Latest News
40 ਹਜ਼ਾਰ ਕਰੋੜ ਬਚਾਉਣ ਲਈ ਫੜਨਵੀਸ ਨੂੰ ਮੁੱਖ ਮੰਤਰੀ ਬਣਾਇਆ ਸੀ : ਹੈਗੜੇ

Published on 02 Dec, 2019 11:12 AM.


ਨਵੀਂ ਦਿੱਲੀ : ਕਰਨਾਟਕ ਦੇ ਭਾਜਪਾ ਸਾਂਸਦ ਅਨੰਤ ਕੁਮਾਰ ਹੈਗੜੇ ਨੇ ਦਾਅਵਾ ਕੀਤਾ ਹੈ ਕਿ ਸਪੱਸ਼ਟ ਬਹੁਮਤ ਨਾ ਹੋਣ ਦੇ ਬਾਵਜੂਦ ਦੇਵੇਂਦਰ ਫੜਨਵੀਸ ਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਾ ਦਰਅਸਲ ਕੇਂਦਰ ਦੇ 40 ਹਜ਼ਾਰ ਕਰੋੜ ਰੁਪਏ ਬਚਾਉਣ ਲਈ ਕੀਤਾ ਗਿਆ ਡਰਾਮਾ ਸੀ। ਸਾਬਕਾ ਕੇਂਦਰੀ ਮੰਤਰੀ ਹੈਗੜੇ ਨੇ ਕਿਹਾ ਕਿ ਫੜਨਵੀਸ ਨੇ ਇਸ ਧਨ ਨੂੰ ਅਸਲ ਟਿਕਾਣੇ 'ਤੇ ਪਹੁੰਚਾਉਣ ਲਈ 15 ਘੰਟੇ ਲਾਏ।
ਫੜਨਵੀਸ ਨੇ ਆਪਣੀ ਹੀ ਪਾਰਟੀ ਦੇ ਆਗੂ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਕੰਮਚਲਾਊ ਮੁੱਖ ਮੰਤਰੀ ਹੁੰਦਿਆਂ ਉਨ੍ਹਾ ਅਜਿਹਾ ਕੋਈ ਵੱਡਾ ਨੀਤੀ ਫੈਸਲਾ ਨਹੀਂ ਲਿਆ। ਜਿਹੜੇ ਕੇਂਦਰ ਤੇ ਰਾਜਾਂ ਦੇ ਅਕਾਊਂਟਿੰਗ ਸਿਸਟਮ ਨੂੰ ਸਮਝਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਫੰਡਾਂ ਨੂੰ ਇਸ ਤਰ੍ਹਾਂ ਟਰਾਂਸਫਰ ਨਹੀਂ ਕੀਤਾ ਜਾਂਦਾ। ਜਿਹੜੀ ਬੁਲੇਟ ਟਰੇਨ ਦੀ ਗੱਲ ਹੈ, ਉਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਕੰਪਨੀ ਲਾਗੂ ਕਰ ਰਹੀ ਹੈ, ਮਹਾਰਾਸ਼ਟਰ ਸਰਕਾਰ ਦੀ ਸਿਰਫ ਜ਼ਮੀਨ ਲੈ ਕੇ ਦੇਣ ਦੀ ਜ਼ਿੰਮੇਵਾਰੀ ਹੈ। ਇਸ ਲਈ ਮਹਾਰਾਸ਼ਟਰ ਸਰਕਾਰ ਨੇ ਨਾ ਤਾਂ ਕੇਂਦਰ ਤੋਂ ਪੈਸੇ ਮੰਗੇ ਸਨ ਤੇ ਨਾ ਹੀ ਮੋੜੇ। ਇਸ ਲਈ ਬਿਆਨ ਗਲਤ ਹੈ।
ਹੈਗੜੇ ਨੇ ਕਰਨਾਟਕ ਦੇ ਉੱਤਰਾ ਕੰਨੜ ਵਿਧਾਨ ਸਭਾ ਹਲਕੇ ਦੀ ਉਪ-ਚੋਣ ਦੇ ਸੰਬੰਧ ਵਿਚ ਇਕ ਚੋਣ ਮੀਟਿੰਗ ਵਿਚ ਕਿਹਾ, 'ਇਹ ਸਭ ਪਹਿਲਾਂ ਤੋਂ ਪਲੈਨ ਕੀਤਾ ਹੋਇਆ ਸੀ। ਜਦੋਂ ਸਾਨੂੰ ਪਤਾ ਲੱਗਿਆ ਕਿ ਤਿੰਨ ਪਾਰਟੀਆਂ ਸਰਕਾਰ ਬਣਾਉਣ ਜਾ ਰਹੀਆਂ ਹਨ, ਡਰਾਮਾ ਖੇਡਣ ਦਾ ਫੈਸਲਾ ਕੀਤਾ ਗਿਆ। ਸੋ ਐਡਜਸਟਮੈਂਟ ਕੀਤੀ ਗਈ ਤੇ ਫੜਨਵੀਸ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ। ਸਹੁੰ ਚੁੱਕਣ ਦੇ 15 ਘੰਟਿਆਂ ਬਾਅਦ ਫੜਨਵੀਸ ਨੇ ਇਹ ਯਕੀਨੀ ਬਣਾਇਆ ਕਿ ਇਹ ਧਨ ਟਿਕਾਣੇ 'ਤੇ ਪੁੱਜ ਜਾਏ।'
ਇਸੇ ਦਰਮਿਆਨ ਸ਼ਿਵ ਸੈਨਾ ਨੇ ਕਿਹਾ ਹੈ ਕਿ ਜੇ ਅਜਿਹੀ ਕੋਈ ਗੱਲ ਹੋਈ ਹੈ ਤਾਂ ਇਹ ਮਹਾਰਾਸ਼ਟਰ ਨਾਲ ਗੱਦਾਰੀ ਹੈ। ਐੱਨ ਸੀ ਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਹੈ ਕਿ ਜੇ ਹੈਗੜੇ ਦਾ ਬਿਆਨ ਠੀਕ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

146 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper