Latest News
ਮਹਾਯੁਤੀ ਦੀ ਆਹੂਤੀ

Published on 10 Nov, 2019 11:23 AM.


ਮੁੰਬਈ : ਭਾਜਪਾ ਨੇ ਐਤਵਾਰ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਮਿਲ ਕੇ ਦੱਸ ਦਿੱਤਾ ਕਿ ਉਹ ਸਰਕਾਰ ਨਹੀਂ ਬਣਾਏਗੀ, ਕਿਉਂਕਿ ਮਹਾਯੁਤੀ (ਮਹਾਂ-ਗਠਜੋੜ) ਵਿਚ ਸ਼ਾਮਲ ਸ਼ਿਵ ਸੈਨਾ ਸਾਥ ਦੇਣ ਤੋਂ ਇਨਕਾਰੀ ਹੈ। ਗਵਰਨਰ ਨਾਲ ਮੁਲਾਕਾਤ ਦੇ ਬਾਅਦ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਕਿਹਾ ਭਾਜਪਾ ਤੇ ਸ਼ਿਵ ਸੈਨਾ ਮਹਾਂ-ਗਠਜੋੜ ਨੂੰ ਲੋਕਾਂ ਨੇ ਚੋਣਾਂ ਵਿਚ ਬਹੁਤ ਚੰਗਾ ਫਤਵਾ ਦਿੱਤਾ ਸੀ। ਇਹ ਫਤਵਾ ਸਰਕਾਰ ਬਣਾਉਣ ਲਈ ਕਾਫੀ ਸੀ। ਸ਼ਿਵ ਸੈਨਾ ਨੇ ਫਤਵੇ ਦਾ ਅਨਾਦਰ ਕੀਤਾ ਹੈ। ਭਾਜਪਾ ਇਕੱਲੀ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ। ਸ਼ਿਵ ਸੈਨਾ ਚਾਹੇ ਤਾਂ ਐੱਨ ਸੀ ਪੀ ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲਵੇ।
ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਮਹਾਰਾਸ਼ਟਰ ਵਿਚ ਐਤਕੀਂ ਸ਼ਿਵ ਸੈਨਾ ਦਾ ਹੀ ਮੁੱਖ ਮੰਤਰੀ ਬਣਾਉਣ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਉਨ੍ਹਾ ਹੋਰਨਾਂ ਦੀਆਂ ਕਈ ਪਾਲਕੀਆਂ ਚੁੱਕੀਆਂ, ਪਰ ਐਤਕੀਂ ਪਾਲਕੀ ਵਿਚ ਸ਼ਿਵ ਸੈਨਿਕ ਹੀ ਬੈਠੇਗਾ। ਉਹਨਾ ਮਲਾਦ ਸਥਿਤ ਇਕ ਰਿਜ਼ਾਰਟ ਵਿਚ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਇਹ ਟਿੱਪਣੀ ਕੀਤੀ।
ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਪਾਰਟੀ ਦੇ ਅਖਬਾਰ 'ਸਾਮਨਾ' ਵਿਚ ਐਤਵਾਰ ਲਿਖਿਆ ਕਿ ਪਾਰਟੀ ਪ੍ਰਧਾਨ ਊਧਵ ਠਾਕਰੇ ਹੀ ਫੈਸਲਾ ਕਰਨਗੇ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਅਤੇ ਐੱਨ ਸੀ ਪੀ ਦੇ ਆਗੂ ਸ਼ਰਦ ਪਵਾਰ ਇਸ ਪ੍ਰਕਿਰਿਆ ਵਿਚ ਅਹਿਮ ਰੋਲ ਨਿਭਾਉਣਗੇ। ਫੜਨਵੀਸ ਦੀ ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਸ਼ਿਵ ਸੈਨਾ ਉਨ੍ਹਾ ਨਾਲ ਗੱਲ ਕਰਨ ਲਈ ਤਿਆਰ ਨਹੀਂ। ਇਸ ਦਾ ਮਤਲਬ ਊਧਵ ਠਾਕਰੇ ਹੀ ਫੈਸਲਾ ਕਰਨਗੇ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਮਹਾਰਾਸ਼ਟਰ ਵਿਚ ਇਹ ਆਮ ਸਹਿਮਤੀ ਹੈ ਕਿ ਭਾਜਪਾ ਦਾ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ।
ਰਾਉਤ ਨੇ ਸਰਕਾਰ ਗਠਨ 'ਤੇ ਡੈਡਲਾਕ ਦੇ ਸੰਦਰਭ ਵਿਚ ਜਰਮਨ ਤਾਨਾਸ਼ਾਹ ਹਿਟਲਰ ਦਾ ਜ਼ਿਕਰ ਕੀਤਾ ਤੇ ਕੰਮ-ਚਲਾਊ ਮੁੱਖ ਮੰਤਰੀ ਦੇਵੇਂਦਰ ਫੜਨਵੀਸ 'ਤੇ ਡਰ ਦੀ ਸਿਆਸਤ ਖੇਡਣ ਦਾ ਦੋਸ਼ ਲਾਇਆ। ਉਨ੍ਹਾ ਫੜਨਵੀਸ ਦਾ ਨਾਂਅ ਲਏ ਬਿਨਾਂ ਕਿਹਾ, 'ਜਦੋਂ ਸਿਆਸੀ ਸਹਿਯੋਗ ਹਾਸਲ ਕਰਨ ਦੀ ਕੋਸ਼ਿਸ਼ ਤੇ ਧਮਕਾਉਣ ਦੇ ਤਰੀਕੇ ਕੰਮ ਨਹੀਂ ਕਰਦੇ ਤਾਂ ਇਹ ਮੰਨਣ ਦਾ ਸਮਾਂ ਹੁੰਦਾ ਹੈ ਕਿ ਹਿਟਲਰ ਮਰ ਚੁੱਕਿਆ ਹੈ ਅਤੇ ਗੁਲਾਮੀ ਦੇ ਬੱਦਲ ਛਟ ਗਏ ਹਨ।' ਰਾਉਤ ਨੇ ਕਿਹਾ ਕਿ ਜੇਕਰ ਕੋਈ ਸਰਕਾਰ ਬਣਾਉਣ ਨੂੰ ਤਿਆਰ ਨਹੀਂ ਹੈ ਤਾਂ ਅਸੀਂ ਇਹ ਜ਼ਿੰਮਾ ਲੈ ਸਕਦੇ ਹਾਂ। ਇਸ ਦੇ ਨਾਲ ਹੀ ਕਾਂਗਰਸ ਨੂੰ ਲੈ ਕੇ ਵੀ ਉਨ੍ਹਾ ਵੱਡਾ ਬਿਆਨ ਦਿੱਤਾ। ਰਾਉਤ ਨੇ ਕਿਹਾ ਕਿ ਕਾਂਗਰਸ ਸੂਬੇ ਦੀ ਦੁਸ਼ਮਣ ਨਹੀਂ ਹੈ। ਸਾਰੀਆਂ ਪਾਰਟੀਆਂ ਵਿਚਾਲੇ ਕੁਝ ਮੁੱਦਿਆਂ ਨੂੰ ਲੈ ਕੇ ਮਨ-ਮੁਟਾਵ ਹੁੰਦਾ ਰਹਿੰਦਾ ਹੈ।
ਕਾਂਗਰਸ ਦੇ ਵਿਧਾਇਕ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਲਈ ਸਹਿਮਤ ਦਿਖਾਈ ਦੇ ਰਹੇ ਹਨ। ਹੁਣ ਕਾਂਗਰਸ ਨੇਤਾ ਮਲਿਕਅਰਜੁਨ ਖੜਗੇ ਇਸ ਮੁੱਦੇ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਕਰਨਗੇ। ਸੋਨੀਆ ਇਸ 'ਤੇ ਕੀ ਫੈਸਲੇ ਲੈਂਦੇ ਹਨ, ਇਸ ਦੇ ਆਧਾਰ 'ਤੇ ਮਹਾਰਾਸ਼ਟਰ ਦੀ ਸਿਆਸਤ ਦਾ ਖਾਕਾ ਤਿਆਰ ਹੋਵੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਜੇਕਰ ਸੋਨੀਆ ਗਾਂਧੀ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਲਈ ਤਿਆਰ ਹੋ ਜਾਂਦੀ ਹੈ ਤਾਂ ਮਹਾਰਾਸ਼ਟਰ ਹੀ ਨਹੀਂ, ਦੇਸ਼ ਦੀ ਸਿਆਸਤ 'ਚ ਇੱਕ ਨਵਾਂ ਰਾਜਨੀਤਕ ਅਧਿਆਇ ਦਾ ਆਗਾਜ਼ ਹੋਵੇਗਾ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਵਿਧਾਇਕ ਇਸ ਸਮੇਂ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਇੱਕ ਹੋਟਲ 'ਚ ਠਹਿਰੇ ਹੋਏ ਹਨ। ਐਤਵਾਰ ਨੂੰ ਇਨ੍ਹਾਂ ਵਿਧਾਇਕਾਂ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਅਰਜੁਨ ਖੜਗੇ ਨੇ ਗੱਲਬਾਤ ਕੀਤੀ। ਇੱਥੇ ਕਾਂਗਰਸ ਦੇ 40 ਵਿਧਾਇਕ ਮੌਜੂਦ ਸਨ। ਇਸ ਦੌਰਾਨ ਇਹ ਸਾਹਮਣੇ ਆਇਆ ਕਿ ਕਾਂਗਰਸ ਵਿਧਾਇਕ ਸ਼ਿਵ ਸੈਨਾ ਦੇ ਨਾਲ ਮਿਲ ਕੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦੇ ਇਛੁੱਕ ਹਨ। ਕਾਂਗਰਸ ਨਵੀਂ ਸਰਕਾਰ ਨੂੰ ਬਾਹਰ ਤੋਂ ਸਮਰੱਥਨ ਨਹੀਂ ਦੇਣਾ ਚਾਹੁੰਦੀ, ਬਲਕਿ ਸਰਕਾਰ 'ਚ ਸ਼ਾਮਲ ਹੋਣਾ ਚਾਹੁੰਦੀ ਹੈ। ਕਾਂਗਰਸ ਵਿਧਾਇਕਾਂ ਨਾਲ ਮੁਲਾਕਾਤ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਵਿਧਾਇਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਉਹ ਵਿਧਾਇਕਾਂ ਦੇ ਮਨ ਦੀ ਗੱਲ ਸੋਨੀਆ ਗਾਂਧੀ ਨੂੰ ਦੱਸਣਗੇ। ਸੋਨੀਆ ਨਾਲ ਗੱਲਬਾਤ ਕਰਕੇ ਇਸ ਮਸਲੇ 'ਤੇ ਆਖਰੀ ਫੈਸਲਾ ਲਿਆ ਜਾਵੇਗਾ। ਉਧਰ, ਸਰਕਾਰ ਨੂੰ ਲੈ ਕੇ ਮੁੰਬਈ ਕਾਂਗਰਸ ਦੇ ਆਗੂ ਵੱਖ-ਵੱਖ ਸੁਰਾਂ ਕੱਢ ਰਹੇ ਹਨ। ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਮਿਲਿੰਦ ਦਿਓੜਾ ਨੇ ਕਿਹਾ ਹੈ ਕਿ ਜੇ ਭਾਜਪਾ-ਸ਼ਿਵ ਸੈਨਾ ਸਰਕਾਰ ਨਹੀਂ ਬਣਾਉਂਦੇ ਤਾਂ ਗਵਰਨਰ ਐੱਨ ਸੀ ਪੀ ਤੇ ਕਾਂਗਰਸ ਦੇ ਗਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ। ਮੁੰਬਈ ਕਾਂਗਰਸ ਦੇ ਇਕ ਹੋਰ ਸਾਬਕਾ ਪ੍ਰਧਾਨ ਸੰਜੇ ਨਿਰੂਪਮ ਨੇ ਕਿਹਾ ਕਿ ਕਾਂਗਰਸ ਤੇ ਐੱਨ ਸੀ ਪੀ ਕੋਲ ਸਰਕਾਰ ਬਣਾਉਣ ਜੋਗੇ ਵਿਧਾਇਕ ਨਹੀਂ ਹਨ, ਇਸ ਲਈ ਸ਼ਿਵ ਸੈਨਾ ਦੀ ਲੋੜ ਪੈਣੀ ਹੈ ਤੇ ਪਾਰਟੀ ਨੂੰ ਕਿਸੇ ਵੀ ਹਾਲਾਤ ਵਿਚ ਸ਼ਿਵ ਸੈਨਾ ਨਾਲ ਸੱਤਾ ਸਾਂਝੀ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ। ਇਸ ਦੌਰਾਨ ਨੈਸ਼ਨਲਿਸਟ ਕਾਂਗਰਸ ਪਾਰਟੀ ਮੰਗਲਵਾਰ ਨੂੰ ਆਪਣੇ ਵਿਧਾਇਕਾਂ ਦੀ ਮੀਟਿੰਗ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਵਿਧਾਇਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਐੱਨ ਸੀ ਪੀ ਮੁਖੀ ਸ਼ਰਦ ਪਵਾਰ ਸ਼ਿਵ ਸੈਨਾ ਨਾਲ ਗਠਜੋੜ ਨੂੰ ਆਪਣੀ ਹਰੀ ਝੰਡੀ ਦੇ ਸਕਦੇ ਹਨ। ਐੱਨ ਸੀ ਪੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜੇਕਰ ਭਾਜਪਾ-ਸ਼ਿਵ ਸ਼ੈਨਾ ਮਿਲ ਕੇ ਸਰਕਾਰ ਨਹੀਂ ਬਣਾਉਂਦੇ ਤਾਂ ਅਸੀਂ ਸਰਕਾਰ ਬਣਾਵਾਂਗੇ।

350 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper