Latest News
ਜਾਪਾਨੀ ਪੀ ਐੱਮ ਦਾ ਦੌਰਾ ਟਲਿਆ, ਸ਼ਾਹ ਦਾ ਮੇਘਾਲਿਆ-ਅਰੁਣਾਚਲ ਜਾਣਾ ਰੱਦ

Published on 13 Dec, 2019 11:26 AM.


ਨਵੀਂ ਦਿੱਲੀ : ਨਾਗਰਿਕਤਾ ਕਾਨੂੰਨ ਨੂੰ ਲੈ ਕੇ ਵਿਰੋਧ ਦੇ ਚਲਦਿਆਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਭਾਰਤ ਦੌਰਾ ਟਲ ਗਿਆ ਹੈ। ਉਨ੍ਹਾ ਐਤਵਾਰ ਆਉਣਾ ਸੀ ਤੇ ਗੁਹਾਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 15 ਤੋਂ 17 ਦਸੰਬਰ ਤੱਕ ਸਿਖਰ ਮਿਲਣੀ ਕਰਨੀ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੌਰਾ ਟਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਨੋਂ ਦੇਸ਼ਾਂ ਵਿਚਾਲੇ ਦੌਰਾ ਅਗਲੀਆਂ ਤਰੀਕਾਂ ਵਿਚ ਕਰਨ ਦੀ ਸਹਿਮਤੀ ਬਣੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਦੌਰਾ ਟਲਣਾ ਭਾਰਤ ਦੇ ਵਕਾਰ 'ਤੇ ਧੱਬਾ ਹੈ।
ਅਸਾਮ ਤੇ ਮੇਘਾਲਿਆ ਵਿਚ ਹੋ ਰਹੇ ਅੰਦੋਲਨ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਤਵਾਰ ਦਾ ਸ਼ਿਲਾਂਗ ਤੇ ਸੋਮਵਾਰ ਦਾ ਅਰੁਣਾਚਲ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾ ਸ਼ਿਲਾਂਗ ਨਾਰਥ-ਈਸਟ ਪੁਲਸ ਅਕੈਡਮੀ ਵਿਚ ਜਾਣਾ ਸੀ।
ਨਵੀਂ ਦਿੱਲੀ ਵਿਚ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਸੰਸਦ ਵੱਲ ਮਾਰਚ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਪੁਲਸ ਨੇ ਲਾਠੀਚਾਰਜ ਕੀਤਾ ਤੇ ਹੰਝੂ ਗੈਸ ਦੇ ਗੋਲੇ ਛੱਡੇ। ਪੁਲਸ ਨੇ ਕਿਹਾ ਕਿ ਪਥਰਾਅ ਕਾਰਨ ਉਸ ਨੇ ਇਹ ਕਾਰਵਾਈ ਕੀਤੀ। ਪੁਲਸ ਨੇ ਰੋਸ ਮਾਰਚ ਦੇ ਰਾਹ 'ਤੇ ਕਾਫੀ ਰੋਕਾਂ ਖੜ੍ਹੀਆਂ ਕੀਤੀਆਂ ਹੋਈਆਂ ਸਨ। ਪੁਲਸ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਨੇੜੇ ਹੀ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਝੜਪ ਹੋ ਗਈ। ਇਸੇ ਦੌਰਾਨ ਪੁਲਸ ਦੇ ਕਹਿਣ 'ਤੇ ਦਿੱਲੀ ਮੈਟਰੋ ਨੇ ਪਟੇਲ ਚੌਕ ਤੇ ਜਨਪਥ ਵਾਲੇ ਸਟੇਸ਼ਨਾਂ 'ਤੇ ਮੁਸਾਫਰਾਂ ਦਾ ਨਿਕਲਣਾ-ਵੜਨਾ ਵੀ ਬੰਦ ਕਰ ਦਿੱਤਾ ਸੀ।
ਉੱਤਰ-ਪੂਰਬੀ ਸੂਬਿਆਂ ਵਿਚ ਕਰਫਿਊ ਤੇ ਇੰਟਰਨੈੱਟ ਸੇਵਾ 'ਤੇ ਰੋਕ ਦੇ ਮਾਮਲੇ ਵਿਚ ਸ਼ੁੱਕਰਵਾਰ ਕੋਈ ਛੋਟ ਨਹੀਂ ਮਿਲੀ। ਲੋਕਲ ਟੀ ਵੀ ਚੈਨਲਾਂ ਵੱਲੋਂ ਕਰਫਿਊ ਵਿਚ ਸਵੇਰੇ 6 ਵਜੇ ਤੋਂ ਦਿਨੇ ਇਕ ਵਜੇ ਤੱਕ ਢਿੱਲ ਦੀ ਖਬਰ ਚਲਾਉਣ ਤੋਂ ਬਾਅਦ ਗੁਹਾਟੀ ਵਿਚ ਲੋਕਾਂ ਦੀਆਂ ਏ ਟੀ ਐੱਮ ਤੇ ਦੁਕਾਨਾਂ ਅੱਗੇ ਲਾਈਨਾਂ ਲੱਗ ਗਈਆਂ। ਲੋਕ ਰਾਸ਼ਨ ਇਕੱਠਾ ਕਰਨ ਲਈ ਭੱਜੇ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਥਿਤੀ ਛੇਤੀ ਨਾਰਮਲ ਹੋਣ ਵਾਲੀ ਨਹੀਂ। ਪੁਲਸ ਨੇ ਕਰਫਿਊ ਵਿਚ ਕਿਸੇ ਢਿੱਲ ਤੋਂ ਇਨਕਾਰ ਕੀਤਾ, ਪਰ ਲੋਕਾਂ ਨੂੰ ਕਿਹਾ ਕੁਝ ਨਹੀਂ। ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਸੱਦੇ 'ਤੇ ਕਲਾਕਾਰਾਂ, ਗਾਇਕਾਂ ਤੇ ਫਿਲਮੀ ਸਿਤਾਰਿਆਂ ਸਮੇਤ ਕਾਫੀ ਗਿਣਤੀ ਵਿਚ ਲੋਕਾਂ ਨੇ ਸਵੇਰੇ 6 ਵਜੇ ਤੋਂ 10 ਘੰਟਿਆਂ ਦਾ ਵਰਤ ਰੱਖਿਆ। ਆਲ ਆਸਾਮ ਸਟੂਡੈਂਟਸ ਯੂਨੀਅਨ ਦੇ ਮੁੱਖ ਸਲਾਹਕਾਰ ਸਮੁਜੱਲ ਭੱਟਾਚਾਰੀਆ ਨੇ ਕਿਹਾ ਕਿ ਉਹ ਦਬਾਅ ਅੱਗੇ ਨਹੀਂ ਝੁਕਣਗੇ ਤੇ ਅੰਦੋਲਨ ਜਾਰੀ ਰੱਖਣਗੇ।
ਸ਼ੁੱਕਰਵਾਰ ਅਰੁਣਾਚਲ ਦੇ ਵਿਦਿਆਰਥੀਆਂ ਨੇ ਇਮਤਿਹਾਨਾਂ ਦਾ ਬਾਈਕਾਟ ਕੀਤਾ ਤੇ ਹਜ਼ਾਰਾਂ ਵਿਦਿਆਰਥੀਆਂ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਤੋਂ ਰਾਜ ਭਵਨ ਤੱਕ 30 ਕਿਲੋਮੀਟਰ ਲੰਮਾ ਮਾਰਚ ਕੀਤਾ। ਪੱਛਮੀ ਬੰਗਾਲ ਵਿਚ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੇ ਬੇਲਦੰਗਾ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ।

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper