Latest News
ਰਾਸ਼ਟਰਵਾਦ ਤਾਂ ਸਿਰਫ਼ ਮੁਖੌਟਾ

Published on 26 Nov, 2019 11:19 AM.ਮਹਾਰਾਸ਼ਟਰ ਵਿੱਚ ਭਾਜਪਾ ਵੱਲੋਂ ਰਾਤ ਦੇ ਹਨੇਰੇ ਵਿੱਚ ਬਣਾਈ ਗਈ ਸਰਕਾਰ ਦੀ ਪ੍ਰੀਖਿਆ ਦੀ ਘੜੀ ਬੁੱਧਵਾਰ ਸ਼ਾਮੀਂ 5 ਵਜੇ ਤੱਕ ਸੀ। ਸੁਪਰੀਮ ਕੋਰਟ ਨੇ ਮੰਗਲਵਾਰ ਆਪਣਾ ਫ਼ੈਸਲਾ ਸੁਣਾਉਂਦਿਆਂ ਆਦੇਸ਼ ਦਿੱਤਾ ਸੀ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਆਗੂ ਫੜਨਵੀਸ ਅੱਜ 5 ਵਜੇ ਤੱਕ ਆਪਣਾ ਬਹੁਮੱਤ ਸਾਬਤ ਕਰਨ। ਪਰ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰੀਆਂ ਕਿ ਨਾਮਜ਼ਦ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੇ ਮੰਗਲਵਾਰ ਹੀ ਅਸਤੀਫ਼ੇ ਦੇ ਦਿੱਤੇ।
ਪਿਛਲੇ ਲੱਗਭੱਗ ਇੱਕ ਮਹੀਨੇ ਤੋਂ ਸਮੁੱਚੇ ਦੇਸ਼ ਦੀਆਂ ਨਜ਼ਰਾਂ ਮਹਾਰਾਸ਼ਟਰ ਦੇ ਘਟਨਾਕ੍ਰਮ ਉੱਤੇ ਲੱਗੀਆਂ ਰਹੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਨਾਲ ਸੰਬੰਧਤ ਇੱਕ ਹੋਰ ਖ਼ਬਰ 'ਸਰਕਾਰ ਕਿਸ ਦੀ ਬਣੇਗੀ' ਦੇ ਕਿਆਫ਼ਿਆਂ ਹੇਠ ਹੀ ਦੱਬੀ ਗਈ ਸੀ। ਮਹਾਰਾਸ਼ਟਰ ਦੀ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਸੀ, ''ਅਸੀਂ ਮੁੰਬਈ ਬੰਬ ਧਮਾਕਿਆਂ ਦੇ ਜ਼ਖ਼ਮ ਨਹੀਂ ਭੁੱਲ ਸਕਦੇ। ਉਸ ਸਮੇਂ ਦੀ ਸਰਕਾਰ ਨੇ ਪੀੜਤ ਪਰਵਾਰਾਂ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਦੇ ਇਸ ਤਰ੍ਹਾਂ ਦੇ ਰਵੱਈਏ ਦਾ ਕਾਰਨ ਹੁਣ ਪਤਾ ਲੱਗਿਆ ਹੈ। ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਦੀ ਥਾਂ ਉਸ ਸਮੇਂ ਸੱਤਾ ਵਿੱਚ ਬੈਠੇ ਲੋਕ ਇਕਬਾਲ ਮਿਰਚੀ ਨਾਲ ਕਾਰੋਬਾਰ ਕਰਨ ਲੱਗੇ ਹੋਏ ਸਨ।'' ਪ੍ਰਧਾਨ ਮੰਤਰੀ ਦਾ ਇਸ਼ਾਰਾ ਵੇਲੇ ਦੀ ਨੈਸ਼ਲਿਸਟ ਕਾਂਗਰਸ ਪਾਰਟੀ ਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲ ਸੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਇਕਬਾਲ ਮਿਰਚੀ ਨਾਲ ਕੰਪਨੀਆਂ ਦੇ ਸੌਦੇ ਦੇਸ਼ਧ੍ਰੋਹ ਤੋਂ ਘੱਟ ਨਹੀਂ ਹਨ। ਹੁਣ ਇਹ ਤੱਥ ਸਾਹਮਣੇ ਆ ਗਏ ਹਨ ਕਿ ਭਾਜਪਾ ਨੇ ਇਕਬਾਲ ਮਿਰਚੀ ਨਾਲ ਸੰਬੰਧ ਰੱਖਣ ਵਾਲੀਆਂ ਕੰਪਨੀਆਂ ਤੋਂ 20 ਕਰੋੜ ਚੋਣ ਚੰਦਾ ਲਿਆ ਸੀ। ਇਨ੍ਹਾਂ ਕੰਪਨੀਆਂ ਵੱਲੋਂ ਅੱਤਵਾਦੀਆਂ ਨੂੰ ਚੰਦਾ ਦੇਣ ਦੀ ਜਾਂਚ ਈ ਡੀ ਵੱਲੋਂ ਕੀਤੀ ਜਾ ਰਹੀ ਹੈ।
ਭਾਜਪਾ ਵੱਲੋਂ ਚੋਣ ਕਮਿਸ਼ਨਰ ਕੋਲ ਕੀਤੇ ਗਏ ਖੁਲਾਸੇ ਮੁਤਾਬਕ ਆਰ ਕੇ ਡਬਲਿਊ ਡਿਵੈਲਪਰਜ਼ ਲਿਮਟਿਡ ਨਾਂਅ ਦੀ ਕੰਪਨੀ ਤੋਂ 2014-15 ਵਿੱਚ ਭਾਜਪਾ ਨੇ 10 ਕਰੋੜ ਚੰਦਾ ਲਿਆ ਸੀ। 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਇਕਬਾਲ ਮੈਨਨ ਉਰਫ਼ ਇਕਬਾਲ ਮਿਰਚੀ ਤੋਂ ਜਾਇਦਾਦ ਖਰੀਦਣ ਤੇ ਲੈਣ-ਦੇਣ ਕਰਨ ਬਾਰੇ ਈ ਡੀ ਇਸ ਕੰਪਨੀ ਦੀ ਜਾਂਚ ਕਰ ਰਹੀ ਹੈ। ਇਹ ਕੰਪਨੀ ਦਿਵਾਲੀਆ ਹੋ ਚੁੱਕੀ ਦੀਵਾਨ ਹਾਊਸਿੰਗ ਫਾਈਨੈਂਸ ਲਿਮਟਿਡ (ਡੀ ਐੱਚ ਐੱਫ਼ ਐੱਲ) ਨਾਲ ਜੁੜੀ ਹੋਈ ਹੈ, ਜਿਸ ਵਿੱਚ ਯੂ ਪੀ ਦੀ ਯੋਗੀ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਪੀ ਐੱਫ਼ ਦਾ 42 ਅਰਬ ਰੁਪਏ ਨਿਵੇਸ਼ ਕਰਨ ਦਾ ਦੋਸ਼ ਲੱਗ ਰਿਹਾ ਹੈ। ਈ ਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਆਰ ਕੇ ਡਬਲਿਊ ਦਾ ਸਾਬਕਾ ਨਿਰਦੇਸ਼ਕ ਰੰਜੀਤ ਬਿੰਦਰਾ ਇੱਕ ਏਜੰਟ ਸੀ ਤੇ ਕੰਪਨੀਆਂ ਤੇ ਇਕਬਾਲ ਮਿਰਚੀ ਵਿਚਕਾਰ ਸੌਦੇ ਕਰਵਾਉਂਦਾ ਸੀ। ਈ ਡੀ ਨੇ ਬਿੰਦਰਾ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।
ਈ ਡੀ ਨੇ ਇੱਕ ਹੋਰ ਕੰਪਨੀ ਸਨਬਲਿੰਕ ਰੀਅਲ ਅਸਟੇਟ ਨੂੰ ਵੀ ਇਕਬਾਲ ਮਿਰਚੀ ਦੀਆਂ ਜਾਇਦਾਦਾਂ ਖਰੀਦਣ ਲਈ ਦੋਸ਼ੀ ਮੰਨਿਆ ਹੈ। ਸਨਬਲਿੰਕ ਇੱਕ ਹੋਰ ਕੰਪਨੀ ਸਕਿੱਲ ਰੀਅਲਟਰਜ਼ ਪ੍ਰਾ. ਲਿ. ਨਾਲ ਜੁੜੀ ਹੋਈ ਹੈ। ਦੋਹਾਂ ਦਾ ਨਿਰਦੇਸ਼ਕ ਇੱਕ ਵਿਅਕਤੀ ਮੇਹੁਲ ਅਨਿਲ ਬਖਸ਼ੀ ਹੈ। ਇਸ ਕੰਪਨੀ ਨੇ ਵੀ ਭਾਜਪਾ ਨੂੰ 2014-15 ਵਿੱਚ ਦੋ ਕਰੋੜ ਚੰਦਾ ਦਿੱਤਾ ਸੀ। ਆਰ ਕੇ ਡਬਲਿਊ ਦੇ ਨਿਰਦੇਸ਼ਕ ਜੈਕਬ ਨਾਰੋਨਹਾ ਇੱਕ ਹੋਰ ਕੰਪਨੀ ਦਰਸ਼ਨ ਡਿਵੈਲਪਰਜ਼ ਦੇ ਵੀ ਨਿਰਦੇਸ਼ਕ ਹਨ। ਚੋਣ ਕਮਿਸ਼ਨ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਇਸ ਕੰਪਨੀ ਤੋਂ 2016-17 ਵਿੱਚ 7.50 ਕਰੋੜ ਰੁਪਏ ਚੰਦਾ ਲਿਆ ਸੀ। ਈ ਡੀ ਟੈਰਿੰਗ ਫੰਡਿੰਗ ਸੰਬੰਧੀ ਜੈਕਬ ਦੀ ਵੀ ਜਾਂਚ ਕਰ ਰਹੀ ਹੈ। ਈ ਡੀ ਦਾ ਦੋਸ਼ ਹੈ ਕਿ ਆਰ ਕੇ ਡਬਲਿਊ ਡਿਵੈਲਪਰਜ਼ ਨੇ ਇਕਬਾਲ ਮਿਰਚੀ ਦੀ ਜਾਇਦਾਦਾਂ ਵੇਚਣ ਵਿੱਚ ਮਦਦ ਕੀਤੀ ਸੀ ਅਤੇ ਸੌਦੇ ਲਈ ਬਿੰਦਰਾ ਨੇ 30 ਕਰੋੜ ਰੁਪਏ ਦਲਾਲੀ ਲਈ ਸੀ। ਮਹਾਰਾਸ਼ਟਰ ਚੋਣ ਤੋਂ ਪਹਿਲਾਂ ਇਕਬਾਲ ਮਿਰਚੀ ਦਾ ਮਾਮਲਾ ਕਾਫ਼ੀ ਉਛਾਲਿਆ ਗਿਆ ਸੀ। ਇਸ ਦੌਰਾਨ ਈ ਡੀ ਨੇ ਸੀਨੀਅਰ ਐੱਨ ਸੀ ਪੀ ਆਗੂ ਪ੍ਰਫੁੱਲ ਪਟੇਲ ਤੋਂ ਵੀ ਪੁੱਛਗਿੱਛ ਕੀਤੀ ਸੀ ਤੇ ਬਿੰਦਰਾ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਈ ਡੀ ਨੇ ਇਕਬਾਲ ਮਿਰਚੀ ਦੀਆਂ ਜਾਇਦਾਦਾਂ ਨੂੰ ਸਨਬਲਿੰਕ ਤੇ ਮਿਲੇਨੀਅਮ ਡਿਵੈਲਪਰਜ਼ ਨੂੰ ਵੇਚਣ ਸੰਬੰਧੀ ਇਕਬਾਲ ਮਿਰਚੀ ਦੇ ਭਣੋਈਏ ਮੁਖਤਾਰ ਮੈਨਨ ਤੋਂ ਵੀ ਪੁੱਛਗਿੱਛ ਕੀਤੀ ਸੀ। ਪਿਛਲੇ ਮਹੀਨੇ ਈ ਡੀ ਨੇ ਸਨਬਲਿੰਕ ਨੂੰ 2186 ਕਰੋੜ ਦਾ ਕਰਜ਼ਾ ਦੇਣ ਸੰਬੰਧੀ ਡੀ ਐੱਚ ਐੱਫ਼ ਐੱਲ ਦੇ 14 ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ। ਈ ਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਦੁਬਈ ਰਾਹੀਂ ਆਇਆ ਸੀ।
ਉਪਰੋਕਤ ਤੋਂ ਸਪੱਸ਼ਟ ਹੈ ਕਿ ਭਾਜਪਾ ਆਗੂ ਸੱਤਾ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਉਹ ਦੂਸਰੀਆਂ ਪਾਰਟੀ ਦੇ ਆਗੂਆਂ ਨੂੰ ਆਪਣੇ ਨਾਲ ਮਿਲਾਉਣ ਲਈ ਵੀ ਈ ਡੀ ਦੀ ਵਰਤੋਂ ਕਰ ਸਕਦੇ ਹਨ ਤੇ ਅੱਤਵਾਦੀਆਂ ਨੂੰ ਚੰਦਾ ਦੇਣ ਵਾਲੀਆਂ ਕੰਪਨੀਆਂ ਨੂੰ ਵੀ ਈ ਡੀ ਰਾਹੀਂ ਡਰਾ ਕੇ ਆਪਣਾ ਖ਼ਜ਼ਾਨਾ ਭਰ ਸਕਦੇ ਹਨ। ਦੇਸ਼ ਪ੍ਰੇਮ ਤੇ ਰਾਸ਼ਟਰਵਾਦ ਤਾਂ ਭਾਜਪਾ ਦਾ ਸਿਰਫ਼ ਮੁਖੌਟਾ ਹੈ।

763 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper