Latest News
ਬੀ ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ

Published on 17 Nov, 2019 10:28 AM.

ਸੰਗਰੂਰ (ਪ੍ਰਵੀਨ ਸਿੰਘ)
ਪਿਛਲੇ ਲੱਗਭੱਗ ਅੱਸੀ ਦਿਨਾ ਤੋਂ ਸੰਗਰੂਰ ਜ਼ਿਲ੍ਹਾ ਪਰਬੰਧਕ ਅੱਗੇ ਰੁਜ਼ਗਾਰ ਦੀ ਮੰਗ ਲਈ ਤੇ 55 ਫੀਸਦੀ ਦੀ ਬੀ ਏ 'ਚੋਂ ਸ਼ਰਤ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਬੀ ਅੱੈਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਐਤਵਾਰ ਸੰਗਰੂਰ ਦੇ ਬਜ਼ਾਰਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲੇ ਦੇ ਪੁਤਲਿਆਂ ਨਾਲ ਰੋਹ ਭਰਪੂਰ ਮੁਜ਼ਾਹਰਾ ਕੀਤਾ। ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਪੁਤਲਾ ਫੂਕਣ ਦੀ ਕੋਸ਼ਿਸ਼ ਕੀਤੀ ਤਾਂ ਸੰਗਰੂਰ ਦੇ ਪੁਲਸ ਪ੍ਰਸ਼ਾਸਨ ਵੱਲੋਂ ਬੀ ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ। ਪੁਲਸ ਵੱਲੋਂ ਬੇਰੁਜ਼ਗਾਰ ਅਧਿਆਪਕਾਵਾਂ ਨਾਲ ਜਿੱਥੇ ਬਦਸੂਲਕੀ ਕੀਤੀ ਗਈ, ਉਥੇ ਪੁਲਸ ਵੱਲੋਂ ਉਹਨਾਂ ਨੂੰ ਗਾਲੀ-ਗਲੋਚ ਕੀਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲਂੋ ਪੱਥਰਬਾਜ਼ੀ ਕੀਤੀ ਗਈ। ਉਹਨਾ ਕਿਹਾ ਕਿ ਪਾਸੇ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਡਰਾਮੇ ਕਰ ਰਹੀ ਹੈ, ਉਥੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆ ਸੰਗਰੂਰ ਦੇ ਪੁਲਸ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਦੀ ਸ਼ਹਿ 'ਤੇ ਸੜਕਾਂ 'ਤੇ ਰੋਲੀਆਂ ਗਈਆਂ ਹਨ, ਜਿਸ ਲਈ ਪੰਜਾਬ ਦੇ ਲੋਕ ਸਿੱਖਿਆ ਮੰਤਰੀ ਨੂੰ ਤੇ ਕਾਂਗਰਸ ਸਰਕਾਰ ਨੂੰ ਕਦੇ ਵੀ ਮਾਫ ਨਹੀ ਕਰਨਗੇ।
ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬੀ ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿਲਵਾਂ ਤੇ ਸੂਬਾ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਅੱਜ ਜਿੰਨੀ ਕਰੂਰਤਾ ਨਾਲ ੇ ਪੁਲਸ ਵੱਲੋ ਸਿੱਖਿਆ ਮੰਤਰੀ ਦੀ ਸ਼ਹਿ 'ਤੇ ਲਾਠੀਚਾਰਜ ਕੀਤਾ ਗਿਆ ਹੈ, ਇਹ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਕਫਨ 'ਚ ਆਖਰੀ ਕਿੱਲ ਸਾਬਤ ਹੋਵੇਗਾ।
ਗੁਰਦੀਪ ਮਾਨਸਾ ਸੂਬਾ ਕਮੇਟੀ ਮੈਂਬਰ ਤੇ ਯੁਧਜੀਤ ਬਠਿੰਡਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਾਵਨ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਹੀ ਨਹੀਂ ਖਾਧੀ, ਸਗੋਂ ਅੱਜ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਵੀ ਕੀਮਤ 'ਤੇ ਰੁਜ਼ਗਾਰ ਨਹੀ ਦੇਣਾ ਚਾਹੁੰਦੀ ।ਉਪਰੋਕਤ ਆਗੂਆਂ ਨੇ ਸਾਂਝੀ ਸੁਰ ਵਿੱਚ ਕਿਹਾ ਕਿ ਉਹਨਾ ਦਾ ਸੰਘਰਸ਼ ਜਿੱਥੇ ਰੁਜ਼ਗਾਰ ਲਈ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਥੇ 55 ਫੀਸਦੀ ਦੀ ਨੀਤੀ ਰੱਦ ਕਰਵਾਉਣ ਲਈ ਤੇ ਉਮਰ ਹੱਦ 42, 47 ਕਰਵਾਉਣ ਲਈ ਚੱਲ ਰਿਹਾ ਹੈ, ਜੋ ਬਿਨਾਂ ਕਿਸੇ ਪੁਲਸ ਦੀਆਂ ਧਾੜਾਂ ਦੀ ਪ੍ਰਵਾਹ ਕੀਤੇ, ਚਲਦਾ ਰਹੇਗਾ ।ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਦਾਤਾ ਸਿੰਘ ਨਮੋਲ ਨੇ ਜਿੱਥੇ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਪੁਲਸ ਵੱਲੋਂ ਅੰਨ੍ਹੇ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਚ ਨਿਖੇਧੀ ਕੀਤੀ, ਉਥੇ ਕਿਹਾ ਕਿ ਇੱਕ ਪਾਸੇ ਸਰਕਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀਆਂ ਬੇਤੁਕੀ ਫਰਮਾਨ ਜਾਰੀ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਸਕੂਲ ਅਧਿਆਪਕਾਂ ਤੇ ਮੁਢਲੀਆਂ ਸਹੂਲਤਾਂ ਤੋ ਸੱਖਣੇ ਹਨ।
ਮਜ਼ਦੂਰ ਮੁਕਤੀ ਮੌਰਚਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ, ਡੀ ਐੱਸ ਓ, ਇਨਕਲਾਬੀ ਕੇਂਦਰ, ਲੋਕ ਮੋਰਚਾ, ਈ ਟੀ ਟੀ ਟੈਟ ਪਾਸ ਯੂਨੀਅਨ, ਅਧਿਆਪਕ ਦਲ, ਆਰਟ ਐਂਡ ਕਰਾਫਟ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਦਾ ਆਦਿ ਦਰਜਨ ਦੇ ਕਰੀਬ ਭਰਾਤਰੀ ਯੂਨੀਅਨਾਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਅੰਨ੍ਹੇ ਲਾਠੀਚਾਰਜ ਦੀ ਜਿੱਥੇ ਨਿਖੇਧੀ ਕੀਤੀ ਗਈ, ਉਥੇ ਬੇਰੁਜ਼ਗਾਰਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਦਾ ਸੰਘਰਸ਼ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਿਹਾ ਸੀ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper