ਰਾਂਚੀ : ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਝਾਰਖੰਡ ਵਿਚ ਚੋਣ ਪ੍ਰਚਾਰ ਕਰਦਿਆਂ ਦੇਸ਼-ਭਰ ਵਿਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਨੂੰ ਲਾਗੂ ਕਰਨ ਬਾਰੇ ਪਹਿਲੀ ਵਾਰ ਡੈੱਡਲਾਈਨ ਤੈਅ ਕਰ ਦਿੱਤੀ। ਉਨ੍ਹਾ ਕਿਹਾ ਕਿ ਸਾਰੇ ਗੈਰਕਾਨੂੰਨੀ ਘੁਸਪੈਠੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿਚੋਂ ਕੱਢ ਦਿੱਤਾ ਜਾਵੇਗਾ।
ਉਨ੍ਹਾ ਕਿਹਾ, 'ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਐੱਨ ਆਰ ਸੀ ਸਾਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ ਅਤੇ ਸਾਰੇ ਘੁਸਪੈਠੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ 2024 ਦੀਆਂ ਚੋਣਾਂ ਤੋਂ ਪਹਿਲਾਂ ਕੱਢ ਦਿੱਤਾ ਜਾਵੇਗਾ।' ਐੱਨ ਆਰ ਸੀ ਦਾ ਵਿਰੋਧ ਕਰਨ 'ਤੇ ਰਾਹੁਲ ਗਾਂਧੀ 'ਤੇ ਵਰ੍ਹਦਿਆਂ ਸ਼ਾਹ ਨੇ ਕਿਹਾ, ''ਯੇ ਰਾਹੁਲ ਬਾਬਾ ਕਹਤੇ ਹੈਂ ਕਿ ਐੱਨ ਆਰ ਸੀ ਕਿਉਂ ਲਾ ਰਹੇ ਹੋ? ਘੁਸਪੈਠੀਓਂ ਕੋ ਕਿਉਂ ਨਿਕਾਲ ਰਹੇ ਹੋ? ਕਹਾਂ ਜਾਏਂਗੇ, ਕਯਾ ਖਾਏਂਗੇ? ਕਿਉਂ ਭਈ ਆਪਕੇ ਚਚੇਰੇ ਭਾਈ ਲਗਤੇ ਹੈਂ ਕਯਾ? 2024 ਕੇ ਪਹਲੇ ਦੇਸ਼ ਸੇ ਏਕ-ਏਕ ਘੁਸਪੈਠੀਓਂ ਕੋ ਚੁੰਨ-ਚੁੰਨ ਕਰ ਨਿਕਾਲਨੇ ਕਾ ਕਾਮ ਭਾਜਪਾ ਸਰਕਾਰ ਕਰਨੇ ਵਾਲੀ ਹੈ।''
ਸ਼ਾਹ ਦੇਸ਼-ਭਰ ਵਿਚ ਐੱਨ ਆਰ ਸੀ ਲਾਗੂ ਕਰਨ ਲਈ ਉਤਾਵਲੇ ਹਨ। ਉਨ੍ਹਾ ਇਕ ਵਾਰ ਕਿਹਾ ਸੀ ਕਿ ਇਸ ਦਾ ਨਾਂਅ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਹੈ, ਨੈਸ਼ਨਲ ਰਜਿਸਟਰ ਆਫ ਅਸਾਮ ਨਹੀਂ।
ਅਸਾਮ ਵਿਚ ਐੱਨ ਆਰ ਸੀ ਦੀ ਅੰਤਮ ਰਿਪੋਰਟ 31 ਅਗਸਤ ਨੂੰ ਪ੍ਰਕਾਸ਼ਤ ਹੋਈ ਸੀ ਤੇ 19 ਲੱਖ ਲੋਕ ਗੈਰਕਾਨੂੰਨੀ ਪਾਏ ਗਏ ਸਨ। ਇਸ ਵਿਚ ਬਹੁਤੇ ਬੰਗਲਾਦੇਸ਼ੀ ਨਾ ਹੋਣ ਕਾਰਨ ਅਸਾਮ ਦੀ ਭਾਜਪਾ ਸਰਕਾਰ ਨੇ ਮੰਗ ਕੀਤੀ ਹੈ ਕਿ ਸੂਬੇ ਵਿਚ ਨਵੇਂ ਸਿਰਿਓਂ ਗੈਰਕਾਨੂੰਨੀ ਲੋਕਾਂ ਦਾ ਪਤਾ ਲਾਇਆ ਜਾਵੇ। ਇਸ ਦਾ ਕਾਰਨ ਹੈ ਕਿ ਗੈਰ-ਬੰਗਲਾਦੇਸ਼ੀ ਗੈਰਕਾਨੂੰਨੀਆਂ ਦੀ ਲਿਸਟ ਵਿਚ ਆ ਗਏ ਹਨ। ਸ਼ਾਹ ਨੇ ਪਿਛਲੇ ਹਫਤੇ ਰਾਜ ਸਭਾ ਵਿਚ ਕਿਹਾ ਸੀ ਕਿ ਐੱਨ ਆਰ ਸੀ ਸਮੁੱਚੇ ਦੇਸ਼ ਵਿਚ ਲਾਗੂ ਹੋਵੇਗਾ ਤੇ ਅਸਾਮ ਵਿਚ ਵੀ ਮੁੜ ਗਿਣਤੀ ਕੀਤੀ ਜਾਵੇਗੀ।