Latest News
ਇੱਕ ਪ੍ਰਧਾਨ, ਇੱਕ ਵਿਧਾਨ ਤੇ ਇੱਕ ਪਾਰਟੀ ਬਣਾਈ ਜਾਵੇਗੀ : ਢੀਂਡਸਾ

Published on 14 Dec, 2019 11:13 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸ਼੍ਰੋਮਣੀ ਅਕਾਲੀ ਦਲ ਦਾ 99 ਸਥਾਪਨਾ ਦਿਵਸ ਦੋ ਥਾਵਾਂ 'ਤੇ ਮਨਾਇਆ ਗਿਆ ਅਤੇ ਦੋਹਾਂ ਧਿਰਾਂ ਨੇ ਸ਼ਕਤੀ ਪ੍ਰਦਰਸ਼ਨ ਕਰ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਵੱਖ-ਵੱਖ ਧੜਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਵਿਖੇ ਮਨਾਇਆ ਜਿਸ ਦੀ ਅਗਵਾਈ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਜਿਥੇ ਬਾਦਲਾਂ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਨ , ਇੱਕ ਪ੍ਰਧਾਨ ਤੇ ਇੱਕ ਦਲ ਬਣਾਉਣ 'ਤੇ ਜ਼ੋਰ ਦਿੱਤਾ। ਢੀਂਡਸਾ ਨੇ ਕਿਹਾ ਕਿ ਜਿਹੜੇ ਅਕਾਲੀ ਆਗੂ ਬਾਦਲਾਂ ਦੀਆਂ ਧੱਕੇਸ਼ਾਹੀਆਂ ਤਂੋ ਸਤਾਏ ਘਰਾਂ ਵਿੱਚ ਬੈਠੇ ਹਨ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਅਕਾਲੀ ਦਲ ਨੂੰ ਮਜਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਧਰਮ ਤੇ ਸਾਡਾ ਸਭਿਆਚਾਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਤੇ ਉਹ ਇਸ ਦੀ ਬਹਾਲੀ ਲਈ ਹਰ ਪ੍ਰਕਾਰ ਦੇ ਯਤਨ ਕਰਨਗੇ। ਉਹਨਾਂ ਐਲਾਨ ਕੀਤਾ ਕਿ ਉਹ ਭਵਿੱਖ ਵਿੱਚ ਕੋਈ ਚੋਣ ਨਹੀ ਲੜਣਗੇ ਪਰ ਪੰਥ ਦੀ ਸੇਵਾ ਆਖਰੀ ਦਮ ਤੱਕ ਕਰਨਗੇ। ਬੇਅਦਬੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਬਾਦਲਾਂ ਨੇ ਆਪ ਤਾਂ ਬੇਅਦਬੀ ਨਹੀ ਕੀਤੀ ਪਰ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ। ਬਾਦਲ ਤੇ ਕਾਂਗਰਸ ਸਰਕਾਰ ਰਲੀ ਹੋਈ ਹੈ ਤੇ ਦੋਵੇਂ ਇੱਕ ਦੂਜੇ ਦੇ ਪੂਰਕ ਬਣੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਪਿਛਲੇ ਸਮੇਂ ਵਿਰੋਧੀ ਖੇਮਿਆ ਵਿੱਚ ਰਹੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੋਵੇਂ ਪਹਿਲੀ ਵਾਲੀ ਇੱਕ ਸਟੇਜ 'ਤੇ ਨਜ਼ਰ ਆਏ ਤੇ ਦੋਹਾਂ ਦਾ ਏਜੰਡਾ ਇੱਕੋ ਹੀ ਸੀ ਕਿ ਬਾਦਲਾਂ ਨੂੰ ਕਿਵਂੇ ਖਦੇੜਿਆ ਜਾਵੇ। ਉਨ੍ਹਾਂ ਕਿਹਾ ਕਿ ਢੀਂਡਸਾ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੱਲ ਆਪਣਾ ਧਿਆਨ ਕੇਂਦਰਿਤ ਕਰਨ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਉਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੂੰ ਇਸ ਕਰਕੇ ਬਾਦਲ ਨੇ ਅਕਾਲੀ ਦਲ ਵਿੱਚੋ ਛੇ ਸਾਲ ਲਈ ਕੱਢਵਾਇਆ ਸੀ ਕਿਉਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਸਿੱਖ ਮਸਲੇ ਹੱਲ ਕਰਨ ਲਈ ਮਨਾ ਲਿਆ ਸੀ ਤੇ ਬਾਦਲਕਿਆਂ ਨੂੰ ਖਤਰਾ ਪੈਦਾ ਹੋ ਗਿਆ ਸੀ ਕਿ ਜੇਕਰ ਮਸਲੇ ਹੱਲ ਹੋ ਗਏ ਤਾਂ ਫਿਰ ਉਹਨਾਂ ਦੀ ਪੁੱਛ ਪੜਤਾਲ ਰੁਕ ਜਾਵੇਗੀ। ਰਵੀ ਇੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪਿਛੋਕੜ ਜੇਕਰ ਫਰੋਲਿਆ ਜਾਵੇ ਤਾਂ ਉਸ ਨੂੰ ਜਿਸ ਵੀ ਪ੍ਰਧਾਨ ਨੇ ਨਾਲ ਲਗਾਇਆ ਉਸ ਨੂੰ ਹੀ ਡੰਗ ਮਾਰਿਆ ਹੈ। ਭਾਂਵੇ ਉਹ ਮਾਸਟਰ ਤਾਰਾ ਸਿੰਘ ਹੋਣ ਤੇ ਭਾਂਵੇ ਜਥੇਦਾਰ ਮੋਹਨ ਸਿੰਘ ਤੇ ਭਾਂਵੇ ਸੰਤ ਫਤਹਿ ਸਿੰਘ ਹੋਣ। ਹਰਸੁਖਇੰਦਰ ਸਿੰਘ ਬਾਦਲ ਉਰਫ ਬੱਬੀ ਬਾਦਲ ਨੇ ਕਿਹਾ ਕਿ ਅੱਜ ਇਹ ਵੀ ਐਲਾਨ ਕੀਤਾ ਜਾਵੇ ਕਿ ਬਾਦਲਾਂ ਤੇ ਮਜੀਠੀਆ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕੀਤੀ ਜਾਵੇ ਤੇ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਐਕਟਿੰਗ ਪ੍ਰਧਾਨ ਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਬਾਦਲਾਂ ਨੇ ਸਿੱਖ ਸੰਸਥਾਵਾਂ ਦਾ ਜੋ ਘਾਣ ਕੀਤਾ ਹੈ ਉਸ ਦੀ ਪੂਰਤੀ ਕਰਨੀ ਬੜੀ ਮੁਸ਼ਕਲ ਹੋਵੇਗੀ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਕਈ ਵਾਰੀ ਆਪਣੇ ਹੱਥੀ ਲਾਏ ਰੁੱਖ ਵੀ ਵੱਢਣੇ ਪੈਂਦੇ ਹਨ ਜਦੋਂ ਉਹ ਨੁਕਸਾਨਦੇਹ ਸਾਬਤ ਹੋ ਜਾਣ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਨੁਕਸਾਨ ਬਾਦਲਾਂ ਨੇ ਕਰ ਦਿੱਤਾ ਹੈ ਇੰਨਾ ਨੁਕਸਾਨ ਤਾਂ ਅਬਦਾਲੀ, ਮੀਰਮਨੂੰ ਤੇ ਨਾਦਰਸ਼ਾਹ ਵੀ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦਾ ਜਥੇਦਾਰ ਤਾਂ ਛੇਵੇਂ ਪਾਤਸ਼ਾਹ ਨੇ ਹੀ ਥਾਪ ਦਿੱਤਾ ਸੀ ਤੇ ਪੰਜ ਪਿਆਰਿਆਂ ਦੀ ਸਿਰਜਨਾ ਤਾਂ ਉਸ ਕਈ ਕਰੀਬ ਇੱਕ ਸਦੀ ਬਾਅਦ ਕੀਤੀ ਗਈ ਸੀ ਪਰ ਅੱਜ ਜਥੇਦਾਰ ਸਿਰਫ ਹੱਥ ਠੋਕਾ ਬਣ ਕੇ ਰਹਿ ਗਿਆ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਆਈਆਂ ਸੰਗਤਾਂ ਦੇ ਧੰਨਵਾਦ ਕਰਦਿਆਂ ਕਿਹਾ ਕਿ ਬਾਦਲਾਂ ਦਾ ਸਮਾਂ ਹੁਣ ਥੋੜ੍ਹਾ ਹੈ ਜਿੰਨੇ ਵਿਅਕਤੀ ਇਥੇ ਆਏ ਹਨ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ 100-100 ਬੰਦਾ ਆਪਣੇ ਨਾਲ ਹੋਰ ਜੋੜਣ ਤੇ ਜਲਦੀ ਹੀ ਉਹ ਕੌਮ ਨੂੰ ਅਗਲਾ ਪ੍ਰੋਗਰਾਮ ਦੇਣਗੇ।
ਇਸ ਤਂੋ ਬਾਅਦ ਸਮੂਹ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਚੜਦੀ ਕਲਾ ਦੀ ਅਰਦਾਸ ਕੀਤੀ। ਇਸ ਸਮੇਂ ਮਨਜੀਤ ਸਿੰਘ ਭੋਮਾ, ਜਗਰੂਪ ਸਿੰਘ ਚੀਮਾ, ਹਰਬੰਸ ਸਿੰਘ ਮੰਝਪੁਰ, ਕਰਨੈਲ ਿਸੰਘ ਪੀਰ ਮੁਹੰਮਦ, ਹਰਜੋਤ ਸਿੰਘ ਸੰਧੂ, ਮਨਿੰਦਰ ਸਿੰਘ ਧੁੰਨਾ, ਸਰਬਜੀਤ ਸਿੰਘ ਸੋਹਲ, ਮੰਨਨ, ਬਿੱਲੂ ਸਰਪੰਚ ਉਗਰ ਔਲਖ, ਬੋਨੀ ਅਜਨਾਲਾ, ਰਾਵਿੰਦਰ ਸਿੰਘ ਬ੍ਰਹਮਪੁਰਾ, ਬਲਵੰਤ ਸਿੰਘ ਨੰਗਲ ਨੇ ਵੀ ਸ਼ਮੂਲੀਅਤ ਕੀਤੀ। ਭਾਗ ਸਿੰਘ ਅਣਖੀ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਪੰਥ ਖਤਰੇ ਵਿੱਚ ਹੈ ਜਿਸ ਲਈ ਪੰਥਕ ਲੀਡਰਸ਼ਿਪ ਨੂੰ ਇੱਕਮੁੱਠ ਹੋਣ ਦੀ ਲੋੜ ਹੈ।

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper