Latest News
ਝਾਰਖੰਡ 'ਚ ਭੁੱਖਮਰੀ ਨਾਲ 23ਵੀਂ ਮੌਤ

Published on 03 Dec, 2019 11:27 AM.


ਝਾਰਖੰਡ ਵਿੱਚ ਇਸ ਸਮੇਂ ਵਿਧਾਨ ਸਭਾ ਲਈ ਚੋਣ ਘੋਲ ਸਿਖਰਾਂ ਉੱਤੇ ਹੈ। ਪਹਿਲੇ ਪੜਾਅ ਦੀਆਂ 13 ਸੀਟਾਂ ਲਈ ਵੋਟਾਂ ਪੈ ਚੁੱਕੀਆਂ ਹਨ। ਅਗਲੇ ਪੜਾਅ ਦੀਆਂ ਵੋਟਾਂ 7 ਦਸੰਬਰ ਨੂੰ ਪੈਣਗੀਆਂ। ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਚੋਣ ਰੈਲੀਆਂ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਮੁੜ ਭਾਜਪਾ ਰਾਜ ਦੀ ਬਹਾਲੀ ਲਈ ਜੀਅ-ਜਾਨ ਨਾਲ ਜੁਟੇ ਹੋਏ ਹਨ। ਚੋਣਾਂ ਦੇ ਇਸ ਕੰਨ ਪਾੜਵੇਂ ਰੌਲੇ ਵਿੱਚ ਇੱਕ ਖ਼ਬਰ ਦਮ ਤੋੜ ਗਈ ਹੈ।
ਬੀਤੀ 6 ਨਵੰਬਰ ਨੂੰ ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਦੀ ਰਹਿਣ ਵਾਲੀ ਸਵਿਤਰੀ ਦੇਵੀ ਦੀ ਭੁੱਖੇ ਰਹਿਣ ਕਾਰਨ ਮੌਤ ਹੋ ਗਈ ਸੀ। ਇਸ ਰਾਜ ਵਿੱਚ 2016 ਤੋਂ 2019 ਤੱਕ ਭੁੱਖ ਨਾਲ 22 ਮੌਤਾਂ ਹੋ ਚੁੱਕੀਆਂ ਸਨ। ਸੂਬੇ ਵਿੱਚ ਭੁੱਖ ਦੁੱਖੋਂ ਤੜਫ-ਤੜਫ ਜਾਨ ਗੁਆ ਲੈਣ ਵਾਲੀ ਸਵਿਤਰੀ 23ਵੀਂ ਬਦਨਸੀਬ ਸੀ।
ਸਵਿਤਰੀ ਦਾ ਪਤੀ ਰਾਮੇਸ਼ਵਰ ਤੁਰੀ ਇੱਕ ਦਿਹਾੜੀਦਾਰ ਮਜ਼ਦੂਰ ਹੈ। ਉਸ ਨੇ ਇੱਕ ਫਾਇਨਾਂਸ ਕੰਪਨੀ ਤੋਂ ਘਰ ਦੀਆਂ ਲੋੜਾਂ ਲਈ 25 ਹਜ਼ਾਰ ਕਰਜ਼ਾ ਲਿਆ ਸੀ। ਇਸ ਲਈ ਦੋਹਾਂ ਪਤੀ-ਪਤਨੀ ਨੂੰ ਹਰ ਮਹੀਨੇ 1470 ਰੁਪਏ ਕਿਸ਼ਤ ਦੇਣੀ ਪੈਂਦੀ ਸੀ। ਰਾਮੇਸ਼ਵਰ ਨੂੰ ਜੋ ਦਿਹਾੜੀ ਮਿਲਦੀ ਸੀ, ਉਹ ਕਿਸ਼ਤ ਮੋੜਨ ਉੱਤੇ ਖ਼ਰਚ ਹੋ ਜਾਂਦੀ ਸੀ। ਸਵਿਤਰੀ ਦੀ ਨੂੰਹ ਰਿੰਕੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਰਾਸ਼ਨ ਕਾਰਡ ਲਈ ਦਰਖਾਸਤ ਦਿੱਤੀ ਸੀ, ਪਰ 15 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਰਾਸ਼ਨ ਕਾਰਡ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਨੂੰ ਹਰ ਮਹੀਨੇ ਮਿਲਣ ਵਾਲਾ 35 ਕਿਲੋ ਰਾਸ਼ਨ ਨਹੀਂ ਮਿਲਦਾ ਸੀ। ਉਨ੍ਹਾਂ ਤੋਂ ਰਾਸ਼ਨ ਕਾਰਡ ਬਣਾਉਣ ਲਈ 2 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ, ਜੋ ਉਹ ਦੇ ਨਹੀਂ ਸਨ ਸਕਦੇ। ਪਰਵਾਰ ਨੂੰ 15 ਮਹੀਨਿਆਂ ਬਾਅਦ ਵੀ ਕਾਰਡ ਨਾ ਮਿਲਣਾ ਰਾਈਟ ਟੂ ਸਰਵਿਸ ਐਕਟ ਦੀ ਸਰਾਸਰ ਉਲੰਘਣਾ ਹੈ, ਪਰ ਭ੍ਰਿਸ਼ਟ ਅਧਿਕਾਰੀਆਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।
ਰਾਮੇਸ਼ਵਰ ਤੇ ਸਵਿਤਰੀ ਨੂੰ ਕੋਈ ਨਰੇਗਾ ਕਾਰਡ ਨਹੀਂ ਮਿਲਿਆ ਸੀ, ਪਰ ਜਦੋਂ ਇਸ ਸੰਬੰਧੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਰਾਮੇਸ਼ਵਰ ਨੇ 2011 ਤੱਕ ਅਤੇ ਸਵਿਤਰੀ ਨੇ 2017 ਤੱਕ ਨਰੇਗਾ ਅਧੀਨ ਕੰਮ ਕੀਤਾ, ਪਰ ਸੱਚ ਇਹ ਹੈ ਕਿ ਉਨ੍ਹਾਂ ਦੋਹਾਂ ਪਾਸ ਕੋਈ ਜੌਬ ਕਾਰਡ ਨਹੀਂ ਸੀ। ਇਸ ਦਾ ਸਿੱਧਾ ਮਤਲਬ ਹੈ ਕਿ ਉਨ੍ਹਾਂ ਦੇ ਨਾਂਅ ਉੱਤੇ ਪੈਸੇ ਖਾਧੇ ਗਏ ਸਨ।
ਸਵਿਤਰੀ ਦੀ ਨੂੰਹ ਰਿੰਕੀ ਮੁਤਾਬਕ ਘਰ ਵਿੱਚ ਕਈ ਦਿਨਾਂ ਤੋਂ ਚਾਵਲ ਨਹੀਂ ਸਨ, ਇਸ ਲਈ ਖਾਣਾ ਨਹੀਂ ਸੀ ਬਣ ਰਿਹਾ, ਪਰ ਪ੍ਰਸ਼ਾਸਨ ਸਵਿਤਰੀ ਦੀ ਮੌਤ ਨੂੰ ਭੁੱਖ ਨਾਲ ਹੋਈ ਮੌਤ ਨਹੀਂ ਮੰਨ ਰਿਹਾ। ਪ੍ਰਸ਼ਾਸਨ ਨੇ ਸਵਿਤਰੀ ਦੇਵੀ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਿਨਾਂ ਹੀ ਉਸ ਦਾ ਦਾਹ ਸੰਸਕਾਰ ਕਰ ਦਿੱਤਾ ਤਾਂ ਜੋ ਮੌਤ ਦੀ ਅਸਲੀ ਵਜ੍ਹਾ ਨੂੰ ਲੁਕੋਇਆ ਜਾ ਸਕੇ। ਇਸ ਦੌਰਾਨ ਸਵਿਤਰੀ ਦੀ ਦੂਜੀ ਨੂੰਹ ਕੁੰਤੀ ਦੇਵੀ ਨੇ 2000 ਰੁਪਏ ਦੇ ਕੇ ਆਪਣਾ ਰਾਸ਼ਨ ਕਾਰਡ ਬਣਵਾ ਲਿਆ ਹੈ ਤਾਂ ਜੋ ਉਸ ਦਾ ਪਰਵਾਰ ਘੱਟੋ-ਘੱਟ ਭੁੱਖ ਨਾਲ ਨਾ ਮਰੇ।
ਇੱਕ ਪਾਸੇ ਸਾਡੇ ਹਾਕਮ ਦੇਸ਼ ਦੀ ਆਰਥਿਕਤਾ ਨੂੰ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣ ਦੇ ਦਮਗਜੇ ਮਾਰ ਰਹੇ ਹਨ, ਦੂਜੇ ਪਾਸੇ ਗਰੀਬੀ ਨਾਲ ਜੂਝ ਰਹੇ ਹੇਠਲੇ ਤਬਕੇ ਦੇ ਲੋਕ ਭੁੱਖ ਦੁੱਖੋਂ ਮਰ ਰਹੇ ਹਨ। ਇਹ ਸਥਿਤੀ ਬੇਹੱਦ ਖ਼ਤਰਨਾਕ ਵੀ ਹੈ ਤੇ ਸ਼ਰਮਿੰਦਾ ਹੋਣ ਵਾਲੀ ਵੀ।

72 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper