Latest News
ਜੇ ਐੱਨ ਯੂ ਦੇ ਵਿਦਿਆਰਥੀਆਂ 'ਤੇ ਪਾਣੀ ਦੀਆਂ ਤੋਪਾਂ ਚਲਾਈਆਂ

Published on 11 Nov, 2019 12:01 PM.


ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਵਿਰੁੱਧ ਸੋਮਵਾਰ ਪ੍ਰੋਟੈੱਸਟ ਕਰ ਰਹੇ ਵਿਦਿਆਰਥੀਆਂ 'ਤੇ ਪੁਲਸ ਨੇ ਪਾਣੀ ਦੀਆਂ ਤੋਪਾਂ ਚਲਾਈਆਂ। ਵਿਦਿਆਰਥੀ ਵਸੰਤ ਕੁੰਜ ਵਿਚ ਏ ਆਈ ਸੀ ਟੀ ਈ ਦੇ ਆਡੀਟੋਰੀਅਮ ਦੇ ਬਾਹਰ ਪ੍ਰੋਟੈੱਸਟ ਕਰ ਰਹੇ ਸਨ, ਜਿੱਥੇ ਯੂਨੀਵਰਸਿਟੀ ਦੀ ਤੀਜੀ ਕਾਨਵੋਕੇਸ਼ਨ ਚੱਲ ਰਹੀ ਸੀ। ਕਾਨਵੋਕੇਸ਼ਨ ਦੇ ਮੁੱਖ ਮਹਿਮਾਨ ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਸਨ। ਵਿਦਿਆਰਥੀ ਕਰੀਬ ਸਾਢੇ ਗਿਆਰਾਂ ਵਜੇ ਉਥੇ ਪੁੱਜੇ ਤੇ ਬੈਰੀਕੇਡ ਤੋੜ ਕੇ ਆਡੀਟੋਰੀਅਮ ਵੱਲ ਮਾਰਚ ਕਰਨ ਲੱਗੇ। ਉਨ੍ਹਾਂ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ : ਵਾਈਸ ਚਾਂਸਲਰ ਐੱਮ ਜਗਦੇਸ਼ ਕੁਮਾਰ ਚੋਰ ਹੈ। ਉਨ੍ਹਾਂ 'ਦਿੱਲੀ ਪੁਲਸ ਵਾਪਸ ਜਾਓ' ਦੇ ਨਾਅਰੇ ਵੀ ਲਾਏ। ਜਦੋਂ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰੀਆਲ ਲਈ ਆਡੀਟੋਰੀਅਮ ਵਿਚੋਂ ਨਿਕਲਣਾ ਔਖਾ ਹੋ ਗਿਆ ਤਾਂ ਪੁਲਸ ਨੇ ਯੂਨੀਅਨ ਪ੍ਰਧਾਨ ਐਸ਼ੇ ਘੋਸ਼ ਤੇ ਉਪ-ਪ੍ਰਧਾਨ ਸਾਕੇਤ ਮੂਨ ਨੂੰ ਵਿਦਿਆਰਥੀਆਂ ਨੂੰ ਗੇਟ ਤੋਂ ਪਾਸੇ ਹਟਾਉਣ ਲਈ ਕਿਹਾ, ਪਰ ਵਿਦਿਆਰਥੀ ਨਹੀਂ ਮੰਨੇ। ਮੰਤਰੀ ਤਿੰਨ ਘੰਟੇ ਅੰਦਰ ਫਸੇ ਰਹੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਇੰਟਰ-ਹਾਲ ਐਡਮਨਿਸਟ੍ਰੇਸ਼ਨ ਵੱਲੋਂ ਪਾਸ ਕੀਤੇ ਡਰਾਫਟ ਹੋਸਟਲ ਮੈਨੂਅਲ ਦੇ ਖਿਲਾਫ 15 ਦਿਨਾਂ ਤੋਂ ਹੜਤਾਲ 'ਤੇ ਹੈ, ਪਰ ਵਾਈਸ ਚਾਂਸਲਰ ਗੱਲ ਸੁਣਨ ਲਈ ਤਿਆਰ ਨਹੀਂ। ਯੂਨੀਅਨ ਮੁਤਾਬਕ ਨਵੇਂ ਫੈਸਲੇ ਨਾਲ 400 ਫੀਸਦੀ ਫੀਸ ਵਧੇਗੀ, ਟਾਈਮ ਕਰਫਿਊ ਤੇ ਡਰੈੱਸ ਕੋਡ ਲੱਗੇਗਾ। ਯੂਨੀਅਨ ਦਾ ਕਹਿਣਾ ਹੈ ਕਿ ਹੋਸਟਲ ਮੈਨੂਅਲ ਵਾਪਸ ਲਏ ਜਾਣ ਤੱਕ ਹੜਤਾਲ ਜਾਰੀ ਰਹੇਗੀ।

230 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper