦੇ ਹੋਣਹਾਰ ਵਿਦਿਆਰਥੀ ਇਸ ਅਦਾਰੇ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਸਮਾਜ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਪਰ ਸੱਜ-ਪਿਛਾਖੜੀ ਵਿਚਾਰਧਾਰਾ ਵਾਲੇ ਲੋਕ ਜੇ ਐੱਨ ਯੂ ਨੂੰ ਹਮੇਸ਼ਾ ਨਫ਼ਰਤ-ਭਰੀ ਨਜ਼ਰ ਨਾਲ ਦੇਖਦੇ ਰਹੇ ਹਨ। ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਹਿੰਦੂਤਵੀ ਵਿਚਾਰਧਾਰਾ ਨੂੰ ਪ੍ਰਣਾਈ ਭਾਜਪਾ ਸਰਕਾਰ ਬਣਨ ਤੋਂ ਬਾਅਦ ਇਸ ਯੂਨੀਵਰਸਿਟੀ ਉੱਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ। ਮੋਦੀ ਦੇ ਪਿਛਲੇ ਕਾਰਜਕਾਲ ਦੌਰਾਨ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਤੇ ਉਸ ਦੇ ਸਾਥੀਆਂ ਵਿਰੁੱਧ ਦਰਜ ਕੀਤਾ ਗਿਆ ਦੇਸ਼ ਧ੍ਰੋਹ ਦਾ ਕੇਸ ਇਸੇ ਕੜੀ ਦਾ ਹਿੱਸਾ ਸੀ। ਉਸ ਸਮੇਂ ਇਸ ਅਦਾਰੇ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਗੋਦੀ ਮੀਡੀਆ ਨੇ ਵੀ ਕਈ ਮਹੀਨਿਆਂ ਤੱਕ ਇਸ ਪ੍ਰਭਾਵਸ਼ਾਲੀ ਅਦਾਰੇ ਵਿਰੁੱਧ ਮਨਘੜਤ ਕਹਾਣੀਆਂ ਪੇਸ਼ ਕਰਕੇ ਇਸ ਦਾ ਅਕਸ ਖ਼ਰਾਬ ਕਰਨ ਦੀ ਮੁਹਿੰਮ ਚਲਾਈ।
ਹੁਣ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਜੇ ਐੱਨ ਯੂ ਪ੍ਰਸ਼ਾਸਨ ਵੱਲੋਂ ਇਸ ਦੀਆਂ ਫ਼ੀਸਾਂ ਵਿੱਚ 300 ਫ਼ੀਸਦੀ ਦਾ ਵਾਧਾ ਕਰਕੇ ਹੋਣਹਾਰ ਗਰੀਬ ਵਿਦਿਆਰਥੀਆਂ ਦੇ ਵਿੱਦਿਆ ਹਾਸਲ ਕਰਨ ਦੇ ਹੱਕ ਨੂੰ ਖੋਹ ਲੈਣ ਦਾ ਫ਼ੈਸਲਾ ਕਰ ਲਿਆ ਹੈ। ਜੇ ਐੱਨ ਯੂ ਪ੍ਰਸ਼ਾਸਨ ਨੇ ਯੂਨੀਵਰਸਿਟੀ ਹੋਸਟਲ ਤੇ ਹੋਰ ਨਿਯਮਾਂ ਸੰਬੰਧੀ ਇੱਕ ਨਵਾਂ ਚਿੱਠਾ ਤਿਆਰ ਕੀਤਾ ਹੈ। ਇਸ ਚਿੱਠੇ ਵਿੱਚ ਪੇਸ਼ ਨਵੇਂ ਨਿਯਮਾਂ ਮੁਤਾਬਕ ਸਿੰਗਲ ਰੂਮ ਦਾ ਕਿਰਾਇਆ 20 ਰੁਪਏ ਤੋਂ ਵਧਾ ਕੇ 600 ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਡਬਲ ਬੈੱਡ ਕਮਰੇ ਦਾ ਕਿਰਾਇਆ 10 ਰੁਪਏ ਤੋਂ ਵਧ ਕੇ 300 ਹੋ ਜਾਵੇਗਾ। ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਸਰਵਿਸ ਚਾਰਜ ਵਜੋਂ 1700 ਰੁਪਏ ਮਹੀਨਾ ਦੇਣਾ ਹੋਵੇਗਾ। ਦਾਖ਼ਲੇ ਸਮੇਂ ਲਈ ਜਾਂਦੀ ਸਕਿਉਰਿਟੀ ਦੀ ਰਕਮ 5500 ਰੁਪਏ ਤੋਂ ਵਧਾ ਕੇ 12000 ਰੁਪਏ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਦੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਇਸ ਨਵੇਂ ਹਮਲੇ ਵਿਰੁੱਧ ਹੜਤਾਲ-ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਨਵੇਂ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ 40 ਫ਼ੀਸਦੀ ਦੇ ਕਰੀਬ ਗਰੀਬ ਵਿਦਿਆਰਥੀਆਂ ਲਈ ਆਪਣੀ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੋ ਜਾਵੇਗਾ। ਜੇ ਐੱਨ ਯੂ ਦੇ ਵਿਦਿਆਰਥੀਆਂ ਦੀ ਚੁਣੀ ਹੋਈ ਪ੍ਰਧਾਨ ਆਇਸ਼ੀ ਘੋਸ਼ ਦਾ ਕਹਿਣਾ ਹੈ ਕਿ ਜੇ ਐੱਨ ਯੂ ਵਿੱਚ ਬਹੁਤੇ ਉਹ ਵਿਦਿਆਰਥੀ ਪੜ੍ਹਨ ਆਉਂਦੇ ਹਨ, ਜਿਹੜੇ ਕਾਫ਼ੀ ਗਰੀਬ ਘਰਾਂ ਦੇ ਹੁੰਦੇ ਹਨ। ਪ੍ਰਸ਼ਾਸਨ ਵੱਲੋਂ ਲਿਆਂਦੇ ਨਿਯਮ ਉਨ੍ਹਾਂ ਤੋਂ ਵਿੱਦਿਆ ਹਾਸਲ ਕਰਨ ਦਾ ਹੱਕ ਖੋਹ ਲੈਣਗੇ। ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ ਯੂਨੀਵਰਸਿਟੀ ਕੈਂਪਸ ਨੂੰ ਜੇਲ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਨਿਯਮਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਿਦਿਆਰਥਣਾਂ ਨੂੰ ਕਿਹੋ-ਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ। ਉਨ੍ਹਾਂ ਦੇ ਘੁੰਮਣ-ਫਿਰਨ ਉੱਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਇਹ ਕਦਮ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹਨ। ਇਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

135 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper