Latest News
ਹਜੂਮੀ ਹਿੰਸਾ ਤੋਂ ਵਹਿਸ਼ੀਪੁਣੇ ਤੱਕ

Published on 01 Dec, 2019 11:15 AM.


ਸੱਤ ਸਾਲ ਪਹਿਲਾਂ ਇਸੇ ਮਹੀਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਰਾ ਮੈਡੀਕਲ ਦੀ ਇੱਕ 23 ਸਾਲਾ ਵਿਦਿਆਰਥਣ ਨਾਲ ਚੱਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਲੜਕੀ ਵੱਲੋਂ ਵਿਰੋਧ ਕਰਨ 'ਤੇ ਦਰਿੰਦਿਆਂ ਨੇ ਉਸ ਦੇ ਨਿੱਜੀ ਅੰਗ ਵਿੱਚ ਰਾਡ ਪਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਆਪਣੀ ਹਵਸ ਪੂਰੀ ਕਰਨ ਤੋਂ ਬਾਅਦ ਦਰਿੰਦੇ ਉਸ ਨੂੰ ਸੁੰਨਸਾਨ ਜਗ੍ਹਾ ਉੱਤੇ ਸੜਕ ਕਿਨਾਰੇ ਸੁੱਟ ਗਏ ਸਨ। ਇਸ ਕਾਂਡ ਵਿਰੁੱਧ ਦੇਸ਼ ਭਰ ਵਿੱਚ ਜ਼ਬਰਦਸਤ ਰੋਹ ਉਠਿਆ ਸੀ। ਲੋਕ ਆਪਮੁਹਾਰੇ ਸੜਕਾਂ ਉੱਤੇ ਨਿਕਲ ਤੁਰੇ ਸਨ। ਸਰਕਾਰ ਹਰਕਤ ਵਿੱਚ ਆਈ ਤੇ ਲੜਕੀ ਨੂੰ ਬਿਹਤਰ ਇਲਾਜ ਲਈ ਸਿੰਘਾਪੁਰ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਬਲਾਤਕਾਰ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸੰਸਦ ਵੱਲੋਂ ਸਖਤ ਕਾਨੂੰਨ ਲਿਆਂਦਾ ਗਿਆ। ਫਾਸਟ ਟਰੈਕ ਅਦਾਲਤਾਂ ਦਾ ਗਠਨ ਕੀਤਾ ਗਿਆ। ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਤੈਅ ਕੀਤੀ ਗਈ, ਪਰ ਇਸ ਦੇ ਬਾਵਜੂਦ ਕੁਝ ਵੀ ਨਹੀਂ ਬਦਲਿਆ। ਸਗੋਂ ਹਾਲਾਤ ਦਿਨੋ-ਦਿਨ ਭਿਆਨਕ ਹੁੰਦੇ ਜਾ ਰਹੇ ਹਨ।
ਬੀਤੇ ਨਵੰਬਰ ਮਹੀਨੇ ਦੌਰਾਨ ਵਾਪਰੀਆਂ ਤਿੰਨ ਘਟਨਾਵਾਂ ਨੇ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ ਹੈ। 28 ਨਵੰਬਰ ਨੂੰ 27 ਸਾਲ ਦੀ ਵੈਟਰਨਰੀ ਡਾਕਟਰ ਆਪਣੀ ਸਕੂਟਰੀ ਟੋਲ ਪਲਾਜ਼ਾ ਕੋਲ ਪਾਰਕਿੰਗ ਕਰਕੇ ਨੇੜੇ ਹੀ ਇੱਕ ਹਸਪਤਾਲ ਵਿੱਚ ਗਈ ਸੀ। ਵਾਪਸੀ ਉੱਤੇ ਦੇਖਿਆ ਤਾਂ ਸਕੂਟਰੀ ਦੇ ਪਹੀਏ ਵਿੱਚੋਂ ਹਵਾ ਨਿਕਲੀ ਹੋਈ ਸੀ। ਡਾਕਟਰ ਲੜਕੀ ਨੇ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਟੈਕਸੀ ਕਰਕੇ ਘਰ ਪੁੱਜ ਜਾਵੇ। ਇਸ ਦੌਰਾਨ 4 ਦਰਿੰਦੇ ਮਦਦਗਾਰ ਦਾ ਭੇਸ ਧਾਰ ਕੇ ਆ ਗਏ। ਅਸਲ ਵਿੱਚ ਸਕੂਟਰੀ ਦੇ ਪਹੀਏ ਵਿੱਚੋਂ ਹਵਾ ਵੀ ਉਨ੍ਹਾਂ ਹੀ ਕੱਢੀ ਸੀ। ਉਨ੍ਹਾਂ ਡਾਕਟਰ ਨੂੰ ਕਿਹਾ ਕਿ ਉਹ ਉਸ ਦੀ ਸਕੂਟਰੀ ਨੂੰ ਪੰਚਰ ਲਵਾ ਲਿਆਉਂਦੇ ਹਨ ਤੇ ਉਹ ਸਕੂਟਰੀ ਲੈ ਗਏ। ਕੁਝ ਚਿਰ ਬਾਅਦ ਉਹ ਮੁੜ ਆਏ ਤੇ ਡਾਕਟਰ ਨੂੰ ਕਿਹਾ ਕਿ ਪੰਚਰ ਲਾਉਣ ਵਾਲੀ ਦੁਕਾਨ ਬੰਦ ਹੈ, ਉਹ ਉਨ੍ਹਾਂ ਨਾਲ ਚੱਲੇ, ਅਗਲੀ ਦੁਕਾਨ ਤੋਂ ਪੰਚਰ ਲਵਾ ਦੇਣਗੇ। ਬੱਸ ਟੋਲ ਪਲਾਜ਼ਾ ਤੋਂ 50 ਮੀਟਰ ਦੀ ਦੂਰੀ ਉੱਤੇ ਉਹ ਮਦਦਗਾਰ ਭੇੜੀਏ ਦੇ ਰੂਪ ਵਿੱਚ ਸਾਹਮਣੇ ਆ ਗਏ। ਉਨ੍ਹਾਂ ਉਸ ਦੀ ਅਜ਼ਮਤ ਹੀ ਨਹੀਂ ਲੁੱਟੀ, ਸਗੋਂ ਮੌਤ ਦੇ ਘਾਟ ਵੀ ਉਤਾਰ ਦਿੱਤਾ। ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਕ ਸੁੰਨਸਾਨ ਪੁਲ ਦੇ ਹੇਠ ਲਿਜਾ ਕੇ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਪਰਵਾਰ ਵਾਲੇ ਪੁਲਸ ਦੀਆਂ ਮਿੰਨਤਾਂ ਕਰਦੇ ਰਹੇ, ਪਰ ਉਨ੍ਹਾਂ ਦੀ ਇੱਕ ਨਾ ਸੁਣੀ ਗਈ। ਸਗੋਂ ਪੁਲਸ ਵਾਲੇ ਉਲਟਾ ਘਰਦਿਆਂ ਨੂੰ ਇਹ ਕਹਿੰਦੇ ਰਹੇ ਕਿ ਕਿਸੇ ਨਾਲ ਚਲੀ ਗਈ ਹੋਵੇਗੀ। ਜੇਕਰ ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਸ਼ਾਇਦ ਡਾਕਟਰ ਦੀ ਜਾਨ ਬਚ ਜਾਂਦੀ। ਹੁਣ ਇਨ੍ਹਾਂ ਪੁਲਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਰ ਕੀ ਇਸ ਕਾਰਵਾਈ ਨਾਲ ਉਹ ਡਾਕਟਰ ਵਾਪਸ ਆ ਜਾਵੇਗੀ?
ਇਸ ਘਟਨਾ ਤੋਂ ਦੋ ਦਿਨ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਕਾਂਕੇ ਇਲਾਕੇ ਵਿੱਚ ਇੱਕ ਕਾਨੂੰਨ ਦੀ ਵਿਦਿਆਰਥਣ ਇੱਕ ਬੱਸ ਸਟਾਪ ਉੱਤੇ ਕਿਸੇ ਜਾਣਕਾਰ ਨਾਲ ਗੱਲ ਕਰ ਰਹੀ ਸੀ। ਇਸੇ ਦੌਰਾਨ ਦਰਿੰਦੇ ਆਏ ਤੇ ਉਸ ਨੂੰ ਬੰਦੂਕ ਦਿਖਾ ਕੇ ਮੋਟਰ ਸਾਈਕਲ ਉੱਤੇ ਜਬਰੀ ਬਿਠਾ ਕੇ ਲੈ ਗਏ। ਇਨ੍ਹਾਂ ਦਰਿੰਦਿਆਂ ਵਿੱਚੋਂ ਕੁਝ ਨੇ ਉਸਦੇ ਜਾਣਕਾਰ ਨੂੰ ਬੰਦੂਕ ਦੀ ਨੋਕ ਉੱਤੇ ਘੇਰੀ ਰੱਖਿਆ। ਰਸਤੇ ਵਿੱਚ ਮੋਟਰ ਸਾਈਕਲ ਖਰਾਬ ਹੋ ਗਿਆ ਤਾਂ ਉਨ੍ਹਾਂ ਫੋਨ ਕਰਕੇ ਕਾਰ ਮੰਗਵਾ ਲਈ। ਉਸ ਤੋਂ ਬਾਅਦ ਉਸ ਅਬਲਾ ਨੂੰ ਇੱਕ ਇੱਟ ਭੱਠੇ ਉੱਤੇ ਲਿਜਾ ਕੇ 12 ਦਰਿੰਦਿਆਂ ਨੇ ਉਸ ਨਾਲ ਬਲਾਤਕਾਰ ਕੀਤਾ। ਸਾਰੇ ਭੇੜੀਏ ਫੜੇ ਗਏ ਹਨ। ਉਨ੍ਹਾਂ ਕੋਲੋਂ ਹਥਿਆਰ ਵੀ ਮਿਲੇ ਹਨ ਤੇ ਗੋਲੀਆਂ ਵੀ। ਝਾਰਖੰਡ ਵਿੱਚ ਇਸੇ ਸਮੇਂ ਚੋਣਾਂ ਹੋ ਰਹੀਆਂ ਹਨ। ਚੱਪੇ-ਚੱਪੇ ਉੱਤੇ ਪੁਲਸ ਹੈ। ਰਾਂਚੀ ਦਾ ਕਾਂਕੇ ਉਹ ਇਲਾਕਾ ਹੈ, ਜਿਸ ਵਿੱਚ ਮੁੱਖ ਮੰਤਰੀ ਦਾ ਘਰ ਹੈ, ਚੀਫ਼ ਜਸਟਿਸ ਦਾ ਘਰ ਹੈ ਤੇ ਡੀ ਜੀ ਪੀ ਦਾ ਘਰ ਹੈ। ਇਸ ਦੇ ਬਾਵਜੂਦ ਅਪਰਾਧੀ ਬੜੀ ਤਸੱਲੀ ਨਾਲ ਇੱਕ ਘਿਨੌਣੇ ਅਪਰਾਧ ਨੂੰ ਅੰਜਾਮ ਦਿੰਦੇ ਰਹੇ।
ਇਸ ਘਟਨਾ ਤੋਂ ਚਾਰ ਦਿਨ ਪਹਿਲਾਂ ਝਾਰਖੰਡ ਵਿੱਚ ਹੀ 22 ਨਵੰਬਰ ਨੂੰ ਇੱਕ 32 ਸਾਲਾ ਔਰਤ ਆਪਣੇ ਇੱਕ ਰਿਸ਼ਤੇਦਾਰ ਨਾਲ ਸ਼ਹਿਰੋਂ ਘਰ ਦਾ ਸਾਮਾਨ ਲੈ ਕੇ ਮੋਟਰ ਸਾਈਕਲ ਉੱਤੇ ਆ ਰਹੀ ਸੀ। ਰਾਹ ਵਿੱਚ ਪੰਜ ਗੁੰਡਿਆਂ ਨੇ ਉਨ੍ਹਾਂ ਨੂੰ ਰੋਕ ਲਿਆ। ਗੁੰਡਿਆਂ ਵੱਲੋਂ ਔਰਤ ਨਾਲ ਗੈਂਗਰੇਪ ਕੀਤਾ ਗਿਆ। ਪਹਿਲਾਂ ਕੌਣ ਦੇ ਵਿਵਾਦ ਵਿੱਚ ਆਪਸੀ ਝਗੜਾ ਹੋ ਗਿਆ। ਚਾਰਾਂ ਨੇ ਮਿਲ ਕੇ ਪੰਜਵੇਂ ਨੂੰ ਮਾਰ ਦਿੱਤਾ। ਅਗਲੇ ਦਿਨ ਔਰਤ ਨੇ ਥਾਣੇ ਜਾ ਕੇ ਆਪ ਬੀਤੀ ਦੱਸੀ।
ਇਸੇ ਦੌਰਾਨ 2012 ਵਿੱਚ ਦਿੱਲੀ ਵਿੱਚ ਦਰਿੰਦਗੀ ਦਾ ਸ਼ਿਕਾਰ ਹੋਈ ਨਿਰਭੈਆ ਦੀ ਮਾਂ ਇੱਕ ਸਾਲ ਤੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਅਦਾਲਤ ਦੇ ਚੱਕਰ ਕੱਟ ਰਹੀ ਹੈ। 29 ਨਵੰਬਰ ਨੂੰ ਵੀ ਉਹ ਇਨਸਾਫ਼ ਦੀ ਆਸ ਨਾਲ ਪਟਿਆਲਾ ਹਾਊਸ ਕੋਰਟ ਪੁੱਜੀ ਸੀ, ਪ੍ਰੰਤੂ ਜਦੋਂ ਅਦਾਲਤ ਨੇ ਡੈੱਥ ਵਰੰਟ ਜਾਰੀ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮਾਮਲਾ ਰਾਸ਼ਟਰਪਤੀ ਕੋਲ ਹੈ ਤਾਂ ਉਸ ਦੇ ਅੱਥਰੂ ਨਿਕਲ ਆਏ। ਨਿਰਭੈਆ ਦੀ ਮਾਂ ਨੇ ਕਿਹਾ ਕਿ ਮੇਰਾ ਸਬਰ ਟੁੱਟ ਚੁੱਕਾ ਹੈ। ਮੇਰਾ ਕਾਨੂੰਨ ਤੋਂ ਵਿਸ਼ਵਾਸ ਉੱਠ ਗਿਆ ਹੈ। ਜੇਕਰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਦੋਸ਼ੀਆਂ ਨੂੰ ਤੁਰੰਤ ਫਾਂਸੀ ਦਿੱਤੀ ਜਾਵੇ।
ਇਨ੍ਹਾਂ ਉਪਰੋਥਲੀ ਹੋ ਰਹੀਆਂ ਦੁਖਦਾਈ ਘਟਨਾਵਾਂ ਸੰਬੰਧੀ ਸਮਾਜ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਅਪਰਾਧੀ ਲੋਕਾਂ ਵਿੱਚ ਕਾਨੂੰਨ ਦਾ ਡਰ ਖ਼ਤਮ ਕਿਉਂ ਹੋ ਗਿਆ ਹੈ। ਕੀ ਇਸ ਦਾ ਕਾਰਨ ਹਜੂਮੀ ਹੱਤਿਆਵਾਂ ਪ੍ਰਤੀ ਸਰਕਾਰ ਦੀ ਲਿਹਾਜੂ ਪਹੁੰਚ ਤਾਂ ਨਹੀਂ, ਜਿਸ ਨਾਲ ਅਪਰਾਧੀ ਤੱਤਾਂ ਵਿੱਚ ਇਹ ਸੋਚ ਪੈਦਾ ਹੋ ਗਈ ਹੈ ਕਿ ਕਾਨੂੰਨ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇਗਾ?

735 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper