Latest News
ਲੋਕ ਸੰਘਰਸ਼ ਦੀ ਜਿੱਤ

Published on 15 Nov, 2019 11:19 AM.


ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਆਖਰ ਸਰਕਾਰ ਨੂੰ ਝੁਕਣਾ ਪਿਆ ਤੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਜੇਲ੍ਹ ਤੋਂ ਬਾਹਰ ਆ ਗਏ ਹਨ। ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਖੱਬੇ-ਪੱਖੀ ਜਥੇਬੰਦੀਆਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ 30 ਸਤੰਬਰ ਤੋਂ 46 ਦਿਨ ਤੱਕ ਬਰਨਾਲਾ ਜੇਲ੍ਹ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਸੀ। ਸਮੁੱਚੇ ਸੂਬੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਜਾਗਰੂਕ ਲੋਕ ਇਸ ਪੱਕੇ ਮੋਰਚੇ ਵਿੱਚ ਸ਼ਾਮਲ ਹੁੰਦੇ ਰਹੇ। ਲੋਕਾਂ ਦੇ ਸਹਿਯੋਗ ਨਾਲ 24 ਘੰਟੇ ਲੰਗਰ ਚਲਦਾ ਰਿਹਾ। ਰੋਜ਼ਾਨਾ 1 ਕੁਇੰਟਲ ਤੋਂ 5 ਕੁਇੰਟਲ ਤੱਕ ਆਟੇ ਦੀਆਂ ਰੋਟੀਆਂ ਤੇ ਏਨੀ ਮਿਕਦਾਰ ਵਿੱਚ ਹੀ ਚਾਵਲ ਬਣਦੇ ਰਹੇ। ਇਹ ਸਾਰਾ ਖਰਚਾ ਲੋਕਾਂ ਦੇ ਸਹਿਯੋਗ ਰਾਹੀਂ ਪੂਰਾ ਕੀਤਾ ਗਿਆ। ਇਸ ਵਿੱਚ ਜਥੇਬੰਦੀਆਂ ਨਾਲ ਜੁੜੇ ਲੋਕ ਹੀ ਨਹੀਂ, ਆਮ ਵਿਅਕਤੀਆਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ। ਆਖਰ ਲੋਕਾਂ ਦੇ ਏਕੇ ਦੀ ਜਿੱਤ ਹੋਈ।
ਵਰਨਣਯੋਗ ਹੈ ਕਿ 29 ਜੁਲਾਈ 1997 ਵਿੱਚ ਮਹਿਲ ਕਲਾਂ ਵਿੱਚ ਪੜ੍ਹਦੀ 12ਵੀਂ ਜਮਾਤ ਦੀ ਲੜਕੀ ਕਿਰਨਜੀਤ ਕੌਰ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ ਸੀ। ਇਸ ਹੱਤਿਆ ਕਾਂਡ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਤਿਆ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜੇ ਕਰਨ ਲਈ ਇੱਕ ਵਿਸ਼ਾਲ ਅਧਾਰ ਵਾਲੀ ਐਕਸ਼ਨ ਕਮੇਟੀ ਬਣਾਈ ਗਈ। ਇਸ ਵਿੱਚ ਮਨਜੀਤ ਸਿੰਘ ਧਨੇਰ ਵੀ ਸ਼ਾਮਲ ਸੀ। ਐਕਸ਼ਨ ਕਮੇਟੀ ਵੱਲੋਂ ਲੜੇ ਲੰਮੇ ਸੰਘਰਸ਼ ਤੋਂ ਬਾਅਦ ਆਖਰ ਪੁਲਸ ਦੀ ਜਾਗ ਖੁੱਲ੍ਹੀ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਪਿੰਡ ਦੇ ਹੀ ਇੱਕ ਵੱਡੇ ਘਰ ਦੇ ਵਿਗੜੈਲ ਕਾਕੇ ਸਨ। ਇਸ ਉਪਰੰਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਐਕਸ਼ਨ ਕਮੇਟੀ ਨੇ ਪੂਰੀ ਵਾਹ ਲਾਈ।
ਇਸੇ ਦੌਰਾਨ 3 ਮਾਰਚ 2001 ਨੂੰ ਬਰਨਾਲਾ ਕਚਹਿਰੀਆ ਦੇ ਬਾਹਰ ਦੋ ਧਿਰਾਂ ਵਿੱਚ ਹੋਏ ਇੱਕ ਝਗੜੇ ਵਿੱਚ ਦੋਸ਼ੀ ਧਿਰ ਦੇ ਇੱਕ ਵਿਅਕਤੀ ਦਲੀਪ ਸਿੰਘ ਦੀ ਮੌਤ ਹੋ ਗਈ। ਦੋਸ਼ੀ ਧਿਰ ਨੇ ਇਸ ਕੇਸ ਵਿੱਚ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਮਨਜੀਤ ਸਿੰਘ ਧਨੇਰ, ਨਰਾਇਣ ਦੱਤ ਤੇ ਮਾਸਟਰ ਪ੍ਰੇਮ ਕੁਮਾਰ ਵਿਰੁੱਧ ਕੇਸ ਦਰਜ ਕਰਾ ਦਿੱਤਾ। ਇਸ ਕੇਸ ਦੇ 28 ਮਾਰਚ 2005 ਨੂੰ ਆਏ ਫ਼ੈਸਲੇ ਵਿੱਚ ਤਿੰਨਾਂ ਆਗੂਆਂ ਨੂੰ ਉੁਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਸਜ਼ਾ ਵਿਰੁੱਧ ਲੋਕ ਸੰਘਰਸ਼ ਫਿਰ ਮਘ ਪਿਆ। ਲੋਕਾਂ ਦੇ ਦਬਾਅ ਕਾਰਨ ਆਖਰ 24 ਅਗਸਤ 2007 ਨੂੰ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਨੇ ਤਿੰਨਾਂ ਆਗੂਆਂ ਨੂੰ ਸੁਣਾਈ ਸਜ਼ਾ ਨੂੰ ਰੱਦ ਕਰ ਦਿੱਤਾ।
ਗਵਰਨਰ ਵੱਲੋਂ ਸਜ਼ਾ ਨੂੰ ਰੱਦ ਕਰਨ ਤੋਂ ਬਾਅਦ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਵਿਰੁੱਧ ਅਪੀਲ ਦਾਇਰ ਕਰ ਦਿੱਤੀ। ਹਾਈ ਕੋਰਟ ਨੇ ਇਸ ਅਪੀਲ ਉੱਤੇ ਫ਼ੈਸਲਾ ਸੁਣਾਉਦਿਆਂ 11 ਫ਼ਰਵਰੀ 2008 ਨੂੰ ਨਰਾਇਣ ਦੱਤ ਤੇ ਮਾਸਟਰ ਪ੍ਰੇਮ ਕੁਮਾਰ ਨੂੰ ਤਾਂ ਬਰੀ ਕਰ ਦਿੱਤਾ, ਪਰ ਮਨਜੀਤ ਸਿੰਘ ਧਨੇਰ ਦੀ ਸਜ਼ਾ ਬਹਾਲ ਰੱਖੀ ਗਈ। ਐਕਸ਼ਨ ਕਮੇਟੀ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਗਈ। ਸੁਪਰੀਮ ਕੋਰਟ ਨੇ ਇਸ ਸਾਲ 20 ਸਤੰਬਰ ਨੂੰ ਅਪੀਲ ਉੱਤੇ ਫ਼ੈਸਲਾ ਦਿੰਦਿਆ ਹਾਈ ਕੋਰਟ ਵੱਲੋਂ ਦਿੱਤੇ ਫ਼ੈਸਲੇ ਨੂੰ ਹੀ ਬਹਾਲ ਰੱਖਿਆ ਤੇ ਮਨਜੀਤ ਸਿੰਘ ਧਨੇਰ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਸੁਣਾ ਦਿੱਤਾ। ਬੀਤੀ 30 ਸਤੰਬਰ ਨੂੰ ਹਜ਼ਾਰਾਂ ਕਿਸਾਨਾਂ ਨੇ ਜਲੂਸ ਦੀ ਸ਼ਕਲ ਵਿੱਚ ਮਨਜੀਤ ਸਿੰਘ ਧਨੇਰ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਅਤੇ ਨਾਲ ਹੀ ਇਹ ਨਿਸਚਾ ਕਰ ਲਿਆ ਕਿ ਜਿੰਨਾ ਚਿਰ ਤੱਕ ਉਹ ਮਨਜੀਤ ਸਿੰਘ ਧਨੇਰ ਨੂੰ ਰਿਹਾ ਨਹੀਂ ਕਰਵਾ ਲੈਣਗੇ ਜੇਲ੍ਹ ਅੱਗੇ ਪੱਕਾ ਧਰਨਾ ਜਾਰੀ ਰਹੇਗਾ।
ਅੱਜ 46 ਦਿਨ ਦੇ ਧਰਨੇ ਹੀ ਨਹੀਂ 2001 ਤੋਂ 2019 ਤੱਕ 18 ਸਾਲ ਤੋਂ ਵੱਧ ਸਮਾਂ ਐਕਸ਼ਨ ਕਮੇਟੀ ਵੱਲੋਂ ਲੜੀ ਗਈ ਲੜਾਈ ਤੋਂ ਬਾਅਦ ਮਨਜੀਤ ਸਿੰਘ ਧਨੇਰ ਨੂੰ ਇਨਸਾਫ਼ ਹਾਸਲ ਹੋਇਆ ਹੈ। ਇਸ ਲੰਮੀ ਲੜਾਈ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਏਕੇ ਨਾਲ ਔਖੀ ਤੋਂ ਔਖੀ ਲੜਾਈ ਵੀ ਜਿੱਤੀ ਜਾ ਸਕਦੀ ਹੈ। ਅਸੀਂ ਇਸ ਜਿੱਤ ਲਈ ਐਕਸ਼ਨ ਕਮੇਟੀ ਤੇ ਸੰਘਰਸ਼ ਵਿੱਚ ਸ਼ਾਮਲ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹਾਂ।

793 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper