Latest News
ਜੇ ਐੱਨ ਯੂ 'ਤੇ ਇੱਕ ਹੋਰ ਹਮਲਾ

Published on 19 Nov, 2019 11:18 AM.

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇਸ਼ ਦੀ ਇੱਕੋ-ਇੱਕ ਨਾਮਣੇ ਵਾਲੀ ਯੂਨੀਵਰਸਿਟੀ ਹੈ, ਜਿਸ ਵਿੱਚ ਗ਼ਰੀਬ ਪਰਵਾਰਾਂ ਦੇ ਹੋਣਹਾਰ ਵਿਦਿਆਰਥੀ ਬਹੁਤ ਘੱਟ ਫੀਸਾਂ ਤਾਰ ਕੇ ਉੱਚ ਵਿੱਦਿਆ ਪ੍ਰਾਪਤ ਕਰ ਸਕਦੇ ਹਨ। ਇਸ ਯੂਨੀਵਰਸਿਟੀ ਨੇ ਬਹੁਤ ਸਾਰੇ ਉੱਚ ਮਰਾਤਬੇ ਵਾਲੇ ਵਿਦਿਆ ਸ਼ਾਸਤਰੀ, ਇਤਿਹਾਸਕਾਰ, ਸਮਾਜ ਸ਼ਾਸਤਰੀ ਤੇ ਸਿਆਸਤਦਾਨ ਪੈਦਾ ਕੀਤੇ ਹਨ। ਇਹੋ ਕਾਰਨ ਹੈ ਕਿ ਇਹ ਯੂਨੀਵਰਸਿਟੀ ਪਿਛਾਖੜੀ ਤਾਕਤਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਰੜਕਦੀ ਰਹੀ ਹੈ। ਮੌਜੂਦਾ ਹਾਕਮਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਕਦੇ ਵਿਦਿਆਰਥੀ ਆਗੂਆਂ ਨੂੰ ਦੇਸ਼ਧ੍ਰੋਹੀ ਕਹਿ ਕੇ ਬਦਨਾਮ ਕੀਤਾ ਗਿਆ ਤੇ ਕਦੇ ਵਿਦਿਆਰਥਣਾਂ ਦੀ ਕਿਰਦਾਰਕੁਸ਼ੀ ਦੇ ਘਿਨੌਣੇ ਹੱਥਕੰਡੇ ਅਪਣਾਏ ਗਏ।
ਪਿਛਲੇ ਦਿਨੀਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੋਸਟਲ ਫੀਸ ਤੇ ਹੋਰ ਫ਼ੰਡਾਂ ਵਿੱਚ ਬੇਅਥਾਹ ਵਾਧਾ ਕਰਕੇ ਗਰੀਬ ਹੋਣਹਾਰ ਵਿਦਿਆਰਥੀਆਂ ਦੇ ਇਸ ਅਦਾਰੇ ਵਿੱਚ ਪੜ੍ਹਨ ਦੇ ਹੱਕ ਨੂੰ ਖੋਹਣ ਦੀ ਘਟੀਆ ਕੋਸ਼ਿਸ਼ ਕੀਤੀ ਗਈ। ਫੀਸਾਂ ਵਿੱਚ ਇਹ ਵਾਧਾ 30 ਗੁਣਾ ਤੱਕ ਦਾ ਸੀ। ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੇ ਸੰਘਰਸ਼ ਵਿੱਢ ਦਿੱਤਾ। ਲੱਗਭੱਗ ਇੱਕ ਮਹੀਨੇ ਤੋਂ ਵਿਦਿਆਰਥੀ ਇਸ ਵਾਧੇ ਵਿਰੁੱਧ ਧਰਨੇ-ਮੁਜ਼ਾਹਰੇ ਕਰਕੇ ਆਪਣਾ ਰੋਸ ਪ੍ਰਗਟ ਕਰ ਰਹੇ ਸਨ।
ਸੋਮਵਾਰ ਸ਼ੁਰੂ ਹੋਏ ਸੰਸਦ ਦੇ ਸਰਦ ਰੁੱਤ ਸਮਾਗਮ ਤੋਂ ਪਹਿਲਾਂ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਸਦ ਭਵਨ ਤੱਕ ਮਾਰਚ ਕਰਨਗੇ। ਇਸ ਐਲਾਨ ਤੋਂ ਬਾਅਦ ਪੁਲਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਫ਼ੌਜੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਜਿਉਂ ਹੀ ਵਿਦਿਆਰਥੀ ਸੰਸਦ ਭਵਨ ਵੱਲ ਜਾਣ ਲਈ ਕੈਂਪਸ ਵਿੱਚੋਂ ਨਿਕਲੇ, ਪੁਲਸ ਜਥੇ ਉਨ੍ਹਾਂ ਉੱਤੇ ਟੁੱਟ ਕੇ ਪੈ ਗਏ। ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ ਗਿਆ। ਬਿਨਾਂ ਵਰਦੀ ਪੁਲਸ ਵਾਲੇ ਵਿਦਿਆਰਥਣਾਂ ਦੀ ਖਿੱਚ-ਧੂਹ ਕਰਦੇ ਰਹੇ। ਭਾਵੇਂ ਦਿੱਲੀ ਪੁਲਸ ਲਾਠੀਚਾਰਜ ਕੀਤੇ ਜਾਣ ਤੋਂ ਇਨਕਾਰ ਕਰ ਰਹੀ ਹੈ, ਪਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਵੀਡੀਓ ਉਸ ਦੇ ਝੂਠ ਦਾ ਮੂੰਹ ਚਿੜਾ ਰਹੇ ਹਨ। ਇਨ੍ਹਾਂ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਵਿਦਿਆਰਥੀਆਂ ਉੱਤੇ ਸਿਰਫ਼ ਲਾਠੀਆਂ ਹੀ ਨਹੀਂ ਵਰ੍ਹਾਈਆਂ ਗਈਆਂ, ਉਨ੍ਹਾਂ ਨੂੰ ਘੜੀਸਿਆ ਗਿਆ ਤੇ ਵਿਦਿਆਰਥਣਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਇਨ੍ਹਾਂ ਵੀਡੀਓਜ਼ ਵਿੱਚ ਵਿਦਿਆਰਥੀਆਂ ਦੇ ਸਿਰਾਂ ਵਿੱਚੋਂ ਵਗਦਾ ਖ਼ੂਨ, ਛਿੱਲੇ ਪੈਰ ਤੇ ਪਿੱਠਾਂ ਉੱਤੇ ਲਾਠੀਆਂ ਦੇ ਨਿਸ਼ਾਨ ਸਾਫ਼ ਦਿਖਾਈ ਦਿੰਦੇ ਹਨ। ਇੱਕ ਅਪਾਹਜ ਵਿਦਿਆਰਥੀ, ਜੋ ਹਸਪਤਾਲ ਵਿੱਚ ਦਾਖ਼ਲ ਕਰਾਉਣਾ ਪਿਆ, ਦੀ ਛਾਤੀ ਉੱਤੇ ਪੁਲਸ ਦੇ ਬੂਟਾਂ ਦੇ ਨਿਸ਼ਾਨ ਹਨ।
ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਐੱਨ ਸਾਈ ਬਾਲਾਜੀ ਨੇ ਪੁਲਸ ਦੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਕਿਹਾ ਹੈ ਕਿ ਪੁਲਸ ਬਰਬਰਤਾ ਦੌਰਾਨ 200 ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋਏ ਹਨ। ਇਹ ਸੱਚਾਈ ਜਾਣਨ ਲਈ ਏਮਜ਼ ਤੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਵਿਦਿਆਰਥੀਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਵਿਦਿਆਰਥੀਆਂ ਦੇ ਅੰਦਰੂਨੀ ਸੱਟਾਂ ਹਨ।
ਇਸੇ ਦੌਰਾਨ ਮਨੁੱਖੀ ਸਰੋਤਾਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰੀਆਲ ਦੇ ਸੱਦੇ ਉੱਤੇ ਵਿਦਿਆਰਥੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਉਨ੍ਹਾ ਨਾਲ ਮੁਲਾਕਾਤ ਕੀਤੀ ਹੈ। ਭਾਵੇਂ ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਦੇ ਭਰੋਸੇ ਤੋਂ ਬਾਅਦ ਰਾਤ ਅੱਠ ਵਜੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਸੀ, ਪਰ ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਓਨਾ ਚਿਰ ਕਿਸੇ ਵੀ ਸਮਝੌਤੇ ਨੂੰ ਨਹੀਂ ਮੰਨਣਗੇ, ਜਿੰਨਾ ਚਿਰ ਫੀਸਾਂ ਵਿੱਚ ਕੀਤਾ ਵਾਧਾ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ।
ਸਵਾਲ ਇਹ ਹੈ ਕਿ ਵਿਦਿਆਰਥੀ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਏਨਾ ਲੰਮਾ ਸਮਾਂ ਮੰਤਰੀ ਸਾਹਿਬ ਕਿੱਥੇ ਸੁੱਤੇ ਰਹੇ? ਕੀ ਉਹ ਸੋਮਵਾਰ ਤੱਕ ਇਸ ਉਡੀਕ ਵਿੱਚ ਰਹੇ ਕਿ ਵਿਦਿਆਰਥੀਆਂ ਨੂੰ ਪੁਲਸੀ ਡਾਂਗਾਂ ਨਾਲ ਸਬਕ ਸਿਖਾਉਣਾ ਜ਼ਰੂਰੀ ਹੈ? ਡਾਂਗਾ ਵਰ੍ਹਾਉਣ ਵਾਲੇ ਆਮ ਪੁਲਸ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਫੀਸਾਂ ਵਿੱਚ ਕੀਤੇ ਜਾ ਰਹੇ ਵਾਧੇ ਨਾਲ ਉਨ੍ਹਾਂ ਦੇ ਬੱਚਿਆਂ ਲਈ ਵੀ ਉੱਚ ਵਿਦਿਆ ਦੇ ਦਰਵਾਜ਼ੇ ਬੰਦ ਹੋ ਜਾਣਗੇ। ਇਹ ਠੀਕ ਹੈ ਕਿ ਅਮਨ-ਕਾਨੂੰਨ ਬਣਾਈ ਰੱਖਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਪਰ ਆਪਣੀਆਂ ਮੰਗਾਂ ਲਈ ਸ਼ਾਂਤੀਪੂਰਵਕ ਮਾਰਚ ਕਰਦਿਆਂ ਆਪਣੇ ਹੀ ਚੁਣੇ ਹੋਏ ਨੁਮਾਇੰਦਿਆਂ ਅੱਗੇ ਆਪਣਾ ਦੁੱਖ-ਦਰਦ ਪੇਸ਼ ਕਰਨਾ ਲੋਕਾਂ ਦਾ ਲੋਕਤੰਤਰੀ ਹੱਕ ਹੁੰਦਾ ਹੈ। ਇਸ ਦੀ ਹਰ ਹਾਲਤ ਵਿੱਚ ਰਾਖੀ ਹੋਣੀ ਚਾਹੀਦੀ ਹੈ।

763 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper