Latest News
ਤਾਮਿਲ ਟਾਈਗਰਾਂ ਦਾ ਸਫਾਇਆ ਕਰਨ ਵਾਲਾ ਗੋਟਾਬਾਯਾ ਰਾਜਪਕਸ਼ੇ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ

Published on 17 Nov, 2019 10:31 AM.


ਕੋਲੰਬੋ : ਸ੍ਰੀਲੰਕਾ ਦੀ ਹੁਕਮਰਾਨ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸਾ ਨੇ ਐਤਵਾਰ ਰਾਸ਼ਟਰਪਤੀ ਚੋਣਾਂ ਵਿਚ ਮੁੱਖ ਆਪੋਜ਼ੀਸ਼ਨ ਆਗੂ ਗੋਟਾਬਾਯਾ ਰਾਜਪਕਸ਼ੇ ਹੱਥੋਂ ਹਾਰ ਕਬੂਲ ਕਰ ਲਈ। ਰਾਜਪਕਸ਼ੇ ਪੰਜ ਸਾਲ ਲਈ ਚੁਣੇ ਗਏ ਹਨ। 52 ਸਾਲ ਦੇ ਪ੍ਰੇਮਦਾਸਾ ਨੇ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ।
ਬਹੁਗਿਣਤੀ ਸਿਨਹਾਲੀ ਬੋਧੀ ਮੰਨਦੇ ਹਨ ਕਿ ਗੋਟਾਬਾਯਾ ਇਸ ਸਾਲ ਦੇ ਸ਼ੁਰੂ ਵਿਚ ਈਸਟਰ ਸੰਡੇ 'ਤੇ ਮਾਰੂ ਹਮਲੇ ਕਰਨ ਵਾਲਿਆਂ ਵਰਗੇ ਦੇਸ਼ ਦੇ ਦੁਸ਼ਮਣਾਂ ਦਾ ਸਫਾਇਆ ਕਰ ਦੇਵੇਗਾ। ਕੁਝ ਹੋਰ ਇਸ ਰਾਇ ਦੇ ਹਨ ਕਿ ਉਸ ਦੇ ਰੱਖਿਆ ਸਕੱਤਰ ਹੁੰਦਿਆਂ 2009 ਵਿਚ ਤਾਮਿਲ ਟਾਈਗਰਾਂ ਵਿਰੁੱਧ ਲੜਾਈ ਦੇ ਆਖਰੀ ਦੌਰ ਵਿਚ ਕਤਲਾਂ, ਤਸੀਹਿਆਂ ਤੇ ਬੀਸੀਓਂ ਲੋਕਾਂ ਨੂੰ ਲਾਪਤਾ ਕਰ ਦੇਣ ਦੇ ਦੋਸ਼ਾਂ ਤਹਿਤ ਉਸ 'ਤੇ ਜੰਗੀ ਅਪਰਾਧਾਂ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ। ਵੱਡੇ ਭਰਾ ਮਹਿੰਦਾ ਰਾਜਪਕਸ਼ੇ ਦੇ ਰਾਸ਼ਟਰਪਤੀ ਹੋਣ ਸਮੇਂ ਦੋਹਾਂ ਭਰਾਵਾਂ ਨੇ ਤਾਮਿਲ ਟਾਈਗਰਾਂ ਵਿਰੁੱਧ ਫੌਜ ਨੂੰ ਖੁੱਲ੍ਹਾ ਹੱਥ ਦਿੱਤਾ ਸੀ। 26 ਸਾਲ ਦੀ ਖਾਨਾਜੰਗੀ ਵਿਚ ਇਕ ਲੱਖ ਤੋਂ ਵੱਧ ਲੋਕ ਮਾਰੇ ਗਏ ਸਨ।
70 ਸਾਲਾ ਰਾਜਪਕਸ਼ੇ ਨੇ ਚੋਣ ਜਿੱਤਣ ਤੋਂ ਬਾਅਦ ਕਿਹਾ ਕਿ ਉਹ ਹੁਣ ਇਸਲਾਮੀ ਆਤਮਘਾਤੀ ਬੰਬ ਬਣਾਉਣ ਵਾਲੇ ਧਾਰਮਕ ਅੱਤਵਾਦ ਦਾ ਖਾਤਮਾ ਕਰਨਗੇ। ਅਪ੍ਰੈਲ ਵਿਚ ਈਸਟਰ ਸੰਡੇ 'ਤੇ ਚਰਚਾਂ ਤੇ ਹੋਟਲਾਂ ਵਿਚ ਹੋਏ ਹਮਲਿਆਂ ਵਿਚ 250 ਤੋਂ ਵੱਧ ਲੋਕ ਮਾਰੇ ਗਏ ਸਨ। ਉਨ੍ਹਾ ਕਿਹਾ ਕਿ ਉਹ ਇੰਟੈਲੀਜੈਂਸ ਸੈੱਲ ਤੇ ਜਾਸੂਸੀ ਨੈੱਟਵਰਕ ਦੁਬਾਰਾ ਕਾਇਮ ਕਰਨਗੇ, ਜਿਹੜੇ ਕਿ ਪਿਛਲੀ ਸਰਕਾਰ ਨੇ ਕੌਮਾਂਤਰੀ ਦਬਾਅ ਵਿਚ ਖਤਮ ਕਰ ਦਿੱਤੇ ਸਨ। ਇਸ ਨਾਲ ਸਿਨਹਾਲੀ ਗਰਮ ਖਿਆਲੀਆਂ ਦੇ ਗੁੱਸੇ ਦਾ ਸ਼ਿਕਾਰ ਮੁਸਲਮਾਨਾਂ ਵਿਚ ਡਰ ਪੈਦਾ ਹੋਵੇਗਾ।
ਚੋਣ ਪ੍ਰਚਾਰ ਦੌਰਾਨ ਗੋਟਾਬਾਯਾ ਨੇ ਸਿਆਸਤਦਾਨਾਂ ਦੀ ਥਾਂ ਪੇਸ਼ਾਵਰਾਂ ਦੀ ਅਗਵਾਈ ਵਿਚ ਟੈਕਨੋਕਰੇਟ ਤੇ ਮਿਲਟਰੀ ਸਟਾਈਲ ਵਾਲੀ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ। ਗੋਟਾਬਾਯਾ ਬੋਧੀ ਤੇ ਸ਼ਾਕਾਹਾਰੀ ਹਨ। ਉਹ 1990ਵਿਆਂ ਵਿਚ ਫੌਜ ਛੱਡ ਕੇ ਅਮਰੀਕਾ ਚਲੇ ਗਏ ਤੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਕੰਮ ਕੀਤਾ। ਇਸ ਸਾਲ ਉਨ੍ਹਾ ਅਮਰੀਕਾ ਦੀ ਨਾਗਰਿਕਤਾ ਛੱਡ ਦਿੱਤੀ, ਕਿਉਂਕਿ ਸ੍ਰੀਲੰਕਾ ਦੇ ਕਾਨੂੰਨ ਤਹਿਤ ਦੋਹਰੀ ਨਾਗਰਿਕਤਾ ਵਾਲਾ ਚੋਣ ਨਹੀਂ ਲੜ ਸਕਦਾ। ਚੋਣ ਪ੍ਰਚਾਰ ਦੌਰਾਨ ਉਨ੍ਹਾ ਦੇ ਰੱਖਿਆ ਸਕੱਤਰ ਹੁੰਦਿਆਂ ਮਨੁੱਖੀ ਹੱਕਾਂ ਦੇ ਘਾਣ ਦੇ ਮੁੱਦੇ ਉਠਾਉਣ ਵਾਲਿਆਂ ਬਾਰੇ ਉਨ੍ਹਾ ਕਿਹਾ ਸੀ ਕਿ ਇਹ ਹਮੇਸ਼ਾ ਬੀਤੇ ਦੀਆਂ ਗੱਲਾਂ ਕਰਦੇ ਹਨ, ਜਦਕਿ ਵੇਲਾ ਭਵਿੱਖ ਦੀਆਂ ਗੱਲਾਂ ਕਰਨ ਦਾ ਹੈ।ਰਾਜਪਕਸ਼ੇ ਦਾ ਜਿੱਤਣਾ ਭਾਰਤ ਲਈ ਝਟਕਾ ਸਾਬਤ ਹੋ ਸਕਦਾ ਹੈ। ਦਰਅਸਲ ਰਾਜਪਕਸ਼ੇ ਚੀਨ ਪ੍ਰਤੀ ਉਲਾਰ ਮੰਨੇ ਜਾਂਦੇ ਹਨ। ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਉਨ੍ਹਾ ਦਾ ਜਿੱਤਣਾ ਭਾਰਤ ਲਈ ਚੰਗਾ ਨਹੀਂ ਹੋਵੇਗਾ। ਦੂਜੇ ਪਾਸੇ ਹਾਰਨ ਵਾਲੇ ਪ੍ਰੇਮਦਾਸਾ ਪਹਿਲਾਂ ਚੀਨ ਦੇ ਅਲੋਚਕ ਹੁੰਦੇ ਸਨ, ਪਰ ਫਿਰ ਉਨ੍ਹਾ ਦੇ ਸੁਰ ਬਦਲ ਗਏ ਸਨ। ਗੋਟਾਬਾਯਾ ਰਾਜਪਕਸ਼ੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਭਰਾ ਹਨ। ਮਹਿੰਦਾ ਦੇ ਰਾਸ਼ਟਰਪਤੀ ਹੁੰਦਿਆਂ ਚੀਨ ਤੇ ਸ੍ਰੀਲੰਕਾ ਕਰੀਬ ਆਏ ਸਨ। ਮਹਿੰਦਾ ਨੇ 2014 ਵਿਚ ਦੋ ਚੀਨੀ ਪਣਡੁੱਬੀਆਂ ਨੂੰ ਸ੍ਰੀਲੰਕਾ ਵਿਚ ਕਿਆਮ ਦੀ ਆਗਿਆ ਤੱਕ ਦੇ ਦਿੱਤੀ ਸੀ। ਗੋਟਾਬਾਯਾ ਦੇ ਜਿੱਤਣ ਨਾਲ ਸ੍ਰੀਲੰਕਾ ਤੇ ਚੀਨ ਵਿਚਾਲੇ ਨੇੜਤਾ ਫਿਰ ਵਧ ਸਕਦੀ ਹੈ। ਇਸ ਸਥਿਤੀ ਵਿਚ ਚੀਨ ਹਿੰਦ ਮਹਾਸਾਗਰ 'ਚ ਆਪਣੀ ਪਕੜ ਹੋਰ ਮਜ਼ਬੂਤ ਕਰ ਸਕਦਾ ਹੈ। ਸ੍ਰੀਲੰਕਾ ਨੇ ਹੰਬਨਟੋਟਾ ਬੰਦਰਗਾਹ ਨੂੰ ਵਿਕਸਤ ਕਰਨ ਲਈ ਕਾਫੀ ਕਰਜ਼ਾ ਲਿਆ ਸੀ। ਕਰਜ਼ਾ ਚੁਕਾ ਨਾ ਸਕਣ 'ਤੇ ਉਸ ਨੇ ਇਹ ਅਹਿਮ ਬੰਦਰਗਾਹ ਚੀਨ ਨੂੰ ਪਟੇ 'ਤੇ ਦੇ ਦਿੱਤੀ ਸੀ। ਚੀਨ ਨੇ ਸ੍ਰੀਲੰਕਾ ਨੂੰ ਇਕ ਜੰਗੀ ਬੇੜਾ ਵੀ ਗਿਫਟ ਕੀਤਾ ਹੋਇਆ ਹੈ। ਹਾਲਾਂਕਿ ਕਿਹਾ ਗਿਆ ਕਿ ਇਹ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਗਿਫਟ ਕੀਤਾ ਗਿਆ, ਪਰ ਹਕੀਕਤ ਵਿਚ ਚੀਨ ਹਿੰਦ ਮਹਾਸਾਗਰ ਵਿਚ ਆਪਣੀ ਫੌਜੀ ਪਹੁੰਚ ਵਧਾ ਰਿਹਾ ਹੈ।

344 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper