Latest News
ਹੋਟਲ ਬਣੇ ਜਮਹੂਰੀਅਤ ਦੇ ਮੰਦਰ

Published on 25 Nov, 2019 11:27 AM.


ਮਹਾਰਾਸ਼ਟਰ ਦੇ ਡਰਾਮੇ ਵਿਚ ਸਭ ਤੋਂ ਵੱਧ ਬਿਆਨ ਸ਼ਿਵ ਸੈਨਾ ਦੇ ਸੰਜੇ ਰਾਉਤ ਤੇ ਐਨ ਸੀ ਪੀ ਦੇ ਨਵਾਬ ਮਲਿਕ ਦਿੰਦੇ ਹਨ। ਬਿਆਨਾਂ ਵਿਚ ਉਹ ਸ਼ੇਅਰੋ-ਸ਼ਾਇਰੀ ਦਾ ਰੰਗ ਵੀ ਭਰਦੇ ਰਹਿੰਦੇ ਹਨ। ਨਵਾਬ ਮਲਿਕ ਨੇ ਨਵਾਂ ਸ਼ੇਅਰ ਪੜ੍ਹਿਆ ਹੈ : ਅਗਰ ਫਲਕ ਕੋ ਜ਼ਿਦ ਹੈ ਬਿਜਲੀਆਂ ਗਿਰਾਨੇ ਕੀ, ਤੋ ਹਮੇਂ ਭੀ ਜ਼ਿਦ ਹੈ ਵਹੀਂ ਪਰ ਆਸ਼ੀਆਂ ਬਸਾਨੇ ਕੀ….. .ਹਮ ਹੋਂਗੇ ਕਾਮਯਾਬ! ਨਵਾਬ ਮਲਿਕ ਕਿੰਨੇ ਕਾਮਯਾਬ ਹੁੰਦੇ ਹਨ, ਇਹ ਤਾਂ ਉਦੋਂ ਹੀ ਪਤਾ ਲੱਗੇਗਾ, ਜੇ ਅਸੰਬਲੀ ਭੰਗ ਨਾ ਕਰ ਦਿੱਤੀ ਜਾਵੇ ਤੇ ਸਦਨ ਵਿਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਹੋ ਜਾਵੇ, ਪਰ ਜਿਨ੍ਹਾਂ ਵਿਧਾਇਕਾਂ ਦੇ ਸਿਰ 'ਤੇ ਉਹ ਉਮੀਦ ਜ਼ਾਹਰ ਕਰ ਰਹੇ ਹਨ, ਉਹ ਇਸ ਵੇਲੇ ਬਹੁਤ ਸ਼ਾਨਦਾਰ ਆਸ਼ੀਆਨਿਆਂ (ਹੋਟਲਾਂ) 'ਚ ਟਾਈਮ ਪਾਸ ਕਰ ਰਹੇ ਹਨ। ਐੱਨ ਸੀ ਪੀ, ਕਾਂਗਰਸ ਤੇ ਸ਼ਿਵ ਸੈਨਾ ਦੇ ਆਗੂਆਂ ਨੂੰ ਡਰ ਹੈ ਕਿ ਭਾਜਪਾ ਤੇ ਉਸ ਦੇ ਨਾਲ ਗਏ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਉਨ੍ਹਾਂ ਦੇ ਵਿਧਾਇਕ ਤੋੜ ਕੇ ਉਨ੍ਹਾਂ ਦੀ ਮਿਹਨਤ 'ਤੇ ਪਾਣੀ ਨਾ ਫੇਰ ਦੇਣ। ਇਹ ਡਰ ਠੀਕ ਵੀ ਲੱਗਦਾ ਹੈ। ਭਾਜਪਾ ਨੇ ਨਾਰਾਇਣ ਰਾਣੇ, ਰਾਧਾਕ੍ਰਿਸ਼ਨ ਵਿਖੇ ਪਾਟਿਲ, ਗਣੇਸ਼ ਨਾਇਕ ਤੇ ਬਾਬੂਰਾਓ ਪੰਚਪੁਤੇ ਨੂੰ ਇਸ ਕੰਮ 'ਤੇ ਲਾਇਆ ਹੋਇਆ ਹੈ। ਇਹ ਸਾਰੇ ਕਿਸੇ ਵੇਲੇ ਸ਼ਿਵ ਸੈਨਾ, ਐੱਨ ਸੀ ਪੀ ਤੇ ਕਾਂਗਰਸ ਦੇ ਵੱਡੇ ਆਗੂ ਹੁੰਦੇ ਸਨ ਤੇ ਅੱਜਕੱਲ੍ਹ ਭਾਜਪਾ ਵਿਚ ਹਨ। ਇਨ੍ਹਾਂ ਦੀ ਆਪਣੀਆਂ ਸਾਬਕਾ ਪਾਰਟੀਆਂ ਦੇ ਵਿਧਾਇਕਾਂ ਨਾਲ ਦੋਸਤੀ ਵੀ ਹੈ। ਦੂਜੇ ਪਾਸੇ ਹੋਟਲਾਂ ਵਿਚ ਵਿਧਾਇਕਾਂ ਨੂੰ ਠਹਿਰਾਉਣ ਵਾਲੀਆਂ ਪਾਰਟੀਆਂ ਦੇ ਇਕ ਆਗੂ ਨੇ ਕਿਹਾ ਹੈ : ਜੋ ਜਾਨੇ ਕਾ ਸੋਚੇਂਗੇ ਪਿਟੇਂਗੇ। ਅਜਿਹੀ ਸਥਿਤੀ ਆ ਵੀ ਸਕਦੀ ਹੈ, ਕਿਉਂਕਿ ਸ਼ਿਵ ਸੈਨਿਕਾਂ ਦੇ ਸੁਭਾਅ ਦਾ ਸਭ ਨੂੰ ਪਤਾ ਹੈ।
ਅਜੀਤ ਪਵਾਰ ਦੇ ਉਪ-ਮੁੱਖ ਮੰਤਰੀ ਦੇ ਸਹੁੰ ਚੁੱਕਣ ਦੌਰਾਨ ਗਾਇਬ ਹੋਏ ਐੱਨ ਸੀ ਪੀ ਦੇ ਕਈ ਵਿਧਾਇਕ ਪਰਤ ਆਏ ਹਨ। ਚਾਰ ਸੋਮਵਾਰ ਆ ਗਏ। ਇਨ੍ਹਾਂ ਵਿਚੋਂ ਇਕ ਅਨਿਲ ਪਾਟਿਲ ਨੇ ਕਿਹਾ ਕਿ ਉਹ ਜਦੋਂ ਦਿੱਲੀ ਦੇ ਹੋਟਲ ਵਿਚ ਪੁੱਜੇ ਤਾਂ ਉਥੇ ਕਈ ਪੁਲਸ ਕਾਰਾਂ ਨਾਲ ਭਾਜਪਾ ਦੇ ਸੌ-ਦੋ ਸੌ ਵਰਕਰ ਮੌਜੂਦ ਸਨ। ਇਹ ਦੇਖ ਕੇ ਉਹ ਡਰ ਗਏ। ਦਿੱਲੀ ਲਿਜਾਏ ਗਏ ਤਿੰਨ ਹੋਰ ਵਿਧਾਇਕਾਂ ਦੌਲਤ ਦਰੋਦਾ, ਨਿਤਿਨ ਪਵਾਰ ਤੇ ਨਥਾਰੀ ਜ਼ੀਰਵਾਲ ਨੇ ਵੀ ਵਾਪਸ ਆ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਲਿਜਾਇਆ ਗਿਆ। ਮੁੰਬਈ ਵਿਚ ਸਨ ਜਾਂ ਦਿੱਲੀ ਵਿਚ, ਰਹੇ ਇਹ ਸਾਰੇ ਆਲੀਸ਼ਾਨ ਹੋਟਲਾਂ ਵਿਚ ਹੀ। ਸੁਪਰੀਮ ਕੋਰਟ ਵੱਲੋਂ ਆਪਣਾ ਫੈਸਲਾ ਮੰਗਲਵਾਰ ਸਵੇਰ ਤੱਕ ਟਾਲ ਦੇਣ ਤੋਂ ਬਾਅਦ ਸ਼ਿਵ ਸੈਨਾ ਨੇ ਆਪਣੇ ਵਿਧਾਇਕ ਲਲਿਤ ਹੋਟਲ ਤੋਂ ਹੋਟਲ ਲੈਮਨ ਟ੍ਰੀ ਵਿਚ ਸ਼ਿਫਟ ਕਰ ਲਏ ਹਨ। ਕਿਹਾ ਇਹ ਗਿਆ ਕਿ ਲਲਿਤ ਹੋਟਲ ਵਿਚ ਵੜਨ ਦੇ ਕਈ ਰਾਹ ਹਨ। ਮਤਲਬ ਭਾਜਪਾ ਦੀ ਚੌਕੜੀ ਕੁੰਡੀ ਨਾ ਪਾ ਲਵੇ, ਇਸ ਕਰਕੇ ਵਿਧਾਇਕ ਦੂਜੇ ਹੋਟਲ ਵਿਚ ਸ਼ਿਫਟ ਕਰ ਦਿੱਤੇ। ਕਾਂਗਰਸ ਦੇ ਵਿਧਾਇਕ ਹੋਟਲ ਜੇ ਡਬਲਿਊ ਮੈਰੀਓਟ ਵਿਚ ਹਨ। ਉਨ੍ਹਾਂ ਨੂੰ ਆਪਣੀ ਹਕੂਮਤ ਵਾਲੇ ਰਾਜਸਥਾਨ ਵਿਚ ਲਿਜਾਣ ਦੀ ਯੋਜਨਾ ਸੀ, ਪਰ ਇਸ ਕਰਕੇ ਟਾਲ ਦਿੱਤੀ ਕਿ ਸੁਪਰੀਮ ਕੋਰਟ ਤੁਰੰਟ ਫਲੋਰ ਟੈੱਸਟ ਦਾ ਹੁਕਮ ਨਾ ਦੇ ਦੇਵੇ। ਐੱਨ ਸੀ ਪੀ ਦੇ ਵਿਧਾਇਕ ਹੋਟਲ ਰਿਨਾਇਸੈਂਸ ਵਿਚ ਸਨ, ਪਰ ਉਥੇ ਸਾਦੀ ਵਰਦੀ ਵਿਚ ਪੁਲਸ ਵਾਲਿਆਂ ਦੀ ਮੌਜੂਦਗੀ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਹੋਟਲ ਹਯਾਤ ਵਿਚ ਸ਼ਿਫਟ ਕਰ ਦਿੱਤਾ ਗਿਆ। ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਸੂਰਤ ਵਿਚ ਵਿਧਾਇਕਾਂ ਨੂੰ ਹੋਟਲਾਂ ਤੇ ਰਿਜ਼ਾਰਟਾਂ ਵਿਚ ਡੱਕ ਕੇ ਰੱਖਣ ਦੀ ਇਹ ਬਿਮਾਰੀ ਆਮ ਹੋ ਗਈ ਹੈ। ਰਾਮ ਮੰਦਰ ਬਣਾਉਣ ਦੀ ਸਹੁੰ ਖਾਣ ਵਾਲੀ ਭਾਜਪਾ ਹੁਣ ਲੱਖ ਕਹੇ ਕਿ ਮਹਾਰਾਸ਼ਟਰ ਵਿਚ ਵਿਰੋਧੀ ਪਾਰਟੀਆਂ ਆਪਣੇ ਵਿਧਾਇਕਾਂ ਨੂੰ ਨਜ਼ਰਬੰਦ ਕਰਕੇ ਜਮਹੂਰੀਅਤ ਨੂੰ ਢਾਹ ਲਾ ਰਹੀਆਂ ਹਨ, ਪਰ ਉਸ ਦੇ ਕਰਨਾਟਕ ਦੇ ਆਗੂ ਯੇਦੀਯੁਰੱਪਾ ਦੀ ਹੋਟਲ-ਕਮ-ਰਿਜ਼ਾਰਟ ਸਿਆਸਤ ਜੱਗ-ਜ਼ਾਹਰ ਹੈ। ਦਰਅਸਲ ਹੁਣ ਵੀ ਉਹ ਕਰਨਾਟਕ ਦਾ ਮੁੱਖ ਮੰਤਰੀ ਇਸ ਸਿਆਸਤ ਦੇ ਸਦਕੇ ਹੀ ਹੈ। ਸਿਆਸਤਦਾਨ ਅਕਸਰ ਕਹਿੰਦੇ ਹੁੰਦੇ ਸੀ ਕਿ ਪਾਰਲੀਮੈਂਟ ਤੇ ਅਸੰਬਲੀਆਂ ਜਮਹੂਰੀਅਤ ਦੇ ਮੰਦਰ ਹਨ, ਪਰ ਹੁਣ ਇਨ੍ਹਾਂ ਸਿਆਸਤਦਾਨਾਂ ਨੇ ਹੋਟਲਾਂ ਨੂੰ 'ਅਧੁਨਿਕ ਜਮਹੂਰੀਅਤ ਦੇ ਮੰਦਰ' ਬਣਾ ਲਿਆ ਹੈ। ਇਨ੍ਹਾਂ ਨੂੰ ਜਮਹੂਰੀਅਤ ਇਥੇ ਹੀ ਸੁਰੱਖਿਅਤ ਲਗਦੀ ਹੈ।

720 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper