Latest News
100 ਦਿਨ ਹਨੇਰੇ 'ਚ

Published on 12 Nov, 2019 10:52 AM.ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਆਰ ਸੁਭਾਸ਼ ਰੈਡੀ, ਜਸਟਿਸ ਬੀ ਆਰ ਗਵਈ, ਜਸਟਿਸ ਸੂਰੀਆ ਕਾਂਤ ਤੇ ਜਸਟਿਸ ਐੱਨ ਵੀ ਰਮਨ 'ਤੇ ਅਧਾਰਤ ਪੰਜ ਮੈਂਬਰੀ ਸੰਵਿਧਾਨਕ ਬੈਂਚ 14 ਨਵੰਬਰ ਤੋਂ ਸੁਣਵਾਈ ਸ਼ੁਰੂ ਕਰੇਗੀ ਕਿ ਮੋਦੀ ਸਰਕਾਰ ਦਾ ਸੰਵਿਧਾਨ ਦੀ ਧਾਰਾ 370 ਨੂੰ ਛਾਂਗਣ ਦਾ ਫੈਸਲਾ ਠੀਕ ਸੀ ਕਿ ਨਹੀਂ। ਜੰਮੂ-ਕਸ਼ਮੀਰ ਦਾ ਨਕਸ਼ਾ ਬਦਲ ਕੇ ਰੱਖ ਦੇਣ ਵਾਲੇ ਰਾਸ਼ਟਰਪਤੀ ਦੇ ਫ਼ਰਮਾਨ ਨੂੰ ਕਈ ਪਟੀਸ਼ਨਾਂ ਰਾਹੀਂ ਚੈਲੰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਪਟੀਸ਼ਨਾਂ ਦੇ ਜਵਾਬ ਵਿਚ ਦਾਇਰ ਕੀਤੇ ਹਲਫਨਾਮੇ ਵਿਚ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਇਹ ਫੈਸਲਾ ਲੈਣ ਦੀ ਉਸ ਦੀ ਸਿਆਣਪ 'ਤੇ ਨਜ਼ਰਸਾਨੀ ਨਹੀਂ ਕਰ ਸਕਦੀ। ਉਸ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਇਲਾਕਿਆਂ ਵਿਚ ਬਦਲਣ ਨੂੰ ਸਹੀ ਠਹਿਰਾਉਂਦਿਆਂ ਇਸ ਲਈ ਕੌਮੀ ਸੁਰੱਖਿਆ ਤੇ ਪ੍ਰਭੂਸੱਤਾ ਦਾ ਹਵਾਲਾ ਦਿੱਤਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਮੁਕੰਮਲ ਰਲੇਵੇਂ ਨਾਲ ਖਿੱਤੇ ਦੇ ਲੋਕਾਂ ਨੂੰ ਭਾਰਤੀ ਸੰਵਿਧਾਨ ਦੀ ਪੂਰੀ ਸੁਰੱਖਿਆ ਤੇ ਲਾਭ ਮਿਲਣਗੇ। ਇਸ ਨਾਲ ਖਿੱਤੇ ਵਿਚ ਵਿਕਾਸ ਤੇ ਅਮਨ ਵਧੇਗਾ। ਉਸ ਨੇ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਨਜ਼ਰਸਾਨੀ ਮਾਣਯੋਗ ਅਦਾਲਤ ਦੀ ਸੰਵਿਧਾਨਕ ਸ਼ਕਤੀ ਦਾ ਹਿੱਸਾ ਹੈ,ਪਰ ਮਾਣਯੋਗ ਰਾਸ਼ਟਰਪਤੀ ਤੇ ਸੰਸਦ ਦੇ ਅਜਿਹੇ ਫੈਸਲਿਆਂ ਦੀ ਵਾਜਵੀਅਤ,, ਖਾਸੀਅਤ, ਅਨੁਕੂਲਤਾ ਤੇ ਸਿਆਣਪ ਅਦਾਲਤੀ ਨਜ਼ਰਸਾਨੀ ਲਈ ਜਵਾਬਦੇਹ ਨਹੀਂ ਹੈ।
ਰਾਸ਼ਟਰਪਤੀ ਵੱਲੋਂ ਪੰਜ ਅਗਸਤ ਨੂੰ ਜਾਰੀ ਕੀਤੇ ਗਏ ਫ਼ਰਮਾਨ ਨੂੰ 100 ਦਿਨ ਲੰਘ ਗਏ ਹਨ। ਸਰਕਾਰੀ ਦਾਅਵਿਆਂ ਦੇ ਬਾਵਜੂਦ ਕਸ਼ਮੀਰ ਵਾਦੀ ਵਿਚ ਬੇਯਕੀਨੀ ਦਾ ਆਲਮ ਹੈ ਤੇ ਲੋਕਾਂ ਦੇ ਧੰਦੇ ਚੌਪਟ ਹੋ ਚੁੱਕੇ ਹਨ। ਉੱਤੋਂ ਬਰਫ ਵੀ ਸਮੇਂ ਤੋਂ ਪਹਿਲਾਂ ਹੀ ਪੈਣ ਲੱਗ ਪਈ ਹੈ, ਜਿਹੜੀ ਉਨ੍ਹਾਂ ਦੇ ਦੁੱਖਾਂ ਨੂੰ ਹੋਰ ਵਧਾਏਗੀ। ਤਿੰਨ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਸਮੇਤ ਸਾਰੀਆਂ ਗੈਰ-ਭਾਜਪਾ ਪਾਰਟੀਆਂ ਦੇ ਸਰਕਰਦਾ ਆਗੂ ਨਜ਼ਰਬੰਦ ਹਨ। ਸੈਂਕੜੇ ਨੌਜਵਾਨਾਂ ਨੂੰ ਫੜ ਕੇ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿਚ ਸੁੱਟਿਆ ਹੋਇਆ ਹੈ। ਬਿਨਾਂ ਬੰਦ ਦੇ ਸੱਦੇ ਦੇ ਸਕੂਲ-ਕਾਲਜ ਬੰਦ ਹਨ। ਦੁਕਾਨਾਂ ਸਵੇਰੇ-ਸਵੇਰੇ ਖੁੱਲ੍ਹ ਕੇ ਬੰਦ ਹੋ ਜਾਂਦੀਆਂ ਹਨ। ਸਰਕਾਰੀ ਟਰਾਂਸਪੋਰਟ ਨਜ਼ਰ ਨਹੀਂ ਆਉਂਦੀ। ਇੰਟਰਨੈੱਟ ਸੇਵਾ ਅਜੇ ਵੀ ਬਹਾਲ ਨਹੀਂ ਹੋਈ। ਨਤੀਜੇ ਵਜੋਂ ਡਾਕਟਰਾਂ ਨਾਲ ਸੰਪਰਕ ਨਾ ਹੋਣ ਕਾਰਨ ਗੰਭੀਰ ਰੋਗੀ ਸਮੇਂ ਤੋਂ ਪਹਿਲਾਂ ਦਮ ਤੋੜ ਰਹੇ ਹਨ। ਸਿਰਫ ਪ੍ਰਾਈਵੇਟ ਵਹੀਕਲ ਹੀ ਚੱਲ ਰਹੇ ਹਨ। ਸੜਕਾਂ ਕੰਢੇ ਰੇਹੜੀਆਂ-ਫੜ੍ਹੀਆਂ ਵਾਲੇ ਨਜ਼ਰ ਆਉਂਦੇ ਸਨ, ਪਰ ਸ੍ਰੀਨਗਰ ਵਿਚ ਗਰਨੇਡ ਹਮਲੇ ਤੋਂ ਬਾਅਦ ਉਨ੍ਹਾਂ ਵਿਚ ਵੀ ਡਰ ਪੈਦਾ ਹੋ ਗਿਆ। ਇਸ ਤੋਂ ਇਲਾਵਾ 11 ਗੈਰ-ਕਸ਼ਮੀਰੀ ਟਰੱਕ ਡਰਾਈਵਰਾਂ, ਵਪਾਰੀਆਂ ਤੇ ਮਜ਼ਦੂਰਾਂ ਦੇ ਕਤਲਾਂ ਨੇ ਥੋੜ੍ਹੀਆਂ-ਬਹੁਤੀਆਂ ਚੱਲ ਰਹੀਆਂ ਵਪਾਰਕ ਸਰਗਰਮੀਆਂ ਨੂੰ ਬਰੇਕ ਲਾ ਦਿੱਤੀ ਹੈ। ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਹਾਲਾਤ ਕਦੋਂ ਤੱਕ ਰਹਿਣਗੇ। ਪਹਿਲਾਂ ਦਰਬਾਰ ਮੂਵ (ਸਰਕਾਰ ਦਾ ਸਿਆਲਾਂ ਵਿਚ ਜੰਮੂ ਆਉਣਾ) ਤੱਕ ਹੜਤਾਲਾਂ ਤੇ ਬੰਦ ਚਲਦੇ ਸਨ ਤੇ ਦਰਬਾਰ ਮੂਵ ਹੋਣ ਤੋਂ ਬਾਅਦ ਬੰਦ ਹੋ ਜਾਂਦੇ ਸਨ, ਪਰ ਐਤਕੀਂ ਦਰਬਾਰ ਮੂਵ ਹੋਏ ਨੂੰ ਇਕ ਹਫਤੇ ਤੋਂ ਵੱਧ ਹੋ ਗਿਆ ਹੈ, ਪਰ ਵਾਦੀ ਬੰਦ ਹੀ ਹੈ। ਸਕੂਲ-ਕਾਲਜ ਅਗਸਤ ਤੋਂ ਬੰਦ ਹਨ ਤੇ ਬਰਫਾਂ ਛੇਤੀ ਸ਼ੁਰੂ ਹੋ ਜਾਣ ਕਾਰਨ ਹੁਣ ਮਾਰਚ ਤਕ ਬੰਦ ਰਹਿਣਗੇ। ਲੱਗਭੱਗ ਸੱਤ ਮਹੀਨੇ ਸਕੂਲਾਂ-ਕਾਲਜਾਂ ਤੋਂ ਦੂਰ ਰਹਿਣ ਕਾਰਨ ਵਿਦਿਆਰਥੀਆਂ ਦਾ ਕਿੰਨਾ ਨੁਕਸਾਨ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਏਨੀ ਘੁਟਣ ਵਿਚ ਵਿਹਲੇ ਵਿਦਿਆਰਥੀ ਇਸ ਦੌਰਾਨ ਦੇਸ਼ ਪ੍ਰਤੀ ਕਿਹੋ ਜਿਹੀ ਸੋਚ ਬਣਾਉਣਗੇ, ਇਸ ਨੂੰ ਬਿਆਨ ਕਰਨਾ ਮੁਸ਼ਕਲ ਹੈ।

836 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper