ਮੁੱਖ ਮੰਤਰੀ ਦੇ ਅਹੁਦੇ ਤੋਂ ਥੱਲੇ ਕੋਈ ਗੱਲ ਨਹੀਂ ਹੋਣੀ : ਠਾਕਰੇ, ਸ਼ਿਵ ਸੈਨਾ ਨੇ ਵਿਧਾਇਕ ਹੋਟਲ 'ਚ ਠਹਿਰਾਏ
ਮੁੰਬਈ : ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਵੀਰਵਾਰ ਕਿਹਾ ਕਿ ਉਨ੍ਹਾ ਦਾ ਭਾਜਪਾ ਨਾਲ ਗਠਜੋੜ ਤੋੜਨ ਦਾ ਇਰਾਦਾ ਨਹੀਂ ਪਰ ਉਮੀਦ ਕਰਦੇ ਹਨ ਕਿ ਭਾਜਪਾ ਲੋਕਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੱਤਾ ਦੀ ਬਰਾਬਰ ਭਾਈਵਾਲੀ ਦਾ ਵਾਅਦਾ ਨਿਭਾਏਗੀ। ਪਾਰਟੀ ਵਿਧਾਇਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ, ''ਅਸੀਂ ਭਾਜਪਾ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਜੇ ਉਹ ਲੋਕਸਭਾ ਚੋਣਾਂ ਦੌਰਾਨ ਹੋਏ ਫੈਸਲੇ ਨੂੰ ਲਾਗੂ ਕਰਦੇ ਹਨ। ਜੇ ਉਹ ਸਾਨੂੰ ਢਾਈ ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਤਿਆਰ ਹਨ ਤੋਂ ਮੈਨੂੰ ਫੋਨ ਕਰ ਸਕਦੇ ਹਨ, ਵਰਨਾ ਫੋਨ ਨਾ ਕਰਨ।'' ਮੀਟਿੰਗ ਵਿਚ ਹਿੱਸਾ ਲੈਣ ਵਾਲੇ ਅਬਦੁੱਲ ਸੱਤਾਰ ਨੇ ਕਿਹਾ ਕਿ ਉਨ੍ਹਾ ਦੇ ਪ੍ਰਧਾਨ ਜੋ ਫੈਸਲਾ ਕਰਨਗੇ ਉਹ ਉਸ 'ਤੇ ਫੁਲ ਚੜ੍ਹਾਉਣਗੇ। ਮੀਟਿੰਗ ਦੇ ਬਾਅਦ ਪਾਰਟੀ ਦੇ ਬੁਲਾਰੇ ਸੰਜੇ ਰਾਉਤ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ 'ਤੇ ਕੋਈ ਸੌਦੇਬਾਜ਼ੀ ਨਹੀਂ ਹੋਵੇਗੀ। ਊਧਵ ਠਾਕਰੇ ਨੇ ਮੀਟਿੰਗ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਦੇ ਸਟੈਂਡ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਉਂਦਿਆਂ ਰਾਉਤ ਨੇ ਕਿਹਾ ਕਿ ਜੇ ਭਾਜਪਾ ਨਾਲ ਵਿਧਾਇਕ ਹਨ ਤਾਂ ਉਸਨੂੰ ਗਵਰਨਰ ਕੋਲ ਪੇਸ਼ ਕਰਨੇ ਚਾਹੀਦੇ ਹਨ ਤੇ ਜੇ ਨਹੀਂ ਹਨ ਤਾਂ ਗੱਲ ਸਪੱਸ਼ਟ ਕਰੇ।
ਇਸੇ ਦੌਰਾਨ ਸ਼ਿਵ ਸੈਨਾ ਨੇ ਆਪਣੇ ਵਿਧਾਇਕ ਇਕ ਹੋਟਲ ਵਿਚ ਠਹਿਰਾ ਦਿੱਤੇ ਹਨ ਤਾਂਕਿ ਭਾਜਪਾ ਕੋਈ ਭੰਨ-ਤੋੜ ਨਾ ਕਰ ਸਕੇ।
ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਤੇ ਰੈਵੇਨਿਊ ਮੰਤਰੀ ਸੁਧੀਰ ਮੁੰਗੰਟੀਵਰ ਨੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਗਵਰਨਰ ਨੂੰ ਚਲ ਰਹੀ ਸਿਆਸੀ ਸਥਿਤੀ ਬਾਰੇ ਜਾਣੂੰ ਕਰਾਉਣ ਗਏ ਸੀ। ਉਨ੍ਹਾਂ ਸਰਕਾਰ ਬਣਾਉਣ ਵਿਚ ਦੇਰੀ ਕਾਰਨ ਵੱਖ-ਵੱਖ ਕਾਨੂੰਨੀ ਬਦਲਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ। ਸਰਕਾਰ ਬਣਾਉਣ ਦੀ ਡੈੱਡਲਾਈਨ 9 ਨਵੰਬਰ ਹੈ।