Latest News
ਕੈਪਟਨ ਵੱਲੋਂ ਉਦਯੋਗ ਤੇ ਨਿਵੇਸ਼ਕਾਰਾਂ ਲਈ ਪੰਜਾਬ 'ਚ ਸੁਰੱਖਿਅਤ ਤੇ ਸਥਿਰ ਮਾਹੌਲ ਦਾ ਵਾਅਦਾ

Published on 05 Dec, 2019 11:17 AM.


ਐੱਸ ਏ ਐੱਸ ਨਗਰ (ਮੋਹਾਲੀ)
(ਗੁਰਜੀਤ ਬਿੱਲਾ)
ਨਿਵੇਸ਼ ਅਤੇ ਵਿਕਾਸ ਲਈ ਉਦਯੋਗ ਨੂੰ ਸੁਰੱਖਿਅਤ ਤੇ ਸਥਿਰ ਮਾਹੌਲ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਪਾਕਿਸਤਾਨ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਸੂਬੇ ਨੂੰ ਅਸਥਿਰ ਕਰਨ ਦੀ ਕਿਸੇ ਵੀ ਕੋਸ਼ਿਸ਼ ਕੀਤੇ ਜਾਣ ਵਿਰੁੱਧ ਸਖ਼ਤ ਤਾੜਨਾ ਕੀਤੀ ਹੈ। ਉਦਯੋਗ ਨੂੰ ਵਿਕਾਸ ਲਈ ਬਹੁਤ ਹੀ ਸੁਖਾਵਾਂ ਮਾਹੌਲ ਪ੍ਰਦਾਨ ਕਰਦੇ ਪੰਜਾਬ ਦੇ ਸ਼ਾਂਤਮਈ ਹਾਲਾਤ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗੁਆਂਢੀ ਮੁਲਕ ਅਤੇ ਕਿਸੇ ਵੀ ਗੈਂਗਸਟਰ ਜਾਂ ਗੁੰਡਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, 'ਸੁਧਰ ਜਾਓ ਜਾਂ ਫਿਰ ਨਤੀਜੇ ਭੁਗਤਨ ਲਈ ਤਿਆਰ ਰਹੋ।'
'ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019' ਦੇ ਪਹਿਲੇ ਦਿਨ ਮੁੱਖ ਸੈਸ਼ਨ ਦੌਰਾਨ ਵਿਚਾਰ-ਚਰਚਾ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾ ਪੰਜਾਬ ਪੁਲਸ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਖ਼ਤਰੇ ਨਾਲ ਕਰੜੇ ਹੱਥੀਂ ਨਿਪਟਿਆ ਜਾਵੇ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੀਆਂ ਹਾਲ ਹੀ ਵਿੱਚ ਕੀਤੀਆਂ ਕੋਸ਼ਿਸ਼ਾਂ ਬਾਰੇ ਕੈਪਟਨ ਨੇ ਕਿਹਾ ਕਿ ਪੰਜਾਬ ਪੁਲਸ ਨੇ ਇਨ੍ਹਾਂ ਮਨਸੂਬਿਆਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਆਈ ਐੱਸ ਆਈ ਦੀ ਸ਼ਹਿ ਨਾਲ ਸੂਬੇ ਵਿੱਚ ਵੱਖ-ਵੱਖ ਗਰੁੱਪਾਂ ਦੀ ਘੁਸਪੈਠ ਦੀਆਂ ਪਾਕਿਸਤਾਨ ਫੌਜ ਦੀਆਂ ਕੋਸ਼ਿਸ਼ਾਂ ਨੂੰ ਵੀ ਪੁਲਸ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ, 'ਪਾਕਿਸਤਾਨ ਦੀਆਂ ਆਪਣੀਆਂ ਸਮੱਸਿਆਵਾਂ ਹਨ, ਪਰ ਇਨ੍ਹਾਂ ਸਮੱਸਿਆਵਾਂ ਨੂੰ ਮੈਂ ਆਪਣੀਆਂ ਸਮੱਸਿਆਵਾਂ ਨਹੀਂ ਬਣਨ ਦੇਵਾਂਗਾ। ' ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਪੁਲਸ ਨੇ 28 ਅੱਤਵਾਦੀ ਗਰੋਹਾਂ ਦਾ ਪਰਦਾ ਫਾਸ਼ ਕੀਤਾ ਅਤੇ ਆਈ ਐੱਸ ਆਈ ਦੀ ਸ਼ਹਿ ਪ੍ਰਾਪਤ 100 ਤੋਂ ਵੱਧ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਹਨਾ ਕਿਹਾ ਕਿ ਉਨ੍ਹਾ ਦਾ ਮੰਨਣਾ ਹੈ ਕਿ ਇਮਰਾਨ ਖਾਨ ਸ਼ਾਂਤੀ ਚਾਹੁੰਦੇ ਹਨ, ਪਰ ਸ੍ਰੀ ਖਾਨ ਵੱਲੋਂ ਸ਼ਾਂਤੀ ਲਈ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਵਿੱਚ ਪਾਕਿਸਤਾਨੀ ਫੌਜ ਰੋੜੇ ਅਟਕਾ ਦਿੰਦੀ ਹੈ, ਕਿਉਂਕਿ ਫੌਜ ਆਪਣੀ ਚੌਧਰ ਕਾਇਮ ਰੱਖਣਾ ਚਾਹੁੰਦੀ ਹੈ। ਪਾਕਿਸਤਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਆਪਣੇ ਤੌਰ-ਤਰੀਕੇ ਨਾ ਬਦਲੇ ਤਾਂ ਉਹ ਬਰਬਾਦ ਹੋ ਜਾਣਗੇ। ਜੇਕਰ ਪਾਕਿਸਤਾਨ ਨੇ ਆਪਣੇ ਲੋਕਾਂ ਦਾ ਢਿੱਡ ਭਰਨਾ ਹੈ ਅਤੇ ਆਪਣੇ ਮੁਲਕ ਨੂੰ ਬਚਾਉਣਾ ਹੈ ਤਾਂ ਪਾਕਿਸਤਾਨ ਦੀ ਫੌਜ ਨੂੰ ਮਿਲਵਰਤਣ ਤੇ ਸਹਿਯੋਗ ਦਾ ਰਾਹ ਫੜਣਾ ਪਵੇਗਾ। ਗੈਂਗਸਟਰਾਂ ਨੂੰ ਵੀ ਸਖ਼ਤ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਵਾਦ ਨੂੰ ਖ਼ਤਮ ਕਰਨਾ ਉਨ੍ਹ ਦੀ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾ ਤਾੜਨਾ ਕਰਦਿਆਂ ਕਿਹਾ ਕਿ ਗੈਂਗਸਟਰ ਤੇ ਗੁੰਡੇ ਜਾਂ ਤਾਂ ਹਥਿਆਰ ਸੁੱਟ ਦੇਣ ਨਹੀਂ ਤਾਂ ਫਿਰ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਉਹਨਾ ਦੀ ਸਰਕਾਰ ਨੇ ਜਿੱਥੇ ਅਜਿਹੇ ਅਨਸਰਾਂ ਨਾਲ ਕਰੜੇ ਹੱਥੀਂ ਨਿਪਟਿਆ, ਉੱਥੇ ਟਰੱਕ ਯੂਨੀਅਨਾਂ ਦਾ ਵੀ ਖਾਤਮਾ ਕਰ ਦਿੱਤਾ, ਤਾਂ ਕਿ ਉਦਯੋਗਿਕ ਗਤੀਵਿਧੀਆਂ ਲਈ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਕੈਪਟਨ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਔਰਤਾਂ ਉਦਯੋਗਾਂ ਵਿੱਚ ਨੌਕਰੀਆਂ ਖਾਸਕਰ ਰਾਤ ਦੇ ਸਮੇਂ ਦੀਆਂ ਸ਼ਿਫਟਾਂ ਦੌਰਾਨ ਵੀ ਕੰਮ ਕਰ ਸਕਣ। ਉਨ੍ਹਾ ਕਿਹਾ ਕਿ ਕੋਈ ਵੀ ਔਰਤ ਨਾ ਸਿਰਫ਼ ਰਾਤ ਵੇਲੇ ਸੁਰੱਖਿਅਤ ਘਰ ਪਹੁੰਚਣ ਲਈ ਪੁਲਸ ਨੂੰ ਬੁਲਾ ਸਕਦੀ ਹੈ, ਸਗੋਂ ਜੇਕਰ ਉਹ ਦਿਨ ਵੇਲੇ ਵੀ ਕਿਸੇ ਤਰ੍ਹਾਂ ਦੀ ਅਸੁਰੱਖਿਆ ਜਾਂ ਖ਼ਤਰਾ ਮਹਿਸੂਸ ਕਰਦੀ ਹੈ ਤਾਂ ਉਹ ਦਿਨ ਵੇਲੇ ਵੀ ਪੁਲਸ ਦੀ ਸਹਾਇਤਾ ਲੈ ਸਕਦੀ ਹੈ।
ਸੂਬੇ ਦੀ ਤਰੱਕੀ ਲਈ ਉਦਯੋਗਿਕ ਵਿਕਾਸ ਨੂੰ ਮਹੱਤਵਪੂਰਨ ਸੈਕਟਰ ਦੱਸਦਿਆਂ ਉਦਯੋਗ ਦੀ ਸਹੂਲਤ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਨਅਤ ਅਤੇ ਨਿਵੇਸ਼ਕਾਂ ਨੂੰ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ 'ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ, ਤਾਂ ਕਿ ਪੰਜਾਬ ਨਿਵੇਸ਼ ਪੱਖੋਂ ਤਰਜੀਹੀ ਟਿਕਾਣੇ ਵਜੋਂ ਉਭਰੇ। ਉਨ੍ਹਾ ਕਿਹਾ ਕਿ ਸਾਲ 2017 ਵਿੱਚ ਲਿਆਂਦੀ ਉਦਯੋਗਿਕ ਨੀਤੀ ਨੇ ਉਸ ਤੋਂ ਪਹਿਲਾਂ ਦੀ ਨੀਤੀ ਵਿਚਲੀਆਂ ਕਈ ਕਮਜ਼ੋਰੀਆਂ ਨੂੰ ਦੂਰ ਕੀਤਾ। ਉਨ੍ਹਾ ਕਿਹਾ ਕਿ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਿੰਗਲ ਵਿੰਡੋ ਕਲੀਅਰੈਂਸ, ਆਨ ਲਾਈਨ ਅਰਜ਼ੀਆਂ ਤੇ ਪ੍ਰਵਾਨਗੀਆਂ, ਉਦਯੋਗਾਂ ਲਈ ਬਿਜਲੀ 'ਤੇ ਸਬਸਿਡੀ, ਵਪਾਰ ਤੇ ਸਨਅਤ ਨਾਲ ਸੰਬੰਧਤ ਮੁੱਖ ਕਾਨੂੰਨਾਂ ਵਿੱਚ ਸੋਧ ਦੇ ਨਾਲ-ਨਾਲ ਜਲ ਨੇਮਬੰਦੀ ਵਰਗੀਆਂ ਸਹੂਲਤਾਂ ਨਿਵੇਸ਼ਕਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਅਨਾਜ ਦੇ ਵਾਧੂ ਉਤਪਾਦਨ ਨਾਲ ਪੰਜਾਬ ਲਈ ਖੇਤੀਬਾੜੀ ਹੁਣ ਹੰਢਣਸਾਰ ਨਾ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਲੋਕਾਂ ਨੂੰ ਖੇਤੀਬਾੜੀ ਤੋਂ ਉਦਯੋਗ ਵੱਲ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਸਨਅਤੀ ਸੈਕਟਰ ਰੁਜ਼ਗਾਰ ਦੇ ਸਹੀ ਮੌਕੇ ਮੁਹੱਈਆ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵੱਲ ਜਾਣ ਨੂੰ ਠੱਲ੍ਹ ਪਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਨੌਜਵਾਨਾਂ ਲਈ ਹੁਨਰ ਵਿਕਾਸ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਤਾਂ ਜੋ ਰੁਜ਼ਗਾਰ ਲਈ ਵੱਧ ਤੋਂ ਵੱਧ ਮੌਕੇ ਪੈਦਾ ਹੋ ਸਕਣ। ਪਰਾਲੀ ਸਾੜਣ ਨਾਲ ਹਵਾ ਪ੍ਰਦੂਸ਼ਣ ਹੋਣ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾ ਪਰਾਲੀ ਸਾੜਨ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕੇਂਦਰ ਸਰਕਾਰ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਵੱਖਰੇ ਤੌਰ 'ਤੇ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾ ਇਸ ਸਮੱਸਿਆ ਨੂੰ ਮੁਕਾਉਣ ਲਈ ਲੰਮੇ ਸਮੇਂ ਵਿੱਚ ਫਸਲੀ ਵਿਭਿੰਨਤਾ ਦੀ ਅਹਿਮੀਅਤ ਨੂੰ ਵੀ ਦਰਸਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਅਗਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਕੋਲ ਫਿਰ ਇਸ ਮੁੱਦੇ ਨੂੰ ਉਠਾਉਣਗੇ।
ਉਹਨਾ ਕਿਹਾ ਕਿ ਅਜਿਹਾ ਕਰਨਾ ਵੀ ਜ਼ਰੂਰੀ ਹੈ ਅਤੇ ਕਣਕ ਤੇ ਝੋਨੇ ਦੇ ਵਾਧੂ ਉਤਪਾਦਨ ਨਾਲ ਸੂਬੇ 'ਤੇ ਆਰਥਕ ਬੋਝ ਪੈ ਰਿਹਾ ਹੈ, ਕਿਉਂਕਿ ਭਾਰਤੀ ਖੁਰਾਕ ਨਿਗਮ ਵੱਲੋਂ ਸਮੇਂ ਸਿਰ ਅਨਾਜ ਚੁੱਕਿਆ ਨਹੀਂ ਜਾਂਦਾ। ਉਨ੍ਹਾ ਕਿਹਾ ਕਿ ਹੋਰ ਸੂਬਿਆਂ ਵਾਂਗ ਪੰਜਾਬ ਨੂੰ ਜੀ ਐੱਸ ਟੀ ਦਾ ਹਿੱਸਾ ਸਮੇਂ ਸਿਰ ਨਾ ਮਿਲਣ ਕਰ ਕੇ ਵਿੱਤੀ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾ ਦੇ ਸੂਬੇ ਨੂੰ ਅਗਸਤ, 2019 ਤੋਂ ਜੀ ਐੱਸ ਟੀ ਦਾ ਹਿੱਸਾ ਨਹੀਂ ਮਿਲਿਆ, ਜੋ 6000 ਕਰੋੜ ਰੁਪਏ ਬਣਦਾ ਹੈ। ਉਨ੍ਹਾ ਕਿਹਾ ਕਿ ਜੀ ਐੱਸ ਟੀ ਦੇ ਲਾਗੂ ਹੋਣ ਨਾਲ ਸੂਬਾ ਮਾਲੀਆ ਉਤਪਾਦਨ ਵਾਲੇ ਸਾਰੇ ਵਸੀਲੇ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ, ਜਿਸ ਕਾਰਨ ਸੂਬਿਆਂ ਲਈ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਸੂਬੇ ਵਿੱਚ ਨਸ਼ਿਆਂ ਤੇ ਕੈਂਸਰ ਦੀਆਂ ਸਮੱਸਿਆਵਾਂ 'ਤੇ ਨਿਵੇਸ਼ਕਾਰਾਂ ਦੀਆਂ ਚਿੰਤਾਵਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਵੱਡੇ ਕਦਮ ਚੁੱਕੇ ਹਨ ਅਤੇ ਹਜ਼ਾਰਾਂ ਤਸਕਰਾਂ ਤੇ ਸਮਗਲਰਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿੱਚ ਬੰਦ ਕੀਤਾ। ਬੇਸ਼ੱਕ ਨਸ਼ਿਆਂ ਦੇ ਕਾਰੋਬਾਰ ਵਿੱਚ ਪੈਸਾ ਹੋਣ ਕਰਕੇ ਇਹ ਸਮੱਸਿਆ ਮਿਟੇਗੀ ਨਹੀਂ, ਪਰ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਲੈ ਕੇ ਇਸ ਨੂੰ ਕਾਬੂ ਹੇਠ ਕੀਤਾ ਗਿਆ ਤੇ ਇਸ ਨਾਲ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ। ਸੂਬੇ ਵਿੱਚ ਵੱਡੀ ਗਿਣਤੀ 'ਚ ਕੈਂਸਰ ਦੇ ਮਾਮਲੇ ਹੋਣ 'ਤੇ ਚਿੰਤਾ ਜ਼ਾਹਰ ਕਰਦਿਆਂ ਉਹਨਾ ਕਿਹਾ ਕਿ ਅੰਕੜੇ ਇਹ ਸਿੱਧ ਕਰਦੇ ਹਨ ਕਿ ਬਾਕੀ ਸੂਬਿਆਂ ਨਾਲੋਂ ਇਹ ਗਿਣਤੀ ਘੱਟ ਹੈ। ਉਨ੍ਹਾ ਕਿਹਾ ਕਿ ਬੀਕਾਨੇਰ ਨੂੰ ਜਾਂਦੀ ਕੈਂਸਰ ਟਰੇਨ ਕਰਕੇ ਪੰਜਾਬ ਦੇ ਕੈਂਸਰ ਕੇਸ ਵਿਆਪਕ ਰੂਪ ਵਿੱਚ ਸਾਹਮਣੇ ਆਏ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾ ਰਹੀ ਹੈ। ਵਿਚਾਰ-ਚਰਚਾ ਦੇ ਅਖ਼ੀਰ ਵਿੱਚ ਇਸ ਸੈਸ਼ਨ ਦਾ ਸੰਚਾਲਨ ਕਰਨ ਵਾਲੇ ਐੱਨ ਡੀ ਟੀ ਵੀ ਦੇ ਕੋ-ਚੇਅਰਮੈਨ ਪ੍ਰਨੋਏ ਰਾਇ ਨੇ ਮੁੱਖ ਮੰਤਰੀ ਨੂੰ ਸੂਬੇ ਬਾਰੇ ਅਤੇ ਇਸ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੋਣ ਲਈ ਉਨ੍ਹਾ ਨੂੰ ਵਧਾਈ ਵੀ ਦਿੱਤੀ।

159 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper