Latest News
ਕਾਮਰੇਡ ਅਣਖੀ ਦੀ 28ਵੀਂ ਬਰਸੀ ਅੱਜ

Published on 05 Dec, 2019 11:11 AM.


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ (ਰਜਿ: 41) ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ, ਜੋ 15 ਅਗਸਤ 1991 ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰੇਕ ਸਾਲ ਦੀ ਤਰ੍ਹਾਂ ਸ਼ੁੱਕਰਵਾਰ ਪਟਿਆਲਾ ਵਿਖੇ 28ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਵਿੱਚ ਸਮੁੱਚੇ ਪੰਜਾਬ ਤੋਂ ਅਣਖੀ ਜੀ ਦੀ ਸੋਚ ਨੂੰ ਪ੍ਰਣਾਏ ਹੋਏ ਬਿਜਲੀ ਕਾਮੇ ਆਪਣੇ ਮਹਿਬੂਬ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਟਿਆਲਾ ਪਹੁੰਚਣਗੇ। ਇਸ ਸੰਬੰਧੀ ਜਥੇਬੰਦੀ ਦੇ ਸੂਬਾ ਉਪ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ 28ਵੇਂ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸਮੇਂ ਸਵੇਰੇ 11-30 ਵਜੇ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਕਰਨਗੇ। ਉਪਰੰਤ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਮੋਹਨ ਸ਼ਰਮਾ , ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ , ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਏਟਕ ਪੰਜਾਬ ਦੇ ਸਕੱਤਰ ਸੁਖਦੇਵ ਸ਼ਰਮਾ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਜਥੇਬੰਦੀ ਦੇ ਸੂਬਾਈ ਅਹੁਦੇਦਾਰ ਅਣਖੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰਨਗੇ। ਇਸ ਮੌਕੇ ਜਥੇਬੰਦੀ ਦੀ ਮਾਸਿਕ ਪੱਤ੍ਰਿਕਾ 'ਬਿਜਲੀ ਉਜਾਲਾ' ਦਾ ਵਿਸ਼ੇਸ਼ ਅੰਕ ਜਾਰੀ ਕਰਨ ਤੋਂ ਇਲਾਵਾ ਸਾਲ 2020 ਦੀ ਡਾਇਰੀ ਵੀ ਰਿਲੀਜ ਕੀਤੀ ਜਾਵੇਗੀ। ਇਸ ਮੌਕੇ ਤੇ ਹਰੇਕ ਸਾਲ ਦੀ ਤਰਾਂ ਜਥੇਬੰਦੀ ਦੇ ਵਿਛੋੜਾ ਦੇ ਚੁੱਕੇ ਸੂਬਾਈ ਆਗੂਆਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ। 28ਵੀਂ ਬਰਸੀ ਸਮੇਂ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਪਟਿਆਲਾ ਸਰਕਲ ਵੱਲੋਂ ਕੀਤਾ ਜਾਵੇਗਾ।
ਸਮਾਪਤੀ ਉਪਰੰਤ ਸੁਸ਼ੀਲ ਪੇਲੈਸ ਵਿੱਚ ਜਥੇਬੰਦੀ ਦਾ ਸੂਬਾਈ ਡੈਲੀਗੇਟ ਅਜਲਾਸ ਸ਼ੁਰੂ ਹੋਵੇਗਾ। ਦੋ ਦਿਨ ਚੱਲਣ ਵਾਲੇ ਡੈਲੀਗੇਟ ਅਜਲਾਸ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਵੱਲੋਂ ਪੇਸ਼ ਕੀਤੀ ਰਿਪੋਰਟ 'ਤੇ ਬਹਿਸ ਕਰਨ ਉਪਰੰਤ ਅਗਲੇ ਦੋ ਸਾਲਾਂ ਲਈ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ।

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper