Latest News
ਮਾਲੇਰਕੋਟਲਾ ਮੁਕੰਮਲ ਬੰਦ ਰਿਹਾ

Published on 13 Dec, 2019 11:23 AM.


ਮਾਲੇਰਕੋਟਲਾ (ਅਸਗਰ ਪਰਿਹਾਰ)
ਕੇਂਦਰ ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਮਾਲੇਰਕੋਟਲੇ ਦੀਆਂ ਗੈਰ-ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਮਾਲੇਰਕੋਟਲਾ ਬੰਦ ਦੇ ਦਿੱਤੇ ਗਏ ਸੱਦੇ 'ਤੇ ਮਾਲੇਰਕੋਟਲਾ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ, ਸ਼ਹਿਰ ਦੇ ਵਪਾਰਕ ਅਦਾਰੇ, ਵੱਡੀਆਂ ਫੈਕਟਰੀਆਂ, ਦੁਕਾਨਾਂ, ਸਬਜ਼ੀ ਮੰਡੀ ਜਿਥੇ ਬੰਦ ਰਹੀ, ਉਥੇ ਚੰਦ ਕੁ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਛੋਟੇ ਤੋਂ ਲੈ ਕੇ ਵੱਡੇ ਵਿਦਿਅਕ ਅਦਾਰੇ ਵੀ ਮੁਕੰਮਲ ਬੰਦ ਰਹੇ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਬੰਦ ਦੇ ਦਿੱਤੇ ਸੱਦੇ 'ਤੇ ਮਾਲੇਰਕੋਟਲਾ ਸ਼ਹਿਰ ਦਾ ਹਰੇਕ ਅਦਾਰਾ ਮੁਕੰਮਲ ਬੰਦ ਰਿਹਾ।
ਸ਼ਹਿਰ ਦੀਆਂ ਗੈਰ-ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਮੇਤ ਮੁਸਲਿਮ ਧਾਰਮਿਕ ਆਗੂਆਂ ਤੇ ਮੁਫਤੀ ਸਾਹਿਬਾਨਾਂ ਵੱਲੋਂ ਬੰਦ ਦੌਰਾਨ ਜੁੰਮੇ ਦੀ ਨਮਾਜ਼ ਤੋਂ ਬਾਅਦ ਸਥਾਨਕ ਸਰਹੰਦੀ ਗੇਟ ਵਿਖੇ ਰੱਖੇ ਗਏ ਹਜ਼ਾਰਾਂ ਦੀ ਗਿਣਤੀ ਦੇ ਵਿਸ਼ਾਲ ਗੈਰ-ਸਿਆਸੀ ਇਕੱਠ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਸਥਾਨਕ ਵਿਧਾਇਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਆਪਣੇ ਸਮਰਥਕਾਂ ਸਮੇਤ ਇਸ ਗੈਰ-ਸਿਆਸੀ ਸਟੇਜ 'ਤੇ ਆ ਪੁੱਜੀ। ਲੋਕਾਂ ਨੇ ਇਸ ਗੈਰ ਸਿਆਸੀ ਪ੍ਰੋਗਰਾਮ ਦਾ ਸਿਆਸੀਕਰਨ ਕੀਤੇ ਜਾਣ 'ਤੇ ਵਿਧਾਇਕਾ ਦੇ ਬੋਲਣ ਦੌਰਾਨ ਵਿਰੋਧ ਜਤਾਉਂਦਿਆਂ ਨਾਅਰੇਬਾਜ਼ੀ ਕੀਤੀ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਐੱਸ ਡੀ ਅੱੈਮ ਵਿਕਰਮਜੀਤ ਪਾਂਥੇ, ਤਹਿਸੀਲਦਾਰ ਬਾਦਲਦੀਨ, ਐੱਸ ਪੀ ਮਨਜੀਤ ਸਿੰਘ ਬਰਾੜ ਅਤੇ ਮੁਫਤੀ-ਏ-ਆਜ਼ਮ ਪੰਜਾਬ ਇਰਤਕਾ-ਉਲ-ਹਸਨ ਕਾਂਧਲਵੀ ਦੀ ਹਾਜ਼ਰੀ 'ਚ ਆਪਣੇ ਸੰਖੇਪ ਸੰਬੋਧਨ ਦੌਰਾਨ ਕੇਂਦਰ ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਸੰਬੰਧੀ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਬਿੱਲ ਨੂੰ ਪੰਜਾਬ ਸੂਬੇ ਅੰਦਰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਕਰੇਗੀ ਅਤੇ ਕਾਂਗਰਸ ਹਾਈ ਕਮਾਂਡ ਇਸ ਬਿੱਲ ਨੂੰ ਮਾਨਯੋਗ ਸੁਪਰੀਮ ਕੋਰਟ 'ਚ ਚੁਣੌਤੀ ਦੇਵੇਗੀ।
ਮੰਤਰੀ ਦੇ ਚਲੇ ਜਾਣ ਉਪਰੰਤ ਇਕੱਠ ਦੇ ਪ੍ਰਬੰਧਕ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਅਤੇ ਮੁਸਲਿਮ-ਸਿੱਖ ਫਰੰਟ ਆਫ ਪੰਜਾਬ ਦੇ ਮੁੱਖ ਆਗੂ ਵਸੀਮ ਸ਼ੇਖ ਨੇ ਆਪਣੇ ਸਾਥੀਆਂ ਸਮੇਤ ਆ ਕੇ ਮੁੜ ਸਟੇਜ ਸੰਭਾਲ ਲਈ। ਹਜ਼ਾਰਾਂ ਦੀ ਗਿਣਤੀ 'ਚ ਜੁੜੇ ਸ਼ਹਿਰ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਦੌਰਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਇਸ ਗੈਰ-ਸਿਆਸੀ ਪ੍ਰੋਗਰਾਮ ਨੂੰ ਸਿਆਸੀ ਲੋਕਾਂ ਵੱਲੋਂ ਹਾਈਜੈਕ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਵਿਸ਼ਾਲ ਇਕੱਠ ਦੇ ਆਯੋਜਨ ਸੰਬੰਧੀ ਗੈਰ-ਸਿਆਸੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਇਹ ਪ੍ਰੋਟੋਕੋਲ ਬਣਾਇਆ ਸੀ ਕਿ ਇਸ ਗੈਰ-ਸਿਆਸੀ ਇਕੱਠ ਦੀ ਸਟੇਜ ਤੋਂ ਕੇਵਲ ਗੈਰ-ਸਿਆਸੀ ਵਿਅਕਤੀ ਹੀ ਬੋਲਣਗੇ, ਕੋਈ ਵੀ ਸਿਆਸੀ ਆਗੂ ਇਸ ਸਟੇਜ ਤੋਂ ਸੰਬੋਧਨ ਨਹੀਂ ਕਰੇਗਾ। ਜੇਕਰ ਕੋਈ ਸਿਆਸੀ ਆਗੂ ਆਉਂਦਾ ਹੈ ਤਾਂ ਉਹ ਆਮ ਲੋਕਾਂ 'ਚ ਬੈਠੇਗਾ। ਐਡਵੋਕੇਟ ਫਾਰੂਕੀ ਅਤੇ ਵਸੀਮ ਸ਼ੇਖ ਨੇ ਬਾਅਦ 'ਚ ਜਨਤਾ ਦੀ ਹਾਜ਼ਰੀ 'ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਸਿਆਸੀ ਲੋਕਾਂ ਵੱਲੋਂ ਸਾਨੂੰ ਝੂਠੇ ਪਰਚਿਆਂ 'ਚ ਉਲਝਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਤੋਂ ਅਸੀਂ ਡਰਣ ਵਾਲੇ ਨਹੀਂ ਹਾਂ, ਪਹਿਲਾਂ ਵੀ ਸਾਡੇ 'ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਉਨ੍ਹਾ ਕਿਹਾ ਕਿ ਲੋਕ ਸਾਡੇ ਨਾਲ ਹਨ, ਲੋਕਾਂ ਦੇ ਸਹਿਯੋਗ ਨਾਲ ਹਰ ਤਰ੍ਹਾਂ ਦੇ ਸਰਕਾਰੀ ਜ਼ੁਲਮ ਦਾ ਡਟ ਕੇ ਟਾਕਰਾ ਕਰਾਂਗੇ।
ਐਡਵੋਕੇਟ ਮੂਬੀਨ ਫਾਰੂਕੀ ਅਤੇ ਵਸੀਮ ਸ਼ੇਖ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ 2019 ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਭਾਰਤੀ ਸੰਵਿਧਾਨ ਦੀ ਧਰਮ-ਨਿਰਪੱਖਤਾ ਦੀ ਮੂਲ ਭਾਵਨਾ ਦੇ ਵਿਰੁੱਧ ਹੈ। ਇਹ ਨਾ ਕੇਵਲ ਗੈਰ-ਸੰਵਿਧਾਨਿਕ ਹੈ, ਬਲਕਿ ਅਨੈਤਿਕ ਵੀ ਹੈ। ਉਨ੍ਹਾ ਕਿਹਾ ਕਿ ਇਹ ਬਿੱਲ ਸੰਵਿਧਾਨ ਦੇ ਅਨੁਛੇਦ 14, 15, 21, 25 ਅਤੇ 26 ਜਿਸ ਵਿਚ ਹਰ ਇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਅਤੇ ਧਾਰਮਿਕ ਅਜ਼ਾਦੀ ਮਿਲੀ ਹੋਈ ਹੈ, ਦੇ ਉਪਰ ਹਮਲਾ ਹੈ। ਸੰਵਿਧਾਨ 'ਚ ਮਿਲੀ ਇਸ ਅਜ਼ਾਦੀ ਦੇ ਹਿੱਤ ਸਰਕਾਰ ਜਾਂ ਸੂਬੇ, ਧਰਮ ਜਾਂ ਸੰਪਰਦਾਇ ਦੇ ਅਧਾਰ 'ਤੇ ਕਿਸੇ ਵਿਅਕਤੀ ਦੇ ਨਾਲ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕਰ ਸਕਦੇ, ਪਰੰਤੂ ਮੌਜੂਦਾ ਬਿੱਲ ਧਰਮ ਦੇ ਅਧਾਰ 'ਤੇ ਭੇਦਭਾਵ ਕਰ ਰਿਹਾ ਹੈ, ਕਿਉਂਕਿ ਇਸ ਵਿਚ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ ਹੈ, ਜੋ ਕਿ ਸੰਵਿਧਾਨ ਦੀ ਪ੍ਰਸਤਾਵਨਾ ਖਿਲਾਫ ਹੈ। ਇਸ ਮੌਕੇ ਵਿਸ਼ਾਲ ਇਕੱਠ ਵੱਲੋਂ ਰਾਸ਼ਟਰਪਤੀ ਦੇ ਨਾਂਅ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤੇ ਗਏ ਮੰਗ ਪੱਤਰ 'ਚ ਮੰਗ ਕੀਤੀ ਗਈ ਕਿ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ 2019 ਦੀਆਂ ਖਾਮੀਆਂ ਨੂੰ ਦੂਰ ਕਰਵਾਇਆ ਜਾਵੇ ਅਤੇ ਜਦੋਂ ਤੱਕ ਦੁਬਾਰਾ ਸੋਧ ਕਰਕੇ ਇਸ ਦੀਆਂ ਕਮੀਆਂ ਨੂੰ ਦੂਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਬਿੱਲ 'ਤੇ ਰੋਕ ਲਗਾਈ ਜਾਵੇ। ਇਸ ਮੌਕੇ ਮੁਫਤੀ ਖਲੀਲ ਸਾਹਿਬ, ਐਡਵੋਕੇਟ ਮੂਬੀਨ ਫਾਰੂਕੀ, ਵਸੀਮ ਸ਼ੇਖ, ਮੁਹੰਮਦ ਮਨੀਰ, ਜਮਾਤ-ਏ-ਇਸਲਾਮੀ ਦੇ ਆਗੂ ਡਾਕਟਰ ਮੁਹੰਮਦ ਇਰਸ਼ਾਦ ਸਮੇਤ ਕਈ ਹੋਰ ਗੈਰ-ਸਿਆਸੀ ਪਤਵੰਤੇ ਹਾਜ਼ਰ ਸਨ।

279 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper