ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਵਿੱਚ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਦੋ ਫਸਵੇਂ ਮੈਚਾਂ ਵਿਚ ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 36 ਦੇ ਮੁਕਾਬਲੇ 54 ਅੰਕਾਂ ਨਾਲ ਹਰਾ ਕੇ ਕੱਪ ਵਿਚ ਆਪਣੀ ਧਾਕ ਜਮਾਈ, ਜਦਕਿ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਈ ਟੱਕਰ ਵਿਚ ਕੈਨੇਡਾ ਨੇ ਇਕਪਾਸੜ ਮੈਚ 'ਚ ਅਮਰੀਕਾ ਦੀ ਟੀਮ ਨੂੰ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।
ਮੁੱਖ ਮਹਿਮਾਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਆਸ਼ੀਰਵਾਦ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕਰਵਾਇਆ ਜਾ ਰਿਹਾ ਇਹ ਅੰਤਰਰਾਸ਼ਟਰੀ ਕਬੱਡੀ ਕੱਪ ਜਿੱਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮੋਟ ਕਰ ਰਿਹਾ ਹੈ, ਉਥੇ ਸਾਡੇ ਬੱਚਿਆਂ ਵਿਚ ਇਸ ਦਾ ਪਿਆਰ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਪੰਜਾਬ ਵਿਚ ਸਿੱਖਿਆ, ਸਿਹਤ, ਖੇਡਾਂ, ਖੇਤੀ, ਉਦਯੋਗ ਆਦਿ ਹਰੇਕ ਖੇਤਰ ਵੱਲ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਇਹ ਵਿਸ਼ਵ ਕਬੱਡੀ ਕੱਪ ਵੀ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਉਨਤ ਕਰਨ ਵਿਚ ਵੱਡਾ ਯੋਗਦਾਨ ਪਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਖੇਡਾਂ ਦੇ ਖੇਤਰ ਵਿਚ ਵੱਡੇ ਇਨਾਮ ਦਿੱਤੇ ਜਾ ਰਹੇ ਹਨ, ਉਥੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਵੱਡੇ ਅਹੁਦੇ ਦਿੱਤੇ ਜਾ ਰਹੇ ਹਨ, ਜੋ ਕਿ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਕਬੱਡੀ ਕੱਪ ਕਰਵਾਉਣ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ, ਉਥੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਮੈਚਾਂ ਦੀ ਸ਼ਾਨਦਾਰ ਮਹਿਮਾਨ-ਨਿਵਾਜ਼ੀ ਕਰਨ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਇਹ ਮੈਚ ਸੰਭਵ ਹੋ ਸਕੇ ਹਨ। ਉਨ੍ਹਾਂ ਮੈਚ ਜਿੱਤਣ ਲਈ ਭਾਰਤ ਦੀ ਟੀਮ ਨੂੰ ਵਿਸ਼ੇਸ਼ ਤੌਰ ਉਤੇ ਵਧਾਈ ਦਿੱਤੀ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਬੱਡੀ ਦੇ ਇਸ ਮਹਾਨ ਕੁੰਭ ਲਈ ਖੇਡ ਵਿਭਾਗ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕਿ ਅਜਿਹੇ ਕਬੱਡੀ ਕੱਪ ਪੰਜਾਬ ਵਿਚ ਖੇਡ ਸੱਭਿਆਚਾਰ ਸਿਰਜਣ ਵਿਚ ਸਹਾਈ ਹੁੰਦੇ ਹਨ, ਜਿਸ ਦੀ ਅੱਜ ਦੇ ਦਿਨ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਜੋ ਕਿ ਘਰਾਂ ਦੇ ਚੌਗਿਰਦਿਆਂ, ਕੰਪਿਊਟਰ ਤੇ ਮੋਬਾਈਲ ਖੇਡਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ, ਨੂੰ ਖੇਡ ਮੈਦਾਨਾਂ ਤੱਕ ਲਿਆਉਣ ਦੀ ਵੱਡੀ ਲੋੜ ਹੈ ਅਤੇ ਆਸ ਹੈ ਕਿ ਇਨ੍ਹਾਂ ਯਤਨਾਂ ਨਾਲ ਪੰਜਾਬ ਵਿਚ ਖੇਡ ਸੱਭਿਆਚਾਰ ਮੁੜ ਪਰਤੇਗਾ। ਪਹਿਲਾ ਮੈਚ ਜੋ ਕਿ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਵਿਚ ਵਿਨੈ ਖੱਤਰੀ ਨੇ 10, ਮੱਲ ਸਿੰਘ ਨੇ 9, ਨਵਜੋਤ ਜੋਤਾ ਨੇ 9, ਜਗਮੋਹਨ ਮੱਖੀ ਨੇ 7 ਅਤੇ ਕੰਵਲਜੀਤ ਨੇ 5 ਅੰਕ ਧਾਵੀ ਵਜੋਂ ਖੇਡਦੇ ਹੋਏ ਪ੍ਰਾਪਤ ਕੀਤੇ, ਜਦਕਿ ਇੰਗਲੈਂਡ ਦੀ ਟੀਮ ਦੇ ਧਾਵੀਆਂ ਗੁਰਦੀਪ ਸਿੰਘ ਦੀਪਾ ਨੇ 10, ਰਣਜੀਤ ਸਿੰਘ ਨੇ 8 ਅਤੇ ਗੁਰਚੇਤਨ ਨੇ 7 ਅੰਕ ਪ੍ਰਾਪਤ ਕੀਤੇ।