Latest News
'ਸੰਵਿਧਾਨ ਬਚਾਓ, ਦੇਸ਼ ਬਚਾਓ' ਮਾਨਸਾ ਰੈਲੀ 26 ਨੂੰ : ਅਰਸ਼ੀ

Published on 07 Dec, 2019 11:56 AM.


ਬੁਢਲਾਡਾ (ਅਸ਼ੋਕ ਲਾਕੜਾ)
26 ਦਸੰਬਰ ਨੂੰ ਮਾਨਸਾ ਵਿਖੇ ਹੋ ਰਹੀ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਵਰਤਮਾਨ, ਨਾਜ਼ੁਕ, ਸਿਆਸੀ ਤੇ ਆਰਥਿਕ ਸਥਿਤੀ ਨਾਲ ਜੁੜੇ ਮੁੱਦਿਆਂ ਤੇ ਲੋਕਾਂ ਦਾ ਧਿਆਨ ਖਿੱਚਣ ਲਈ ਇਤਿਹਾਸਕ ਭੂਮਿਕਾ ਨਿਭਾਏਗੀ। ਇਹ ਸ਼ਬਦ ਹਲਕੇ ਦੇ ਸੈਂਕੜੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਹੇ। ਉਨ੍ਹਾ ਕਿਹਾ ਕਿ ਉਕਤ ਰੈਲੀ ਨੂੰ ਸੰਬੋਧਨ ਕਰਨ ਲਈ ਸੂਬਾਈ ਆਗੂਆਂ ਤੋਂ ਇਲਾਵਾ ਸੀ ਪੀ ਆਈ ਦੇ ਕੌਮੀ ਸਕੱਤਰ ਡਾਕਟਰ ਬੀ ਕੇ ਕਾਗੋ, ਨੌਜਵਾਨ ਆਗੂ ਡਾਕਟਰ ਕਨ੍ਹੱਈਆ ਕੁਮਾਰ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਉਨ੍ਹਾ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਅੰਬਾਨੀ, ਅਡਾਨੀ ਆਦਿ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਸਦਕਾ ਆਰਥਿਕ ਤਬਾਹੀ ਵੱਲ ਦੇਸ਼ ਵਧ ਰਿਹਾ ਹੈ। ਗੰਭੀਰ ਆਰਥਿਕ ਮੰਦੀ ਸਦਕਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਸਰਕਾਰ ਆਪਣੀਆਂ ਗਲਤ ਨੀਤੀਆਂ ਤੋਂ ਸਬਕ ਸਿੱਖ ਕੇ ਇਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਅੱੈਨ ਆਰ ਸੀ ਵਰਗੇ ਗੈਰ ਜ਼ਰੂਰੀ ਦੇਸ਼ ਨੂੰ ਵੰਡਣ ਵਾਲੇ ਮਾਮਲੇ ਉਭਾਰਨ ਤੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਖ਼ਤਰਨਾਕ ਸਾਜ਼ਿਸ਼ਾਂ ਰਚ ਰਹੀ ਹੈ।
ਉਨ੍ਹਾ ਕਿਹਾ ਕਿ ਪਿਆਜ਼ ਵਰਗੀ ਜ਼ਰੂਰੀ ਵਸਤੂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਉਨ੍ਹਾ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਅੰਦਰ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉਨ੍ਹਾ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਐਸ਼ਪ੍ਰਸਤੀ ਵਿੱਚ ਅਤੇ ਬਾਕੀ ਮੰਤਰੀ ਪੈਸੇ ਇਕੱਠੇ ਕਰਨ ਦੀ ਹੋੜ ਵਿੱਚ ਲੱਗੇ ਹੋਏ ਹਨ। ਕਮਿਊਨਿਸਟ ਆਗੂ ਨੇ ਸਮੁੱਚੇ ਮਾਲਵੇ ਵਿੱਚ ਸਥਿਤ ਨਹਿਰੀ ਪਾਣੀਆਂ ਵਿੱਚ ਜ਼ਹਿਰੀਲਾ ਪਾਣੀ ਮਿਲਣ ਕਰਕੇ ਲੋਕ ਵਾਟਰ ਵਰਕਸ ਰਾਹੀਂ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ ਅਤੇ ਭਿਆਨਕ ਬਿਮਾਰੀਆਂ ਦੀ ਮਹਾਂਮਾਰੀ ਵਧ ਰਹੀ ਹੈ। ਸੰਬੰਧਤ ਵਿਭਾਗ ਤੇ ਸਰਕਾਰ ਇਸ ਨੂੰ ਰੋਕਣ ਲਈ ਮੁਜਰਮਾਨਾ ਲਾਪਰਵਾਹੀ ਵਰਤਦੇ ਹਨ। ਕਾਮਰੇਡ ਅਰਸ਼ੀ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਨੇ ਸਮੁੱਚੇ ਜ਼ਿਲ੍ਹੇ ਵਿੱਚ ਇੱਕ ਲਹਿਰ ਦਾ ਰੂਪ ਧਾਰ ਲਿਆ ਹੈ। ਪਾਰਟੀ ਦੀ ਹਰ ਛੋਟੀ-ਵੱਡੀ ਇਕਾਈ ਰੈਲੀ ਵਿੱਚ ਪੁੱਜਣ ਲਈ ਪੂਰੀ ਉਤਸ਼ਾਹ ਵਿੱਚ ਹੈ। ਉਨ੍ਹਾਂ ਬੁਢਲਾਡਾ ਹਲਕੇ ਦੇ ਵਰਕਰਾਂ ਨੂੰ ਆਪਣੇ ਪੁਰਾਣੇ ਵਿਰਸੇ ਤੇ ਰਵਾਇਤਾਂ 'ਤੇ ਮਾਣ ਕਰਕੇ ਸਭ ਤੋਂ ਵੱਧ ਰੈਲੀ ਵਿੱਚ ਸ਼ਾਮਲ ਹੋਣ ਲਈ ਕੋਈ ਕਸਰ ਬਾਕੀ ਨਾ ਰੱਖਣ ਲਈ ਅਪੀਲ ਕੀਤੀ।
ਇਸ ਮੌਕੇ ਸੀ ਪੀ ਆਈ ਦੇ ਤਹਿਸੀਲ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੈਲੀ ਵਿੱਚ ਪੁੱਜਣ ਲਈ ਸਾਧਨ ਬੁੱਕ ਕਰਵਾ ਦਿੱਤੇ ਗਏ ਹਨ। ਹਲਕੇ ਵਿੱਚੋਂ ਪੰਜ ਹਜ਼ਾਰ ਤੋਂ ਵੱਧ ਲੋਕ ਰੈਲੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਕਾਮਰੇਡ ਜਗਨ ਨਾਥ, ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਰਾਇਕੇ, ਮਲਕੀਤ ਸਿੰਘ ਮੰਦਰਾਂ, ਵੇਦ ਪ੍ਰਕਾਸ਼ ਬਰੇਟਾ, ਹਰਕੇਸ਼, ਬੰਬੂ ਸਿੰਘ ਫੁਲੂਵਾਲਾ ਆਦਿ ਹਾਜ਼ਰ ਸਨ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper