Latest News
ਗਦਰੀ ਦੇਸ਼ ਭਗਤਾਂ ਦੀ ਸੋਚ ਬਰਾਬਰਤਾ ਵਾਲਾ ਸਮਾਜ ਸਿਰਜਣਾ ਸੀ : ਮਾੜੀਮੇਘਾ

Published on 06 Dec, 2019 10:36 AM.

ਸਰਹਾਲੀ/ਹਰੀਕੇ ਪੱਤਣ
(ਹਰਜੀਤ ਸਿੰਘ ਲੱਧੜ)
ਮਹਾਨ ਗ਼ਦਰੀ ਬਾਬਾ ਸੰਤ ਵਿਸਾਖਾ ਸਿੰਘ, ਬਿਸ਼ਨ ਸਿੰਘ ਪਹਿਲਵਾਨ, ਭਾਈ ਹਜ਼ਾਰਾ ਸਿੰਘ, ਭਾਈ ਵਿਸਾਖਾ ਸਿੰਘ, ਭਾਈ ਬਿਸ਼ਨ ਸਿੰਘ ਅਤੇ ਸ਼ਹੀਦ ਸਾਧੂ ਸਿੰਘ ਦੀ ਯਾਦ ਵਿੱਚ ਸੰਤ ਵਿਸਾਖਾ ਸਿੰਘ ਦੀ ਬਰਸੀ 'ਤੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਵੱਲੋਂ ਦਦੇਹਰ ਸਾਹਿਬ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਸਮਾਗਮ ਕੀਤਾ ਗਿਆ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਬਦੌਲਤ ਦੇਸ਼ ਆਜ਼ਾਦ ਹੋਇਆ ਸੀ। ਗ਼ਦਰੀਆਂ ਦੀ ਵਿਚਾਰਧਾਰਾ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਨੁੱਖੀ ਬਰਾਬਰਤਾ ਵਾਲੀ ਧਰਮ ਨਿਰਪੱਖ ਸਰਕਾਰ ਬਣਾਈ ਜਾਵੇਗੀ। ਦੇਸ਼ ਵਿੱਚੋਂ ਅਮੀਰ-ਗਰੀਬ ਦਾ ਪਾੜਾ ਖਤਮ ਹੋ ਜਾਵੇਗਾ। ਸਾਰੇ ਕੰਮ ਕਰਨਗੇ ਅਤੇ ਹਰੇਕ ਘਰ ਵਿੱਚ ਖੁਸ਼ਹਾਲੀ ਹੋਵੇਗੀ। ਵਿੱਦਿਆ ਪ੍ਰਾਪਤ ਕਰਨਾ ਸਭ ਦਾ ਹੱਕ ਹੋਵੇਗਾ। ਮਾੜੀਮੇਘਾ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਨੇ ਦੇਸ਼ ਭਗਤਾਂ ਦੀ ਸੋਚ ਨੂੰ ਵਿਸਾਰ ਦਿੱਤਾ ਹੈ। ਅੱਜ ਦੇਸ਼ ਵਿੱਚ ਅਮੀਰ-ਗਰੀਬ ਦਾ ਪਾੜਾ ਬਹੁਤ ਵਧ ਗਿਆ ਹੈ। ਸਾਰੇ ਦੇਸ਼ ਦੀ ਦੌਲਤ ਚੰਦ ਅਮੀਰ ਘਰਾਣਿਆਂ ਕੋਲ ਜਮ੍ਹਾਂ ਹੋ ਗਈ ਹੈ। ਦੂਜੇ ਪਾਸੇ ਕਰੋੜਾਂ ਲੋਕ ਗ਼ਰੀਬੀ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਨੂੰ ਰੱਜਵੀਂ ਰੋਟੀ ਵੀ ਨਸੀਬ ਨਹੀਂ ਹੈ। ਉਹ ਗਰੀਬ ਲੋਕ ਗੰਦਗੀ ਦੇ ਢੇਰਾਂ ਤੋਂ ਆਪਣਾ ਜੀਵਨ ਭਾਲ ਰਹੇ ਹਨ। ਨੌਜਵਾਨ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਪੰਜ ਸਾਲਾਂ ਵਿੱਚ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ। ਉਲਟਾ ਮੋਦੀ ਸਰਕਾਰ ਮਹਿੰਗਾਈ, ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਵਾਲੇ ਪਾਸੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਦੇਸ਼ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਘੋਲ ਰਹੀ ਹੈ ।ਜੰਮੂ-ਕਸ਼ਮੀਰ 'ਚੋਂ 370 ਧਾਰਾ ਖਤਮ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਰਾਜਾਂ ਵਿੱਚ ਵੰਡ ਦਿੱਤਾ ਗਿਆ ਹੈ, ਜੋ ਉੱਥੋਂ ਦੇ ਲੋਕਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਨੇ ਜ਼ੁਲਮ ਢਾਹਿਆ ਹੈ। ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਤਾਰਾ ਸਿੰਘ ਖਹਿਰਾ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੀ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ। ਪੰਜਾਬ ਦੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਪਰ ਸਰਕਾਰ ਘੂਕ ਨੀਂਦੇ ਸੁੱਤੀ ਪਈ ਹੈ। ਕਿਸਾਨਾਂ ਨੂੰ ਜਿਣਸਾਂ ਦੇ ਵਾਜਬ ਰੇਟ ਨਹੀਂ ਮਿਲਦੇ। ਉਨ੍ਹਾਂ ਦੀਆਂ ਫ਼ਸਲਾਂ ਭਾਵ ਸਬਜ਼ੀਆਂ ਮੰਡੀਆਂ ਵਿੱਚ ਰੁਲ ਜਾਂਦੀਆਂ ਹਨ। ਮਜ਼ਦੂਰਾਂ ਦਾ ਖੇਤਾਂ ਵਿੱਚੋਂ ਕੰਮ ਘਟ ਗਿਆ ਹੈ। ਮਜ਼ਦੂਰਾਂ ਦਾ ਕੰਮ ਮਸ਼ੀਨਾਂ ਕਰੀ ਜਾਂਦੀਆਂ ਹਨ, ਜਿਸ ਕਰਕੇ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਨੌਜਵਾਨ, ਜਿਹੜਾ ਕੰਮ ਕਰਨਯੋਗ ਹੈ, ਉਹ ਜ਼ਮੀਨ-ਜਾਇਦਾਦਾਂ ਵੇਚ ਕੇ ਵਿਦੇਸ਼ਾਂ ਨੂੰ ਦੌੜਦਾ ਜਾ ਰਿਹਾ ਹੈ ਅਤੇ ਪੰਜਾਬ ਲਗਾਤਾਰ ਪੱਛੜਦਾ ਜਾ ਰਿਹਾ ਹੈ ।ਪੰਜਾਬ ਸਰਕਾਰ ਨੇ ਰੁਜ਼ਗਾਰ 'ਤੇ ਪੂਰਨ ਪਾਬੰਦੀ ਲਾਈ ਹੋਈ ਹੈ, ਜਦੋਂ ਕਿ ਸਰਕਾਰੀ ਅਦਾਰਿਆਂ ਵਿਚ ਲੱਖਾਂ ਪੋਸਟਾਂ ਖਾਲੀ ਪਈਆਂ ਹਨ। ਸਰਕਾਰ ਡਿਗਰੀਆਂ ਪ੍ਰਾਪਤ ਨੌਜਵਾਨਾਂ ਨੂੰ ਠੇਕੇ 'ਤੇ ਭਰਤੀ ਕਰਕੇ ਨਾਮਾਤਰ ਤਨਖਾਹ ਦਿੰਦੀ ਹੈ। ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ 'ਤੇ ਤਸ਼ੱਦਦ ਕਰ ਰਹੀ ਹੈ। ਕੁੜੀਆਂ ਨੂੰ ਮਰਦ ਸਿਪਾਹੀ ਗੁੱਤਾਂ ਤੋਂ ਫੜ-ਫੜ ਕੇ ਧੂੰਹਦੇ ਹਨ। ਸੋਹਲ ਨੇ ਕਿਹਾ ਕਿ ਪੰਜਾਬ ਵਿੱਚ ਖੱਬੀਆਂ ਪਾਰਟੀਆਂ ਲੋਕ ਮਸਲਿਆਂ ਨੂੰ ਲੈ ਕੇ ਘੋਲ ਆਰੰਭਣ ਜਾ ਰਹੀਆਂ ਹਨ। ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਨੇ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀਆਂ ਹਨ। ਗੁੰਡਾ ਅਨਸਰ ਦਿਨ-ਦਿਹਾੜੇ ਔਰਤਾਂ ਦੀ ਇੱਜ਼ਤ-ਆਬਰੂ ਲੁੱਟ ਰਹੇ ਹਨ। ਸਰਕਾਰ ਬਲਾਤਕਾਰੀਆਂ ਨੂੰ ਫਾਹੇ ਲਾਉਣ ਦਾ ਕਾਨੂੰਨ ਬਣਾਵੇ। ਕਾਨਫਰੰਸ ਨੂੰ ਸੀ ਪੀ ਆਈ ਦੇ ਬਲਾਕ ਨੌਸ਼ਹਿਰਾ, ਚੋਹਲਾ ਦੇ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਜ਼ਿਲ੍ਹਾ ਮੀਤ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ, ਲੇਖ ਸਿੰਘ ਸੂਬੇਦਾਰ, ਵਰਿਆਮ ਸਿੰਘ ਫੌਜੀ, ਪਰਮਜੀਤ ਸਿੰਘ ਚੋਹਲਾ ਸਾਹਿਬ, ਦੇਵੀ ਕੁਮਾਰੀ, ਸਰਪੰਚ ਪਿਸ਼ੌਰਾ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ ਤੇ ਬਲਦੇਵ ਸਿੰਘ ਰੇਲਵੇ ਨੇ ਵੀ ਸੰਬੋਧਨ ਕੀਤਾ।

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper