Latest News
ਖਿਤਾਬ ਮੈਸੀ ਨੇ ਜਿੱਤਿਆ, ਮੇਲਾ ਮੁੰਡਾ ਲੁੱਟ ਕੇ ਲੈ ਗਿਆ

Published on 03 Dec, 2019 11:29 AM.


ਪੈਰਿਸ : ਸਪੇਨ ਦੀ ਬਾਰਸੀਲੋਨਾ ਕਲੱਬ ਦੇ ਸਟਾਰ ਖਿਡਾਰੀ ਅਰਜਨਟੀਨਾ ਦੇ ਲਿਓਨੇਲ ਮੈਸੀ ਦੇ ਨਾਂਅ ਇਕ ਹੋਰ ਰਿਕਾਰਡ ਜੁੜ ਗਿਆ ਹੈ। ਉਹ ਸਭ ਤੋਂ ਵੱਧ ਛੇ ਵਾਰ ਫੁਟਬਾਲ ਦਾ ਵਕਾਰੀ ਪੁਰਸਕਾਰ 'ਬੇਲੋਨ ਡੀਓਰ' ਜਿੱਤਣ ਵਾਲਾ ਬਣ ਗਿਆ ਹੈ।
ਪੈਰਿਸ ਵਿਚ ਹੋਏ ਪੁਰਸਕਾਰ ਸਮਾਰੋਹ ਵਿਚ ਮਹਿਲਾਵਾਂ ਵਿਚੋਂ ਸਰਬੋਤਮ ਫੁਟਬਾਲਰ ਅਮਰੀਕਾ ਦੀ ਮੈਗਨ ਰੈਪੀਨੋ ਚੁਣੀ ਗਈ। ਮੈਗਨ ਨੇ ਦੂਜੀ ਵਾਰ ਇਹ ਪੁਰਸਕਾਰ ਜਿੱਤਿਆ ਹੈ। ਮਰਦਾਂ ਦੇ ਵਰਗ ਵਿਚ ਹਾਲੈਂਡ ਦਾ ਵਰਜਿਲ ਵੌਨ ਜਿਕ ਦੂਜੇ ਤੇ ਪੁਰਤਗਾਲ ਦਾ ਕ੍ਰਿਸਟੀਆਨੋ ਰੋਨਾਲਡੋ ਤੀਜੇ ਸਥਾਨ 'ਤੇ ਰਹੇ।
ਪੁਰਸਕਾਰ ਭਾਵੇਂ ਮੈਸੀ ਨੂੰ ਮਿਲਿਆ, ਪਰ ਮੇਲਾ ਉਸ ਦਾ ਬੇਟਾ ਮਾਤਿਓ ਲੁੱਟ ਕੇ ਲੈ ਗਿਆ। ਮੈਸੀ ਦਾ ਨਾਂਅ ਐਲਾਨੇ ਜਾਣ ਤੋਂ ਬਾਅਦ ਮਾਤਿਓ ਆਪਣੀ ਖੁਸ਼ੀ 'ਤੇ ਕਾਬੂ ਨਹੀਂ ਪਾ ਸਕਿਆ ਤੇ ਸੀਟ 'ਤੇ ਹੀ ਕੁੱਦਣ 'ਤੇ ਹੱਸਣ ਲੱਗ ਪਿਆ। ਸਮਾਰੋਹ ਵਿਚ ਮੈਸੀ ਪਤਨੀ ਐਨਤੋਨੇਲਾ ਰੋਕੂਜ਼ੋ ਅਤੇ ਦੋ ਬੇਟਿਆਂ ਨਾਲ ਪਹੁੰਚਿਆ ਸੀ। ਮਾਤਿਓ ਮੈਸੀ ਦੇ ਪ੍ਰਸੰਸਕਾਂ ਵਿਚ ਕਾਫੀ ਮਸ਼ਹੂਰ ਹੈ। ਇਕ ਇੰਟਰਵਿਊ ਵਿਚ ਮੈਸੀ ਨੇ ਕਿਹਾ ਸੀ ਕਿ ਮਾਤਿਓ ਘਰ ਵਿਚ ਵੱਡੇ ਭਰਾ ਥਿਆਗੋ ਨੂੰ ਖਿਝਾਉਣ ਲਈ ਰਿਆਲ ਮੈਡਰਿਡ ਕਲੱਬ ਨਾਲ ਜੁੜ ਜਾਂਦਾ ਹੈ। ਮੈਸੀ ਮੁਤਾਬਕ ''ਇਕ ਵਾਰ ਅਸੀਂ ਘਰ ਵਿਚ ਖੇਡ ਰਹੇ ਸੀ ਤਾਂ ਮਾਤਿਓ ਨੇ ਮੈਨੂੰ ਕਿਹਾ ਕਿ ਮੈਂ ਲਿਵਰਪੂਲ ਦਾ ਖਿਡਾਰੀ ਹਾਂ, ਜਿਸ ਨੇ ਤੁਹਾਨੂੰ ਹਰਾਇਆ ਸੀ।''
ਫਰਾਂਸ ਦੇ ਰਸਾਲੇ ਵੱਲੋਂ ਦਿੱਤਾ ਜਾਂਦਾ ਇਹ ਪੁਰਸਕਾਰ ਮੈਸੀ ਨੇ ਚਾਰ ਸਾਲ ਬਾਅਦ ਜਿੱਤਿਆ ਹੈ। ਇਸਤੋਂ ਪਹਿਲਾਂ ਉਹ ਤੇ ਰੋਨਾਲਡੋ ਪੰਜ-ਪੰਜ ਵਾਰ ਜਿੱਤ ਕੇ ਬਰਾਬਰੀ 'ਤੇ ਸਨ। ਪਿਛਲੇ ਸਾਲ ਕ੍ਰੋਏਸ਼ੀਆਈ ਫੁਟਬਾਲ ਟੀਮ ਦੇ ਕਪਤਾਨ ਲੁਕਾ ਮੋਡ੍ਰਿਚ ਨੇ ਜਿੱਤਿਆ ਸੀ। ਮੈਸੀ ਪਿਛਲੇ ਸਾਲ ਪਹਿਲੇ ਤਿੰਨ ਖਿਡਾਰੀਆਂ ਵਿਚ ਥਾਂ ਬਣਾਉਣ ਵਿਚ ਨਾਕਾਮ ਰਿਹਾ ਸੀ।
ਪੁਰਸਕਾਰ ਮਿਲਣ ਤੋਂ ਬਾਅਦ ਮੈਸੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ, ''ਜਦ ਪਹਿਲੀ ਵਾਰ ਮੈਨੂੰ ਇਹ ਪੁਰਸਕਾਰ ਮਿਲਿਆ ਸੀ, ਉਦੋਂ ਮੈਂ 22 ਸਾਲ ਦਾ ਸੀ। ਇਹ ਕਰੀਬ 10 ਸਾਲ ਪੁਰਾਣੀ ਗੱਲ ਹੈ। ਅਜੇ ਮੈਂ ਕੁਝ ਸਾਲ ਹੋਰ ਖੇਡਣਾ ਹੈ। ਮੈਂ ਇਸ ਵੇਲੇ ਖੂਬ ਲੁਤਫ ਉਠਾ ਰਿਹਾ ਹਾਂ।'' ਰੈਪੀਨੇ ਨੇ ਆਪਣੇ ਕੋਚ, ਸਾਥੀਆਂ ਤੇ ਅਮਰੀਕੀ ਫੁਟਬਾਲ ਫੈਡਰੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਉਹ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕੀ।

89 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper