Latest News
ਪੁੱਛਾਂ ਕੱਢਣ ਵਾਲੇ ਦਾ ਵਿਦਿਆਰਥੀਆਂ 'ਤੇ ਹਮਲਾ, 3 ਫੱਟੜ

Published on 07 Nov, 2019 11:16 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਪਿਛਲੀਆਂ ਤਿੰਨ ਪੁਸ਼ਤਾਂ ਤੋਂ ਪੁੱਛਾਂ ਕੱਢਣ ਦਾ ਕਾਰੋਬਾਰ ਕਰਦੇ ਆ ਰਹੇ ਇੱਥੋਂ ਦੇ ਇੱਕ ਔਲੀਏ ਅਤੇ ਦੋ ਜ਼ਨਾਨੀਆਂ ਸਮੇਤ ਉਸ ਦੇ ਇੱਕ ਹੋਰ ਚੇਲੇ ਵਿੱਚ ਬੁੱਧਵਾਰ ਸ਼ਾਮ ਸ਼ਾਇਦ ਪੀਰਾਂ ਦੀ ਪੌਣ ਵੱਧ ਮਾਤਰਾ ਵਿੱਚ ਆ ਗਈ ਕਿ ਉਨ੍ਹਾਂ ਨੇ ਆਪਣੇ ਘਰ ਪੂਜਾ ਸਥਾਨ ਦੇ ਲਾਗੇ ਬਣੀ ਇੱਕ ਪੀ ਜੀ ਵਿੱਚ ਵੜ ਕੇ ਨਾ ਸਿਰਫ ਉੱਥੇ ਰਹਿੰਦੇ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਗੋਲੀ ਚਲਾ ਦਿੱਤੀ, ਸਗੋਂ ਗੰਡਾਸੀ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਤਿੰਨ ਵਿਦਿਆਰਥੀਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਦੋ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਪ੍ਰਵੀਨ ਪੁੱਤਰ ਪ੍ਰਹਲਾਦ ਅਤੇ ਰਮਨਦੀਪ ਪੁੱਤਰ ਸੁਭਾਸ਼ ਚੰਦਰ ਵਜੋਂ ਹੋਈ ਹੈ। ਇੱਕ ਘੋੜਾ ਵਾਲੀ ਹਰਿਆਣਾ ਅਤੇ ਦੂਸਰਾ ਟਾਹਲੀ ਵਾਲਾ ਬੋਦਲਾ (ਫਾਜ਼ਿਲਕਾ) ਦਾ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੇ ਘਟਨਾ ਸਥਾਨ ਦੀ ਉਹ ਕੈਮਰਾ ਫੁਟੇਜ਼ ਇਸ ਪੱਤਰਕਾਰ ਨੂੰ ਸੌਂਪੀ, ਜਿਸ ਵਿੱਚ ਹਮਲਾਵਰ ਕਾਤਲਾਨਾ ਹਮਲਾ ਕਰਨ ਦੇ ਵਕਤ ਅਸਲਾ ਅਤੇ ਹੋਰ ਹਥਿਆਰ ਲੈ ਕੇ ਪੀ ਜੀ ਵਿੱਚ ਦਾਖ਼ਲ ਹੋ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਤੀਸਰੇ ਸਾਥੀ ਵਿਦਿਆਰਥੀ, ਜਿਹੜਾ ਡਰ ਕੇ ਬਾਥਰੂਮ ਵਿਚ ਲੁਕ ਗਿਆ ਸੀ, ਨੂੰ ਗੰਡਾਸਿਆਂ ਨਾਲ ਦਰਵਾਜ਼ਾ ਤੋੜ ਕੇ ਬਾਹਰ ਕੱਢਣ ਪਿੱਛੋਂ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਪੁਲਸ ਉਨ੍ਹਾਂ ਦਾ ਬਿਆਨ ਕਲਮਬੰਦ ਕਰਕੇ ਲੈ ਗਈ ਹੈ ਪਰ ਉਨ੍ਹਾਂ ਵੱਲੋਂ ਲਿਖਾਈ ਸਿੱਧੀ ਗੋਲੀ ਚਲਾਉਣ ਵਾਲੀ ਗੱਲ ਨੂੰ ਬਿਆਨ ਲਿਖਣ ਆਇਆ ਥਾਣੇਦਾਰ ਇਹ ਕਹਿੰਦਿਆਂ ਹਵਾਈ ਫਾਇਰ ਵਿੱਚ ਬਦਲ ਗਿਆ ਕਿ ਤੁਹਾਡਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਪੁਲਸ ਹਮਲਾਵਰਾਂ ਦਾ ਪੱਖ ਇਸ ਕਰਕੇ ਲੈ ਰਹੀ ਹੈ, ਕਿਉਂਕਿ ਉਨ੍ਹਾਂ ਦੇ ਦੋ ਨਜ਼ਦੀਕੀ ਰਿਸ਼ਤੇਦਾਰ ਪੁਲਸ ਵਿੱਚ ਹਨ, ਜਿਨ੍ਹਾਂ ਵਿੱਚੋਂ ਇੱਕ ਡੀ ਐੱਸ ਪੀ ਦੀ ਸੁਰੱਖਿਆ ਵਿਚ ਤਾਇਨਾਤ ਦੱਸਿਆ ਜਾ ਰਿਹਾ ਹੈ। ਜ਼ਖਮੀ ਵਿਦਿਆਰਥੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਪੀ ਜੀ ਵਿੱਚ ਲੱਗਿਆ ਪੱਖਾ, ਇੱਕ ਡੈੱਕ ਅਤੇ ਮੋਬਾਇਲ ਫੋਨ ਸਮੇਤ ਕਈ ਕੀਮਤੀ ਚੀਜ਼ਾਂ ਵੀ ਭੰਨ ਦਿੱਤੀਆਂ ਤੇ ਇੱਕ ਮੋਬਾਈਲ ਫੋਨ ਵੀ ਨਾਲ ਲੈ ਗਏ।ਏ ਐੱਸ ਆਈ ਕੌਰ ਸਿੰਘ ਨੇ ਕਿਹਾ ਕਿ ਜ਼ਖਮੀ ਵਿਦਿਆਰਥੀਆਂ ਦੇ ਬਿਆਨ ਕਲਮਬੰਦ ਕੀਤੇ ਜਾ ਚੁੱਕੇ ਹਨ। ਮੁਕੱਦਮਾ ਦਰਜ ਕੀਤੇ ਜਾਣ ਸੰਬੰਧੀ ਪੁੱਛਣ 'ਤੇ ਉਨ੍ਹਾ ਕਿਹਾ ਕਿ ਮੁਕੱਦਮਾ ਦਰਜ ਕਰਾਂਗੇ ਜ਼ਰੂਰ, ਪਰ ਫਿਲਹਾਲ ਮੁਕੱਦਮਾ ਇਸ ਕਰਕੇ ਨਹੀਂ ਦਰਜ ਕੀਤਾ ਗਿਆ ਕਿਉਂਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਹੈ ਅਤੇ ਮੋਹਤਬਰਾਂ ਵਿੱਚ ਗੱਲਬਾਤ ਚੱਲ ਰਹੀ ਹੈ। ਇਸ ਸੰਬੰਧ ਵਿੱਚ ਜਦੋਂ ਉਕਤ ਔਲੀਏ ਦੇ ਮੋਬਾਈਲ ਫ਼ੋਨ ਉੱਪਰ ਸੰਪਰਕ ਕੀਤਾ ਗਿਆ ਤਾਂ ਅੱਗੋਂ ਬੋਲਣ ਵਾਲਾ ਵਿਅਕਤੀ ਰੌਂਗ ਨੰਬਰ ਕਹਿ ਕੇ ਫੋਨ ਕੱਟ ਗਿਆ।

224 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper