Latest News
ਬੇਪਰਵਾਹ ਹਾਕਮ!

Published on 02 Dec, 2019 10:59 AM.


ਦੇਸ਼ ਇਸ ਸਮੇਂ ਮੰਦਵਾੜੇ ਦੀ ਮਾਰ ਝੱਲ ਰਿਹਾ ਹੈ। ਕਿਸੇ ਵੀ ਅਰਥ-ਸ਼ਾਸਤਰੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਸ ਹਾਲਤ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਹਿ ਰਹੀ ਹੈ ਕਿ ਵਿਕਾਸ ਦਰ ਘਟੀ ਜ਼ਰੂਰ ਹੈ, ਪਰ ਇਸ ਨੂੰ ਮੰਦੀ ਨਹੀਂ ਕਿਹਾ ਜਾ ਸਕਦਾ। ਇਹ ਇਸੇ ਤਰ੍ਹਾਂ ਹੀ ਹੈ, ਜਿਵੇਂ ਕੋਈ ਕਹੇ ਕਿ ਸੂਰਜ ਭਾਵੇਂ ਨਿਕਲ ਆਇਆ ਹੈ, ਪਰ ਦਿਨ ਨਹੀਂ ਚੜ੍ਹਿਆ। ਭਾਰਤ ਦੀ ਅਰਥ-ਵਿਵਸਥਾ ਦੀ ਹਾਲਤ ਏਨੀ ਬਦਤਰ ਹੋ ਚੁੱਕੀ ਹੈ ਕਿ ਇਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਲਾਂਬੱਧੀ ਜਤਨ ਕਰਨੇ ਪੈਣਗੇ।
ਪਿਛਲੇ ਹਫ਼ਤੇ ਜੀ ਡੀ ਪੀ ਦੇ ਅੰਕੜੇ ਆ ਗਏ ਹਨ। ਜੀ ਡੀ ਪੀ ਦੀ ਵਿਕਾਸ ਦਰ ਪਿਛਲੀ ਤਿਮਾਹੀ ਦੀ 5 ਫ਼ੀਸਦੀ ਨਾਲੋਂ ਘਟ ਕੇ 4.5 ਫ਼ੀਸਦੀ ਦੇ ਨੀਵੇਂ ਪੱਧਰ ਉੱਤੇ ਆ ਗਈ ਹੈ। 2016 ਵਿੱਚ ਜਦੋਂ ਮੋਦੀ ਨੇ ਰਾਤੋ-ਰਾਤ ਨੋਟਬੰਦੀ ਦਾ ਫੁਰਮਾਨ ਜਾਰੀ ਕੀਤਾ ਸੀ ਤਾਂ ਕਿਹਾ ਗਿਆ ਸੀ ਕਿ ਇਸ ਕਦਮ ਨਾਲ ਭਾਰਤੀ ਅਰਥ-ਵਿਵਸਥਾ ਮਜ਼ਬੂਤ ਹੋਵੇਗੀ। ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਨੋਟਬੰਦੀ ਭਾਰਤੀ ਅਰਥ-ਵਿਵਸਥਾ ਨੂੰ ਤਬਾਹ ਕਰਨ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਤੀਜੇ ਬਹੁਤ ਬੁਰੇ ਹੋਣਗੇ, ਪਰ ਅੱਜ ਨੋਟਬੰਦੀ ਦੇ 6 ਸਾਲਾਂ ਬਾਅਦ ਸਾਡੀ ਆਰਥਿਕਤਾ ਦੀ ਜੋ ਹਾਲਤ ਹੋ ਚੁੱਕੀ ਹੈ, ਉਹ ਡਾ. ਮਨਮੋਹਨ ਸਿੰਘ ਦੇ ਖਦਸ਼ਿਆਂ ਦੀ ਪੁਸ਼ਟੀ ਕਰਦੀ ਹੈ। ਅੱਠ ਬੁਨਿਆਦੀ ਸੈਕਟਰਾਂ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਕਿਸੇ ਤਰ੍ਹਾਂ ਵੀ ਹੌਸਲਾ ਦੇਣ ਵਾਲੇ ਨਹੀਂ। ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਮੈਨੂਫੈਕਚਰਿੰਗ ਸੈਕਟਰ ਦੀ ਵਿਕਾਸ ਦਰ ਮਨਫ਼ੀ ਇੱਕ ਹੋ ਗਈ ਹੈ, ਜੋ ਪਿਛਲੇ ਸਾਲ ਇਸੇ ਤਿਮਾਹੀ ਨੂੰ 6.9 ਫ਼ੀਸਦੀ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸੈਕਟਰ ਵਿੱਚ ਕਿੰਨੀ ਤਬਾਹੀ ਹੋਈ ਹੋਵੇਗੀ। ਮਤਲਬ ਇਹ ਕਿ ਕਾਰਖਾਨੇ ਚੱਲੇ ਹੀ ਨਹੀਂ। ਕਿੰਨੇ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੋਵੇਗਾ, ਨਾ ਸਰਕਾਰ ਬੋਲ ਰਹੀ ਹੈ, ਨਾ ਮੀਡੀਆ ਅੰਕੜੇ ਦੱਸਣ ਲਈ ਤਿਆਰ ਹੈ। ਖਣਨ ਸੈਕਟਰ ਦਾ ਹਾਲ ਵੀ ਅਜਿਹਾ ਹੀ ਹੈ। ਇਸ ਦੀ ਵਿਕਾਸ ਦਰ ਘਟ ਕੇ 1 ਫ਼ੀਸਦੀ ਤੱਕ ਪੁੱਜ ਚੁੱਕੀ ਹੈ। ਖੇਤੀ ਤੇ ਸਹਾਇਕ ਧੰਦਿਆਂ ਮੱਛੀ ਪਾਲਣ ਆਦਿ ਦੇ ਸੈਕਟਰ ਵਿੱਚ ਵਿਕਾਸ ਦਰ 4.9 ਫ਼ੀਸਦੀ ਤੋਂ ਘਟ ਕੇ 2.1 ਫ਼ੀਸਦੀ ਉੱਤੇ ਆ ਗਈ ਹੈ। ਇਸ ਨੇ ਪੇਂਡੂ ਖੇਤਰ ਵਿੱਚ ਬੇਰੁਜ਼ਗਾਰਾਂ ਦੀ ਫੌਜ ਖੜ੍ਹੀ ਕਰਨ ਦਾ ਕੰਮ ਕੀਤਾ ਹੈ।
ਸਭ ਤੋਂ ਵੱਧ ਮੰਦੀ ਦੀ ਮਾਰ ਆਟੋ ਮੋਬਾਇਲ ਸੈਕਟਰ ਉੱਤੇ ਪੈ ਰਹੀ ਹੈ। ਨਵੰਬਰ ਮਹੀਨਾ ਵੀ ਇਸ ਸੈਕਟਰ ਲਈ ਖੁਸ਼ੀ ਲੈ ਕੇ ਨਹੀਂ ਆਇਆ। ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਵਿੱਚ ਪਿਛਲੇ ਮਹੀਨੇ ਦੀ ਤੁਲਨਾ ਵਿੱਚ 1.6 ਫ਼ੀਸਦੀ ਗਿਰਾਵਟ ਆਈ ਹੈ। ਸਭ ਤੋਂ ਵੱਡੀ ਮਾਰ ਹੌਂਡਾ ਇੰਡੀਆ ਨੂੰ ਪਈ ਹੈ, ਇਸ ਦੀ ਵਿਕਰੀ ਵਿੱਚ 50.33 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਟਾਟਾ ਮੋਟਰਜ਼ ਦੀ ਵਿਕਰੀ 29 ਫ਼ੀਸਦੀ ਤੇ ਮਹਿੰਦਰਾ ਐਂਡ ਮਹਿੰਦਰਾ ਦੀ 9 ਫ਼ੀਸਦੀ ਘਟੀ ਹੈ।
ਉਪਰੋਕਤ ਅੰਕੜੇ ਦੱਸਦੇ ਹਨ ਕਿ ਬੇਰੁਜ਼ਗਾਰੀ, ਨੌਕਰੀ ਚਲੇ ਜਾਣ ਦਾ ਡਰ, ਖੇਤੀ ਖੇਤਰ ਦਾ ਮੰਦਾ ਹਾਲ ਤੇ ਵਧਦੀ ਮਹਿੰਗਾਈ ਨੇ ਜਿੱਥੇ ਲੋਕਾਂ ਦੀ ਆਰਥਿਕ ਹਾਲਤ ਪਤਲੀ ਕੀਤੀ ਹੈ, ਉੱਥੇ ਉਨ੍ਹਾਂ ਦਾ ਸਿਸਟਮ ਉੱਤੇ ਭਰੋਸਾ ਵੀ ਟੁੱਟਿਆ ਹੈ। ਮੰਨੇ-ਪ੍ਰਮੰਨੇ ਸਨਅਤਕਾਰ ਤੇ ਬਜਾਜ ਸਮੂਹ ਦੇ ਚੇਅਰਮੈਨ ਰਾਹੁਲ ਬਜਾਜ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਨੇ ਦੇਸ਼ ਵਿੱਚ ਬੇਯਕੀਨੀ ਦਾ ਮਹੌਲ ਬਣਾ ਦਿੱਤਾ ਹੈ, ਜਿਸ ਕਾਰਨ ਲੋਕ ਖੁੱਲ੍ਹ ਕੇ ਗੱਲ ਨਹੀਂ ਕਰਦੇ। ਉਸ ਨੇ ਕਿਹਾ ਕਿ ਮੇਰੇ ਸਨਅਤਕਾਰ ਮਿੱਤਰਾਂ ਵਿੱਚੋਂ ਕੋਈ ਨਹੀਂ ਬੋਲੇਗਾ, ਪਰ ਮੈਂ ਖੁਲ੍ਹੇ ਤੌਰ ਉੱਤੇ ਕਹਾਂਗਾ ਕਿ ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਸੀ ਤਾਂ ਅਸੀਂ ਕਿਸੇ ਦੀ ਵੀ ਅਲੋਚਨਾ ਕਰ ਸਕਦੇ ਸੀ, ਪਰ ਅੱਜ ਦੇਸ਼ ਵਿੱਚ ਡਰ ਦਾ ਮਹੌਲ ਬਣਿਆ ਹੋਇਆ ਹੈ। ਬਜਾਜ ਨੇ ਹਜੂਮੀ ਹਿੰਸਾ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਕ ਮਹੌਲ ਤਿਆਰ ਕੀਤਾ ਗਿਆ ਹੈ, ਅਸਹਿਣਸ਼ੀਲਤਾ ਹਾਵੀ ਹੈ, ਅਸੀਂ ਡਰਦੇ ਹਾਂ, ਬੋਲਣਾ ਚਾਹੁੰਦੇ ਹਾਂ। ਰਾਹੁਲ ਬਜਾਜ ਦੀਆਂ ਗੱਲਾਂ ਬਿਲਕੁਲ ਸੱਚੀਆਂ ਹਨ। ਡਰ ਦੀ ਹਾਲਤ ਇਹ ਹੈ ਕਿ ਅਧਿਕਾਰੀ ਵੀ ਡਰੇ ਹੋਏ ਹਨ। ਜੀ ਡੀ ਪੀ ਦੇ ਅੰਕੜੇ ਖਰਾਬ ਆਏ ਤਾਂ ਅੰਕੜਾ ਸਕੱਤਰ ਇਨ੍ਹਾਂ ਨੂੰ ਜਾਰੀ ਕਰਨ ਲਈ ਪ੍ਰੈੱਸ ਕਾਨਫ਼ਰੰਸ ਕਰਨੋਂ ਵੀ ਡਰ ਗਏ, ਤਾਂ ਜੋ ਹਾਕਮ ਨਰਾਜ਼ ਨਾ ਹੋ ਜਾਣ। ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਅੰਕੜਾ ਸਕੱਤਰ ਪ੍ਰੈੱਸ ਕਾਨਫ਼ਰੰਸ ਕਰਕੇ ਹੀ ਹਰ ਤਿਮਾਹੀ ਦੇ ਅੰਕੜੇ ਜਾਰੀ ਕਰਦਾ ਹੈ। ਬੀਤੇ ਜੂਨ ਵਿੱਚ ਜਦੋਂ ਜੀ ਡੀ ਪੀ ਦੀ ਦਰ 5 ਫ਼ੀਸਦੀ ਹੋਈ ਸੀ ਤਾਂ ਇਸੇ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਸੀ।
ਇਸ ਲਈ ਕੇਂਦਰ ਦੇ ਹਾਕਮਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਰਥ-ਵਿਵਸਥਾ ਨੂੰ ਠੀਕ ਲੀਹ ਉੱਤੇ ਲਿਆਉਣ ਲਈ ਦੇਸ਼ ਵਿੱਚ ਕਾਨੂੰਨ ਦਾ ਰਾਜ ਸਥਾਪਤ ਕਰਨਾ ਪਵੇਗਾ। ਲੋਕਾਂ ਦੇ ਟੁੱਟੇ ਭਰੋਸੇ ਨੂੰ ਮੁੜ ਕਾਇਮ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਜਿਹੀਆਂ ਆਰਥਿਕ ਨੀਤੀਆਂ ਅਖਤਿਆਰ ਕਰਨੀਆਂ ਪੈਣਗੀਆਂ, ਜਿਸ ਨਾਲ ਖਪਤਕਾਰ ਦੀ ਜੇਬ ਵਿੱਚ ਪੈਸਾ ਆਵੇ।

740 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper