Latest News
ਜੇ ਐੱਨ ਯੂ ਦੇ ਵਿਦਿਆਰਥੀਆਂ ਦਾ ਸੰਸਦ ਵੱਲ ਲਾਂਗ ਮਾਰਚ, ਅਨੇਕਾਂ ਗ੍ਰਿਫਤਾਰ ਤੇ ਫੱਟੜ, ਰਾਤ ਨੂੰ ਲਾਈਟਾਂ ਬੰਦ ਕਰਕੇ ਲਾਠੀਚਾਰਜ

Published on 18 Nov, 2019 10:56 AM.


ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਨੂੰ ਰੋਕ ਲਿਆ ਗਿਆ ਤੇ ਅਨੇਕਾਂ ਗ੍ਰਿਫਤਾਰ ਕਰ ਲਏ ਗਏ, ਜਦੋਂ ਉਨ੍ਹਾਂ ਹੋਸਟਲ ਫੀਸਾਂ ਵਿਚ ਕੀਤਾ ਸਾਰਾ ਵਾਧਾ ਵਾਪਸ ਕਰਾਉਣ ਲਈ ਸੋਮਵਾਰ ਸੰਸਦ ਵੱਲ ਮਾਰਚ ਕੀਤਾ। ਹੱਥਾਂ ਵਿਚ ਤਖਤੀਆਂ ਚੁੱਕੀ ਤੇ ਨਾਅਰੇ ਬੁਲੰਦ ਕਰਦੇ ਵਿਦਿਆਰਥੀਆਂ ਦਫਾ 144 ਦੀ ਪਰਵਾਹ ਕੀਤੇ ਬਿਨਾਂ ਦੱਖਣੀ ਦਿੱਲੀ ਵਿਚ ਯੂਨੀਵਰਸਿਟੀ ਕੈਂਪਸ ਤੋਂ ਕਰੀਬ ਅੱਧਾ ਕਿਲੋਮੀਟਰ ਦੂਰੋਂ ਮਾਰਚ ਸ਼ੁਰੂ ਕੀਤਾ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਥਾਂ-ਥਾਂ 'ਤੇ ਅੱਗੇ ਵਧਣੋਂ ਰੋਕਿਆ। ਪੁਲਸ ਵੱਲੋਂ ਤਾਕਤ ਦੀ ਵਰਤੋਂ ਕਰਨ ਕਰਕੇ ਵਿਦਿਆਰਥੀ ਤੇ ਵਿਦਿਆਰਥਣਾਂ ਇਧਰ-ਉਧਰ ਭੱਜਦੇ ਨਜ਼ਰ ਆਏ। ਵਾਇਰਲ ਵੀਡੀਓ ਵਿਚ ਇਕ ਵਿਦਿਆਰਥੀ ਦੇ ਸਿਰ 'ਚੋਂ ਖੂਨ ਵੀ ਨਿਕਲਦਾ ਨਜ਼ਰ ਆਇਆ। ਸਫਦਰਜੰਗ ਇਲਾਕੇ 'ਚ ਡਟੇ ਰਹੇ ਵਿਦਿਆਰਥੀਆਂ ਨੂੰ ਖਦੇੜਨ ਲਈ ਪੁਲਸ ਨੇ ਰਾਤੀਂ ਅੱਠ ਵਜੇ ਲਾਈਟਾਂ ਬੰਦ ਕਰਕੇ ਲਾਠੀਚਾਰਜ ਕੀਤਾ। ਵਿਦਿਆਰਥੀ ਕਹਿ ਰਹੇ ਸੀ ਕਿ ਉਦੋਂ ਤਕ ਨਹੀਂ ਹਟਣਗੇ ਜਦ ਤਕ ਉਨ੍ਹਾਂ ਦੀ ਪ੍ਰਧਾਨ ਤੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਵਿਦਿਆਰਥੀਆਂ ਨੇ 12 ਵਜੇ ਮਾਰਚ ਸ਼ੁਰੂ ਕੀਤਾ ਤੇ ਸਾਢੇ 12 ਵਜੇ ਪੁਲਸ ਨੇ ਬੇਰ ਸਰਾਇ ਰੋਡ 'ਤੇ ਰੋਕ ਲਿਆ। ਵਿਦਿਆਰਥੀਆਂ ਨੇ ਕਿਹਾ ਕਿ ਉਹ ਸਾਂਸਦਾਂ ਦਾ ਧਿਆਨ ਆਪਣੀ ਪ੍ਰੇਸ਼ਾਨੀ ਵੱਲ ਖਿੱਚਣਾ ਚਾਹੁੰਦੇ ਹਨ, ਪਰ ਪੁਲਸ ਨੇ ਕਿਹਾ ਕਿ ਸੰਸਦ ਦਾ ਅਜਲਾਸ ਚਲਦਾ ਹੋਣ ਕਾਰਨ ਉਹ ਉਥੇ ਨਹੀਂ ਜਾ ਸਕਦੇ। ਜੋਸ਼ੀਲੇ ਵਿਦਿਆਰਥੀ ਚਾਰ ਬੈਰੀਕੇਡ ਤੋੜ ਕੇ ਸਵਾ ਇਕ ਵਜੇ ਪੰਜਵੇਂ ਬੈਰੀਕੇਡ ਕੋਲ ਪੁੱਜ ਗਏ। ਆਖਰੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਕੇ ਬੱਸਾਂ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਫਿਰ ਵੀ ਪੈਦਲ ਮਾਰਚ ਜਾਰੀ ਰਿਹਾ। ਇਸ ਨੂੰ ਦੇਖਦਿਆਂ ਚਾਰ ਵਜੇ ਸੰਸਦ ਨੇੜਲੇ ਤਿੰਨ ਮੈਟਰੋ ਸਟੇਸ਼ਨ ਉਦਯੋਗ ਭਵਨ, ਪਟੇਲ ਚੌਕ ਤੇ ਸੈਂਟਰਲ ਸੈਕਰੇਟੇਰਿਅਟ ਬੰਦ ਕਰ ਦਿੱਤੇ ਗਏ। ਚਾਰ ਵਜੇ ਤੋਂ ਬਾਅਦ ਮਾਰਚ ਨੂੰ ਪੁਲਸ ਨੇ ਸਫਦਰਜੰਗ ਦੇ ਮਕਬਰੇ ਕੋਲ ਰੋਕ ਲਿਆ। ਵਿਦਿਆਰਥੀਆਂ ਨੇ ਸੜਕ 'ਤੇ ਬੈਠ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਜੇ ਐੱਨ ਯੂ ਸਟੂਡੈਂਟਸ ਯੂਨੀਅਨ ਨੇ ਇਕ ਬਿਆਨ ਵਿਚ ਕਿਹਾ ਕਿ ਕੌਮੀ ਰਾਜਧਾਨੀ ਵਿਚ ਜਮਹੂਰੀ ਹੱਕਾਂ ਨੂੰ ਬੇਕਿਰਕੀ ਨਾਲ ਕੁਚਲਿਆ ਗਿਆ। ਸੁਰੱਖਿਆ ਬਲਾਂ ਨੇ ਪੁਰਅਮਨ ਵਿਦਿਆਰਥੀਆਂ 'ਤੇ ਹਮਲੇ ਕੀਤੇ, ਜਿਸ ਨਾਲ ਕਈ ਜ਼ਖਮੀ ਹੋ ਗਏ। ਅਹੁਦੇਦਾਰਾਂ ਸਮੇਤ ਅਨੇਕਾਂ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਯੂਨੀਅਨ ਨੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਾਲੇ ਡੈਡਲਾਕ ਖਤਮ ਕਰਨ ਲਈ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਮੇਟੀ ਹੋਸਟਲ ਫੀਸਾਂ ਵਿਚ ਵਾਧੇ ਦੇ ਗੈਰ-ਕਾਨੂੰਨੀ ਖਰੜੇ ਅਤੇ ਐਗਜ਼ੈਕਟਿਵ ਕੌਂਸਲ ਵੱਲੋਂ ਇਸ ਨੂੰ ਪ੍ਰਵਾਨਗੀ ਦੇਣ ਦੇ ਗੈਰ-ਕਾਨੂੰਨੀ ਫੈਸਲੇ ਨੂੰ ਵਾਪਸ ਲੈਣ ਦਾ ਐਲਾਨ ਕਰੇ। ਵਿਦਿਆਰਥੀ ਯੂਨੀਅਨ ਅਤੇ ਜੇ ਐੱਨ ਯੂ ਟੀਚਰਜ਼ ਐਸੋਸੀਏਸ਼ਨ ਨਾਲ ਯੂਨੀਵਰਸਿਟੀ ਦੇ ਭਾਈਵਾਲਾਂ ਵਰਗਾ ਸਲੂਕ ਕੀਤਾ ਜਾਵੇ। ਵਿਦਿਆਰਥੀਆਂ ਦੀ ਇਹ ਵੀ ਮੰਗ ਹੈ ਕਿ ਵਾਈਸ ਚਾਂਸਲਰ ਐੱਮ ਜਗਦੇਸ਼ ਕੁਮਾਰ ਨੂੰ ਹਟਾਇਆ ਜਾਵੇ, ਕਿਉਂਕਿ ਉਸ ਦੇ ਮਾੜੇ ਪ੍ਰਬੰਧਾਂ ਕਾਰਨ ਯੂਨੀਵਰਸਿਟੀ ਦਾ ਬੁਰਾ ਹਾਲ ਹੈ। ਇਸ ਤੋਂ ਪਹਿਲਾਂ ਟੀਚਰਜ਼ ਐਸੋਸੀਏਸ਼ਨ ਨੇ ਯੂਨੀਵਰਸਿਟੀ ਦੇ ਬਾਹਰ ਪੁਲਸ ਦੀ ਮੌਜੂਦਗੀ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸੰਸਦ ਵੱਲ ਮਾਰਚ ਕਰਨ ਤੋਂ ਰੋਕਿਆ ਗਿਆ।
ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਹ ਮੋਦੀ ਦੇ ਸਮੇਂ ਵਿਚ ਪੈਦਾ ਹੋਈ ਹੰਗਾਮੀ ਸਥਿਤੀ ਹੈ। ਅੰਦੋਲਨ ਵਾਲੀ ਥਾਂ ਪੁਲਸ ਦੀ ਮੌਜੂਦਗੀ ਐਮਰਜੈਂਸੀ ਵੇਲੇ ਤਾਇਨਾਤ ਪੁਲਸ ਵਾਲਿਆਂ ਨਾਲੋਂ ਕਿਤੇ ਵੱਧ ਸੀ। ਜਮਹੂਰੀ ਅੰਦੋਲਨਾਂ ਨਾਲ ਨਿਬੜਨ ਦਾ ਇਹ ਸਹੀ ਤਰੀਕਾ ਨਹੀਂ। ਮੋਦੀ ਸਰਕਾਰ ਵਿਦਿਆਰਥੀਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper