Latest News
ਮਹਾਰਾਸ਼ਟਰ ਦਾ ਭੰਬਲਭੂਸਾ

Published on 20 Nov, 2019 10:51 AM.

ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਨੇਪਰੇ ਚੜ੍ਹਿਆਂ ਲੱਗਭੱਗ ਇੱਕ ਮਹੀਨਾ ਬੀਤ ਚੁੱਕਿਆ ਹੈ, ਪਰ ਹਾਲੇ ਤੱਕ ਰਾਜ ਦੇ ਲੋਕਾਂ ਨੂੰ ਸਰਕਾਰ ਨਸੀਬ ਨਹੀਂ ਹੋ ਸਕੀ। ਚੋਣਾਂ ਦੌਰਾਨ ਚਾਰ ਮੁੱਖ ਪਾਰਟੀਆਂ ਵਿੱਚੋਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਇਕੱਲਿਆਂ ਲੜ ਕੇ ਸਰਕਾਰ ਬਣਾ ਸਕੇਗੀ, ਇਸ ਲਈ ਦੋ ਗਠਜੋੜ ਚੋਣ ਮੈਦਾਨ ਵਿੱਚ ਨਿਤਰੇ ਸਨ। ਲੋਕਾਂ ਨੇ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ 161 ਸੀਟਾਂ ਉੱਤੇ ਜਿਤਾ ਕੇ ਬਹੁ-ਸੰਮਤੀ ਦੀ ਸਰਕਾਰ ਬਣਾਉਣ ਦਾ ਫਤਵਾ ਦੇ ਦਿੱਤਾ ਸੀ, ਪਰ ਮੁੱਖ ਮੰਤਰੀ ਕਿਸ ਦਾ ਹੋਵੇ, ਇਸ ਸਵਾਲ ਉੱਤੇ ਇਹ ਗਠਜੋੜ ਟੁੱਟ ਗਿਆ। ਭਾਜਪਾ 105 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਤਾਂ ਬਣ ਗਈ, ਪਰ ਬਹੁਗਿਣਤੀ ਦੇ ਅੰਕੜੇ 145 ਤੱਕ ਪੁੱਜਣ ਲਈ ਹੋਰ ਸਹਿਯੋਗੀ ਜੁਟਾਉਣ ਵਿੱਚ ਉਹ ਨਾਕਾਮ ਰਹੀ। ਇਸੇ ਕਾਰਨ ਉਸ ਨੇ ਗਵਰਨਰ ਵੱਲੋਂ ਮਿਲੇ ਸੱਦੇ ਉੱਤੇ ਸਰਕਾਰ ਬਣਾਉਣ ਤੋਂ ਨਾਂਹ ਕਰ ਦਿੱਤੀ। ਰਾਜ ਦੀਆਂ ਚਾਰੇ ਪ੍ਰਮੁੱਖ ਪਾਰਟੀਆਂ ਵਿੱਚੋਂ ਕਿਸੇ ਕੋਲ ਵੀ ਸਪੱਸ਼ਟ ਬਹੁਮਤ ਨਹੀਂ ਹੈ। ਇਸ ਲਈ ਗਠਜੋੜ ਤੋਂ ਬਿਨਾਂ ਸਰਕਾਰ ਨਹੀਂ ਬਣਾਈ ਜਾ ਸਕਦੀ। ਕਾਂਗਰਸ ਤੇ ਐੱਨ ਸੀ ਪੀ ਨੂੰ ਡਰ ਇਹ ਹੈ ਕਿ ਸ਼ਿਵ ਸੈਨਾ ਵਰਗੀ ਵੱਖਰੀ ਵਿਚਾਰਧਾਰਾ ਵਾਲੀ ਪਾਰਟੀ ਨਾਲ ਗੱਠਜੋੜ ਕਰਨਾ ਉਨ੍ਹਾਂ ਨੂੰ ਮਹਿੰਗਾ ਨਾ ਪੈ ਜਾਵੇ, ਪਰ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੀਆਂ ਸਹਿਮਤੀ ਵਾਲੇ ਮੁੱਦਿਆਂ ਉੱਤੇ ਸਰਕਾਰਾਂ ਪਹਿਲਾਂ ਵੀ ਬਣਦੀਆਂ ਰਹੀਆਂ ਹਨ। ਜਦੋਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਐੱਨ ਡੀ ਏ ਸਰਕਾਰ ਬਣੀ ਸੀ ਤਾਂ ਸ਼ਿਵ ਸੈਨਾ ਤੋਂ ਬਿਨਾਂ ਕੋਈ ਵੀ ਪਾਰਟੀ ਭਾਜਪਾ ਦੇ ਹਿੰਦੂਤਵ ਦੇ ਏਜੰਡੇ ਨਾਲ ਸਹਿਮਤ ਨਹੀਂ ਸੀ। ਇਸ ਦੇ ਬਾਵਜੂਦ ਗਠਜੋੜ ਬਣਿਆ ਤੇ ਸਰਕਾਰ ਵੀ ਪੂਰੇ 5 ਸਾਲ ਚੱਲੀ। ਬਿਹਾਰ ਵਿੱਚ ਵੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਦੀ ਚੋਣ ਮਹਾਂਗੱਠਜੋੜ ਨਾਲ ਰਲ ਕੇ ਲੜੀ ਤੇ ਮੁੱਖ ਮੰਤਰੀ ਬਣੇ, ਪਰ ਬਾਅਦ ਵਿੱਚ ਉਨ੍ਹਾ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦੇਸ਼ ਭਰ ਵਿੱਚ ਕਾਂਗਰਸ ਵਿਰੋਧ ਮੁੱਖ ਮੁੱਦਾ ਸੀ, ਇਸ ਕਰਕੇ ਸਭ ਇਲਾਕਾਈ ਪਾਰਟੀਆਂ ਐੱਨ ਡੀ ਏ ਦੇ ਝੰਡੇ ਹੇਠ ਇਕੱਠੀਆਂ ਹੋ ਗਈਆਂ। ਅੱਜ ਸਮਾਂ ਬਦਲ ਚੁੱਕਾ ਹੈ, ਭਾਜਪਾ ਸਭ ਸਿਆਸੀ ਧਿਰਾਂ ਨੂੰ ਨਿਗਲ ਰਹੀ ਹੈ, ਇਸ ਲਈ ਭਾਜਪਾ ਵਿਰੁੱਧ ਰੋਹ ਤਿੱਖਾ ਹੋ ਰਿਹਾ ਹੈ।
ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਆਏ ਨਤੀਜਿਆਂ ਤੋਂ ਸਭ ਧਿਰਾਂ ਹੀ ਡਰੀਆਂ ਹੋਈਆਂ ਹਨ। ਚਾਰੇ ਹੀ ਮੁੱਖ ਧਿਰਾਂ ਦੀ ਵੋਟ ਫ਼ੀਸਦੀ ਕਾਫ਼ੀ ਹੇਠਾਂ ਡਿੱਗੀ ਹੈ। ਭੀਮਾ ਕੋਰੇਗਾਂਵ ਝਗੜੇ ਸਮੇਂ ਹੋਂਦ ਵਿੱਚ ਆਈ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਜਨ ਅਗਾੜੀ ਪਾਰਟੀ ਨੇ ਆਪਣੀ ਹੋਂਦ ਦਾ ਅਹਿਸਾਸ ਕਰਾ ਦਿੱਤਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਉਸ ਨੇ 8 ਫ਼ੀਸਦੀ ਵੋਟਾਂ ਲੈ ਕੇ ਕਾਂਗਰਸ-ਐੱਨ ਸੀ ਪੀ ਦੀਆਂ 8 ਸੀਟਾਂ ਹਰਾ ਦਿੱਤੀਆਂ ਸਨ। ਇਸ ਵਾਰ ਉਸ ਨੇ 47 ਸੀਟਾਂ ਉੱਤੇ ਚੋਣ ਲੜੀ ਤੇ 8 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਭਾਵੇਂ ਉਸ ਦਾ ਕੋਈ ਉਮੀਦਵਾਰ ਜਿੱਤ ਨਹੀਂ ਸਕਿਆ, ਪਰ ਉਸ ਨੇ ਕਾਂਗਰਸ-ਐੱਨ ਸੀ ਪੀ ਦੀਆਂ 32 ਸੀਟਾਂ ਹਰਾ ਦੇਣ ਦਾ ਕੰਮ ਕੀਤਾ। ਜੇਕਰ ਇਸ ਪਾਰਟੀ ਦਾ ਓਵੈਸੀ ਦੀ ਪਾਰਟੀ ਨਾਲ ਗੱਠਜੋੜ ਨਾ ਟੁੱਟਦਾ ਤਾਂ ਇਨ੍ਹਾਂ ਪਾਰਟੀਆਂ ਦਾ ਹੋਰ ਵੀ ਨੁਕਸਾਨ ਹੋਣਾ ਸੀ। ਮਹਾਰਾਸ਼ਟਰ ਵਿੱਚ ਮੁਕਾਬਲੇ ਦੀ ਇੱਕ ਹੋਰ ਧਿਰ ਖੜ੍ਹੀ ਹੋ ਜਾਣ ਤੋਂ ਮੁੱਖ ਪਾਰਟੀਆਂ ਡਰ ਰਹੀਆਂ ਹਨ।
ਇਸ ਸਮੇਂ ਮਹਾਰਾਸ਼ਟਰ ਵਿੱਚ ਗਵਰਨਰੀ ਰਾਜ ਲਾਗੂ ਹੈ। ਸਿਆਸੀ ਧਿਰਾਂ ਪਾਸ ਇਸ ਸਮੇਂ ਦੋ ਹੀ ਰਾਹ ਹਨ, ਇੱਕ ਉਹ ਆਪਸੀ ਸਮਝ ਬਣਾ ਕੇ ਸਰਕਾਰ ਦਾ ਗਠਨ ਕਰਨ ਤੇ ਦੂਜਾ ਨਵੀਂਆਂ ਚੋਣਾਂ ਲਈ ਤਿਆਰ ਰਹਿਣ। ਪਹਿਲਾਂ 15 ਦਿਨ ਭਾਜਪਾ ਤੇ ਸ਼ਿਵ ਸੈਨਾ ਆਪੋ ਵਿੱਚ ਗਤਕਾਬਾਜ਼ੀ ਕਰਦੀਆਂ ਰਹੀਆਂ ਤੇ ਹੁਣ 15 ਦਿਨਾਂ ਤੋਂ ਕਾਂਗਰਸ, ਐੱਨ ਸੀ ਪੀ ਤੇ ਸ਼ਿਵ ਸੈਨਾ ਵਿੱਚ ਨਾਟਕਬਾਜ਼ੀ ਚਾਲੂ ਹੈ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸੱਤਾ ਹਾਸਲ ਕਰਨ ਲਈ ਬੇਅਸੂਲੇ ਗਠਜੋੜ ਇੱਕ ਆਮ ਵਰਤਾਰਾ ਬਣ ਚੁੱਕਾ ਹੈ। ਬਿਹਾਰ ਵਿੱਚ ਵੀ ਇਹੋ ਹੋਇਆ ਸੀ ਤੇ ਹੁਣ ਹਰਿਆਣੇ ਵਿੱਚ ਵੀ ਇਹੋ ਹੋਇਆ ਹੈ। ਇਹ ਸਥਿਤੀ ਲੋਕਤੰਤਰ ਲਈ ਕਿਸੇ ਤਰ੍ਹਾਂ ਵੀ ਸੁਖਾਵੀਂ ਨਹੀਂ ਹੈ।

548 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper