ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਲੋਕ ਸਭਾ ਵਿਚ ਸਾਫ ਕੀਤਾ ਕਿ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬੱਬਰ ਖਾਲਸਾ ਦੇ ਦਹਿਸ਼ਤਗਰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਨਹੀਂ ਬਦਲਿਆ ਗਿਆ ਹੈ। ਉਨ੍ਹਾ ਇਹ ਗੱਲ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਸਵਾਲਾਂ ਦੇ ਸਮੇਂ ਦੌਰਾਨ ਕੀਤੇ ਗਏ ਸਵਾਲ ਦੇ ਜਵਾਬ 'ਚ ਦੱਸੀ।
ਸੰਸਦ ਦੇ ਦੋਹਾਂ ਸਦਨਾਂ ਵਿਚ ਸੋਮਵਾਰ ਹੋਈ ਬਹਿਸ ਦੇ ਹਵਾਲੇ ਨਾਲ ਬਿੱਟੂ ਨੇ ਗ੍ਰਹਿ ਮੰਤਰੀ ਤੋਂ ਪੁੱਛਿਆ ਸੀ ਕਿ ਤੁਸੀਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਕਿਉਂ ਬਦਲਿਆ? ਸ਼ਾਹ ਨੇ ਹਿੰਦੀ ਵਿਚ ਕਿਹਾ, ''ਕ੍ਰਿਪਾ ਕਰਕੇ ਮੀਡੀਆ ਰਿਪੋਰਟੋਂ ਪਰ ਮਤ ਜਾਈਏ। ਕੋਈ ਮਾਫੀ ਕੀ ਨਹੀਂ ਗਈ?'' ਪਿਛਲੇ ਮਹੀਨੇ ਛਪੀਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਕੇਂਦਰ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ।
52 ਸਾਲਾ ਰਾਜੋਆਣਾ ਇਸ ਵੇਲੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ। ਉਹ ਕੇਸ ਵਿਚ ਮੁੱਖ ਮੁਲਜ਼ਮ ਸੀ ਤੇ ਉਸ ਨੂੰ ਚੰਡੀਗੜ੍ਹ ਦੀ ਸਪੈਸ਼ਲ ਸੀ ਬੀ ਆਈ ਕੋਰਟ ਨੇ ਇਕ ਅਗਸਤ 2007 ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ 'ਤੇ ਗ੍ਰਹਿ ਮੰਤਰਾਲੇ ਨੇ 28 ਮਾਰਚ 2012 ਨੂੰ ਉਸ ਦੀ ਫਾਂਸੀ 'ਤੇ ਰੋਕ ਲਾ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਤੰਬਰ ਵਿਚ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਸੀ। ਉਸ ਤੋਂ ਇਲਾਵਾ 8 ਹੋਰਾਂ ਦੀ ਸਜ਼ਾ ਵੀ ਮੁਆਫ ਕਰ ਦਿੱਤੀ ਸੀ।
31 ਅਗਸਤ 1995 ਨੂੰ ਚੰਡੀਗੜ੍ਹ ਵਿਚ ਸਿਵਲ ਸਕੱਤਰੇਤ ਦੇ ਬਾਹਰ ਕੀਤੇ ਗਏ ਧਮਾਕੇ ਵਿਚ ਬੇਅੰਤ ਸਿੰਘ ਤੇ 16 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਪੰਜਾਬ ਪੁਲਸ ਦੇ ਦਿਲਾਵਰ ਸਿੰਘ ਨੇ ਮਾਨਵ ਬੰਬ ਬਣ ਕੇ ਇਹ ਧਮਾਕਾ ਕੀਤਾ ਸੀ। ਜੇ ਦਿਲਾਵਰ ਨਾਕਾਮ ਰਹਿੰਦਾ ਤਾਂ ਰਾਜੋਆਣਾ ਨੇ ਦੂਜੇ ਮਾਨਵ ਬੰਬ ਵਜੋਂ ਧਮਾਕਾ ਕਰਨਾ ਸੀ।